ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਹੈ ਕਿ ਜੇ ਉਹ ਇਸ ਸਮੇਂ ਸਤਾ ਵਿੱਚ ਹੁੰਦੇ ਤਾਂ ਉਹ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਮੌਜੂਦ ਹੋਣ ਤੇ ਖੁਫ਼ੀਆ ਵਿਭਾਗ ਦੀ ਅਸਫਲਤਾ ਅਤੇ ਅਮਰੀਕਾ ਦੁਆਰਾ ਪਾਕਿਸਤਾਨ ਦੀ ਹਵਾਈ ਸੀਮਾ ਦਾ ਉਲੰਘਣ ਕੀਤੇ ਜਾਣ ਬਾਰੇ ਸਮੁਚੇ ਦੇਸ਼ ਤੋਂ ਮਾਫ਼ੀ ਮੰਗਦਾ।
ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰਫ਼ ਨੇ ਇੱਕ ਵਿਦੇਸ਼ੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਮੈਂ ਇਸ ਸਮੇਂ ਪਾਵਰ ਵਿੱਚ ਹੁੰਦਾ ਤਾਂ ਖੁਫ਼ੀਆ ਏਜੰਸੀਆਂ ਵਲੋਂ ਮਾਫ਼ੀ ਮੰਗੀ ਹੁੰਦੀ ਕਿਉਂਕਿ ਇਹ ਬਹੁਤ ਵੱਡੀ ਭੁੱਲ ਹੈ ਅਤੇ ਬਹੁਤ ਹੀ ਸ਼ਰਮਨਾਕ ਹੈ। ਮੈਂ ਇਸ ਦੇ ਨਾਲ ਹੀ ਦੇਸ਼ ਨੂੰ ਇਹ ਵੀ ਭਰੋਸਾ ਦਿਵਾਇਆ ਹੁੰਦਾ ਕਿ ਇਸ ਗੱਲ ਦੀ ਤਹਿ ਤੱਕ ਜਾਵਾਂਗੇ ਕਿ ਖੁਫ਼ੀਆ ਵਿਭਾਗ ਵਲੋਂ ਇਹ ਭੁੱਲ ਆਖਿਰ ਕਿਸ ਤਰ੍ਹਾਂ ਹੋਈ ਅਤੇ ਵਿਸ਼ਵ ਨੂੰ ਵੀ ਇਹ ਭਰੋਸਾ ਦਿਵਾਇਆ ਹੁੰਦਾ ਕਿ ਇਸ ਵਿੱਚ ਕੋਈ ਮਿਲੀਭੁਗਤ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਵਿੱਚ ਵਿਸ਼ਵਾਸ਼ ਦੀ ਕਮੀ ਹੋਣਾ ਅਤਵਾਦ ਦੇ ਖਿਲਾਫ਼ ਲੜਾਈ ਲਈ ਘਾਤਕ ਪ੍ਰਭਾਵ ਹੈ। ਮੁਸ਼ਰਫ਼ ਨੇ ਕਿਹਾ ਕਿ ਉਹ ਯਕੀਨ ਨਾਲ ਕਹਿ ਰਹੇ ਹਨ ਕਿ ਪਾਕਿਸਤਾਨ ਸਰਕਾਰ ਨੂੰ ਇਹ ਪਤਾ ਨਹੀਂ ਸੀ ਕਿ ਓਸਾਮਾ ਐਬਟਾਬਾਦ ਵਿੱਚ ਰਹਿ ਰਿਹਾ ਹੈ।
ਆਈਐਸਆਈ ਦੇ ਮੁੱਖੀ ਜਨਰਲ ਸ਼ੁਜਾ ਪਾਸਾ ਦਾ ਬਚਾਅ ਕਰਦੇ ਹੋਏ ਮੁਸ਼ਰਫ਼ ਨੇ ਕਿਹਾ ਕਿ ਜਨਰਲ ਪਾਸ਼ਾ ਇੱਕ ਬਹੁਤ ਹੀ ਯੋਗ ਅਧਿਕਾਰੀ ਹਨ ਅਤੇ ਉਮੀਦ ਕਰਦਾ ਹਾਂ ਕਿ ਉਹ ਆਈਐਸਆਈ ਦੇ ਅਹੁਦੇ ਤੇ ਬਣੇ ਰਹਿਣਗੇ। ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਬਿਲਕੁਲ ਬਕਵਾਸ ਦਸਿਆ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਲਾਦਿਨ ਐਬਟਾਬਾਦ ਦੇ ਨਜ਼ਦੀਕ ਮਨਸ਼ੇਰਾ ਦੇ ਕੋਲ ਰਹਿ ਰਿਹਾ ਸੀ।