ਲੇਖਕ : ਸ਼ਿਵਚਰਨ ਜੱਗੀ ‘ਕੁੱਸਾ’
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 144
ਸ਼ਿਵਚਰਨ ਜੱਗੀ ਕੁੱਸਾ ਹੁਣ ਤੱਕ ਸਾਹਿਤ ਦੇ ਵੱਖ-ਵੱਖ ਵਿਸ਼ਿਆਂ ‘ਤੇ ਡੇਢ ਦਰਜਨ ਕਿਤਾਬਾਂ ਲਿਖ ਚੁੱਕਾ ਹੈ। ਇਸ ਖੇਤਰ ਵਿਚ ਉਸ ਦਾ ਨਾਂਅ ਨਾਮਵਰ ਲੇਖਕਾਂ ਦੀ ਕਤਾਰ ਵਿਚ ਸ਼ਾਮਿਲ ਹੈ। ‘ਊਠਾਂ ਵਾਲੇ ਬਲੋਚ’ ਦੀਆਂ ਕਹਾਣੀਆਂ ਦੀ ਇਕ ਵੱਖਰੀ ਪਛਾਣ ਹੈ। ਹੁਣ ਤੱਕ ਉਹਦਾ ਲਿਖਿਆ ਸਾਰਾ ਸਾਹਿਤ ਮੈਂ ਪੜ੍ਹ ਚੁੱਕੀ ਹਾਂ। ਉਹ ਇਕ ਸੁਹਿਰਦ ਲੇਖਕ ਹੈ। ਹਥਲੀ ਕਿਤਾਬ ਵਿਚ ਕੁੱਲ 19 ਕਹਾਣੀਆਂ ਹਨ। ਹਰ ਕਹਾਣੀ ਜਦੋਂ ਮੈਂ ਪੜ੍ਹੀ ਤਾਂ ਅੰਤ ਤੇ ਅੰਦਰੋਂ ਇਕ ਝੁਣਝਣੀ ਦੇ ਨਾਲ ਚੀਸ ਵੀ ਉੱਠੀ। ਕਹਾਣੀਆਂ ਵਿਚ ਵਾਪਰਿਆ ਸੱਚ ਸਾਡੇ ਆਸ-ਪਾਸ ਰੋਜ਼ ਵਾਪਰਦਾ ਹੈ ਪਰ “ਸਭ ਤੋਂ ਭਿਆਨਕ ਉਹ ਅੱਖ ਹੁੰਦੀ ਹੈ ਜਿਹੜੀ ਸਭ ਕੁਝ ਵੇਖਦਿਆਂ ਹੋਇਆਂ ਵੀ ਠੰਢੀ ਜ਼ੱਖ਼ ਹੁੰਦੀ ਹੈ।” ਬਹੁਤੀਆਂ ਕਹਾਣੀਆਂ ਉਹ ਪਾਤਰਾਂ ਦੇ ਮੂੰਹੋਂ ਅਖਵਾਉਂਦਾ ਹੈ। ਉਹ ਜਦੋਂ ਗੱਲ ਕਰਦੇ ਹਨ ਤਾਂ ਇੰਜ ਜਾਪਦਾ ਹੈ ਕਿ ਸਾਡੇ ਆਸ-ਪਾਸ ਹੀ ਬੈਠੇ ਹੋਣ। ਇਸ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੌਹਾਂ ਤੱਕ ਭ੍ਰਿਸ਼ਟ ਸਮਾਜ ਨੂੰ ਨੰਗਾ ਕਰਦਾ ਉਹ ਸਫਲ ਕਹਾਣੀਕਾਰ ਹੋ ਨਿੱਬੜਦਾ ਹੈ। ਖਾਸ ਕਰਕੇ ਪੁਲਿਸ ਤੇ ਵਤਨੋਂ ਬਾਹਰ ਗਏ ਕਿਰਦਾਰਾਂ ਨੂੰ ਅਲਫ ਨੰਗਾ ਕਰਦਾ ਉਨ੍ਹਾਂ ਦੀਆਂ ਕਮੀਨਗੀਆਂ ਤੋਂ ਉਹ ਅੰਦਰ ਤੱਕ ਜਾਣੂ ਹੈ। ਕਹਾਣੀ ਉਹ ਹੁੰਦੀ ਹੈ, ਜਿਹੜੀ ਸੌਣ ਲਈ ਨਹੀਂ ਮਨੁੱਖ ਨੂੰ ਜਾਗਣ ਲਈ ਮਜਬੂਰ ਕਰੇ ਤੇ ਸ਼ਿਵਚਰਨ ਜੱਗੀ ‘ਊਠਾਂ ਵਾਲੇ ਬਲੋਚ’ ਕਿਤਾਬ ਪਾਠਕਾਂ ਦੇ ਹੱਥਾਂ ਵਿਚ ਦੇ ਕੇ ਇਸ ਘੂਕ ਸੁੱਤੇ ਚੁਗਿਰਦੇ ਨੂੰ ਜਗਾਉਣ ਲਈ ਹਮਲਾ ਮਾਰ ਰਿਹਾ ਹੈ। ਅੱਜ ਦੀ ਕਹਾਣੀ ਜਿਹੜੀ ਪਾਠਕਾਂ ਦੇ ਉਤੋਂ ਦੀ ਲੰਘ ਜਾਂਦੀ ਹੈ ਪਰ ਇਹ ਕਹਾਣੀਆਂ ਸਾਧਾਰਨ ਤੋਂ ਸਾਧਾਰਨ ਮਨੁੱਖ ਦੇ ਧੁਰ ਅੰਦਰ ਧਸ ਜਾਂਦੀਆਂ ਹਨ ਤੇ ਉਹਨੂੰ ਸਫਲ ਕਹਾਣੀਕਾਰ ਸਥਾਪਨ ਹੋਣ ਦਾ ਸਿਹਰਾ ਬੰਨ੍ਹਦੀਆਂ ਹਨ। ਇਸ ਵਿਚਲੀਆਂ ਸਾਰੀਆਂ ਕਹਾਣੀਆਂ ਵਿਚਲੇ ਇਮਾਨਦਾਰ ਲੋਕ ਗ਼ਲਤ ਕਿਰਦਾਰਾਂ ਹੱਥੋਂ ਬੁਰੀ ਤਰ੍ਹਾਂ ਠੱਗੇ ਜਾਂਦੇ ਹਨ ਤੇ ਚੁਗਿਰਦਾ ਵੀ ਕੁਝ ਨਹੀਂ ਕਰ ਸਕਿਆ। ਇਹ ਦੁਖਾਂਤ ਇਕ ਨਸੂਰ ਬਣ ਗਿਆ ਹੈ। ਸਦੀਆਂ ਬਾਅਦ ਕੋਈ ਵਧੀਆ ਕਹਾਣੀ ਪੜ੍ਹੀਦੀ ਹੈ ਤੇ ਜੱਗੀ ਕੁੱਸਾ ਦੀ ‘ਊਠਾਂ ਵਾਲੇ ਬਲੋਚ’ ਉਹਦੇ ਵਧੀਆ ਕਹਾਣੀਕਾਰ ਹੋਣ ਦਾ ਪ੍ਰਤੱਖ ਸਬੂਤ ਹੈ।
-ਬੀਬਾ ਕੁਲਵੰਤ