ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਚੀਨ ਵਿੱਚ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਹੈ। ਇਸ ਸਮੇਂ ਅਮਰੀਕਾ ਅਤੇ ਚੀਨ ਵਿੱਚ ਉਚ ਪੱਧਰੀ ਗੱਲਬਾਤ ਚਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਉਪਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੀ ਕਿ ਚੀਨ ਅਤੇ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਡੂੰਘੇ ਮੱਤਭੇਦ ਹਨ।
ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਚੀਨ ਦੀ ਦਮਨਕਾਰੀ ਨੀਤੀ ਦੀ ਹੀ ਅਲੋਚਨਾ ਨਹੀਂ ਕੀਤੀ ਸਗੋਂ ਇਹ ਵੀ ਸੰਕੇਤ ਦਿੱਤੇ ਹਨ ਕਿ ਚੀਨ ਦਾ ਮੌਜੂਦਾ ਢਾਂਚਾ ਚਰਮਰਾ ਜਾਵੇਗਾ ਅਤੇ ਲੋਕਤੰਤਰ ਆ ਕੇ ਰਹੇਗਾ। ਹਿਲਰੀ ਨੇ ਇੱਕ ਅਮਰੀਕੀ ਮੈਗਜ਼ੀਨ ਨੂੰ ਦਿੱਤੇ ਇੰਟਰਵਿਯੂ ਵਿੱਚ ਕਿਹਾ ਹੈ ਕਿ ਚੀਨ ਦੀ ਸਰਕਾਰ ਲੋਕਾਂ ਦੀ ਅਜ਼ਾਦੀ ਤੇ ਰੋਕ ਲਗਾ ਕੇ ਸਮੇਂ ਦੇ ਰੁੱਖ ਨੂੰ ਮੋੜਨ ਦੀ ਕੋਸਿ਼ਸ਼ ਕਰ ਰਹੀ ਹੈ ਜੋ ਕਿ ਸਰਾਸਰ ਨਦਾਨੀ ਹੈ। ਮੱਧਪੂਰਬ ਵਿੱਚ ਰਾਜਸੀ ਬਗਾਵਤਾਂ ਨੂੰ ਵੇਖਦੇ ਹੋਏ ਚੀਨ ਨੇ ਉਗਰ ਵਿਚਾਰਧਾਰਾ ਵਾਲਿਆਂ ਵਿਰੁੱਧ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਹਿਲਰੀ ਕਲਿੰਟਨ ਨੇ ਕਿਹਾ, “ਉਹ ਇਤਿਹਾਸ ਨੂੰ ਰੋਕਣ ਦੀ ਕੋਸਿ਼ਸ਼ ਕਰ ਰਹੇ ਹਨ, ਇਹ ਇੱਕ ਮੂਰਖਤਾਪੂਰਣ ਕੰਮ ਹੈ। ਚੀਨ ਦੀ ਸਰਕਾਰ ਇਤਿਹਾਸ ਨੂੰ ਰੋਕ ਨਹੀਂ ਸਕੇਗੀ। ਹਾਂ,ਉਸ ਨੂੰ ਰੋਕਣ ਦਾ ਯਤਨ ਜਰੂਰ ਕਰਦੀ ਰਹੇਗੀ।”ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਮਨੁੱਖੀ ਅਧਿਕਾਰਾਂ ਦਾ ਆਦਰ ਕਰਦੇ ਹਨ ਉਹ ਵੱਧ ਸਥਿਰ ਅਤੇ ਖੁਸ਼ਹਾਲ ਹੁੰਦੇ ਹਨ। ਓਬਾਮਾ ਪ੍ਰਸ਼ਾਸਨ ਪਹਿਲਾਂ ਚੀਨ ‘ਚ ਮਨੁੱਖੀ ਅਧਿਕਾਰਾਂ ਬਾਰੇ ਘੱਟ ਹੀ ਟਿਪਣੀ ਕਰਦਾ ਸੀ ਪਰ ਹੁਣ ਖੁਲ੍ਹਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ।