ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਲਾਂ ਸੰਬੰਧੀ ਆਲ ਇੰਡੀਆ ਕੋਆਰਡੀਨੇਟਰ ਖੋਜ ਪ੍ਰੋਜੈਕਟ ਅਧੀਨ ਸਾਲਾਨਾ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਉੱਘੇ ਫ਼ਸਲ ਵਿਗਿਆਨੀ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮੁੱਚੇ ਵਿਸ਼ਵ ਵਿੱਚ ਇਸ ਵੇਲੇ ਸਾਲਾਨਾ 60 ਮਿਲੀਅਨ ਟਨ ਦਾਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਭਾਰਤ ਦਾ ਹਿੱਸਾ ਸਭ ਤੋਂ ਵੱਡਾ ਹੈ ਪਰ ਨਾਲ ਹੀ ਖਪਤ ਵੀ ਸਭ ਤੋਂ ਜ਼ਿਆਦਾ ਭਾਰਤ ਵਿੱਚ ਹੀ ਹੈ। ਉਨ੍ਹਾਂ ਆਖਿਆ ਕਿ ਭਾਰਤ ਵਿੱਚ 23.35 ਮਿਲੀਅਨ ਹੈਕਟੇਅਰ ਰਕਬੇ ਅੰਦਰ 14.6 ਮਿਲੀਅਨ ਟਨ ਦਾਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਔਸਤ ਝਾੜ 625 ਕਿਲੋਗਰਾਮ ਪ੍ਰਤੀ ਹੈਕਟੇਅਰ ਬਣਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਸਾਲਾਨਾ ਪੰਜ ਲੱਖ ਟਨ ਦਾਲਾਂ ਦੀ ਲੋੜ ਹੈ ਪਰ ਇਸ ਵੇਲੇ ਉਪਜ ਕੇਵਲ 70 ਹਜ਼ਾਰ ਟਨ ਦਾਲਾਂ ਦੀ ਹੀ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਉਦਯੋਗ ਅਤੇ ਪ੍ਰੋਸੈਸਿੰਗ ਇਕਾਈਆਂ ਨੂੰ ਇਸ ਪਾਸੇ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਦਾਲਾਂ ਦੀ ਕਾਸ਼ਤ ਅਧੀਨ ਰਕਬਾ ਵਧਾ ਕੇ ਇਸ ਨੂੰ ਕਮਾਈ ਵਾਲੀ ਫ਼ਸਲ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਸੰਬੰਧੀ ਲੋੜੀਂਦੀਆਂ ਮਸ਼ੀਨਾਂ ਅਤੇ ਬੀਜਾਈ ਉਪਰੰਤ ਹੋਣ ਵਾਲੇ ਖਤਰਿਆਂ ਤੋਂ ਮੁਕਤੀ ਲਈ ਫ਼ਸਲ ਬੀਮਾ ਯੋਜਨਾ ਵੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਦਾਲਾਂ ਕੁਲ ਫ਼ਸਲਾਂ ਦੀ ਸਿਰਤਾਜ ਮੰਨੀਆਂ ਜਾਂਦੀਆਂ ਹਨ ਅਤੇ ਯੂਨੀਵਰਸਿਟੀ ਵੱਲੋਂ ਵਿਕਸਤ ਮੂੰਗੀ ਦੀ ਕਿਸਮ ਐਸ ਐਮ ਐਲ 668 ਕਿਸਾਨਾਂ ਵਿੱਚ ਹਰਮਨ ਪਿਆਰੀ ਹੈ। ਉਨ੍ਹਾਂ ਆਖਿਆ ਕਿ ਮਾਂਹ ਦੀ ਕਿਸਮ ਮਾਸ਼ 479 ਦੀ ਕਾਸ਼ਤ ਵੀ ਉੱਤਰ ਪੱਛਮੀ ਜ਼ੋਨ ਵਿੱਚ ਸਾਲ 2010 ਤੋਂ ਸਿਫਾਰਸ਼ ਕੀਤੀ ਗਈ ਹੈ। ਇਹ ਵਿਚਾਰ ਗੋਸ਼ਟੀ ਦਾਲਾਂ ਸੰਬੰਧੀ ਭਾਰਤੀ ਖੋਜ ਇੰਸਟੀਚਿਊਟ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਦੇ ਮਾਹਿਰਾਂ ਤੋਂ ਇਲਾਵਾ ਨਿੱਜੀ ਬੀਜ ਕੰਪਨੀਆਂ ਦੇ ਮਾਹਿਰ ਵੀ ਹਿੱਸਾ ਲੈ ਰਹੇ ਹਨ।
ਦਾਲਾਂ ਸੰਬੰਧੀ ਕੌਮੀ ਇੰਸਟੀਚਿਊਟ ਕਾਨਪੁਰ ਦੇ ਡਾਇਰੈਕਟਰ ਡਾ: ਐਨ ਨਾਡਾਰਾਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਾਲਾਂ ਸੰਬੰਧੀ ਖੋਜ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਰਵੋਤਮ ਹੈ ਅਤੇ ਇਥੇ ਮੂੰਗੀ ਅਤੇ ਮਾਂਹ ਦੀਆਂ ਕਿਸਮਾਂ ਦੇ ਵਿਕਾਸ ਲਈ ਔਸਤ ਨਾਲੋਂ ਕਿਤੇ ਚੰਗਾ ਖੋਜ ਕਾਰਜ ਹੋਇਆ ਹੈ। ਉਨ੍ਹਾਂ ਆਖਿਆ ਕਿ ਦਾਲਾਂ ਨੂੰ ਦੇਸ਼ ਦੇ ਵੱਖ-ਵੱਖ ਮੌਸਮੀ ਖੇਤਰਾਂ ਮੁਤਾਬਕ ਕਾਸ਼ਤ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਭਾਰਤ ਖੇਤੀ ਖੋਜ ਪ੍ਰੀਸ਼ਦ ਦੇ ਯਤਨਾਂ ਸਦਕਾ ਖੋਜੀ ਅਤੇ ਕਿਸਾਨ ਹਿੰਮਤ ਕਰਕੇ ਭਾਰਤ ਵਿੱਚ 17.2 ਮਿਲੀਅਨ ਟਨ ਦਾਲਾਂ ਦਾ ਰਿਕਾਰਡ ਉਤਪਾਦਨ ਕਰ ਸਕੇ ਹਨ। ਉਨ੍ਹਾਂ ਆਖਿਆ ਕਿ ਦਾਲਾਂ ਨੂੰ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਸਰਵਪੱਖੀ ਕੀਟ ਕੰਟਰੋਲ ਵਿਧੀ ਵਰਤਣ ਦੀ ਲੋੜ ਹੈ।
ਭਾਰਤ ਵਿੱਚ ਦਾਲਾਂ ਦੀ ਉਤਪਾਦਨ ਸਥਿਤੀ ਬਾਰੇ ਵਿਚਾਰ ਪ੍ਰਗਟ ਕਰਦਿਆਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ (ਬੀਜ) ਡਾ: ਜੀਤ ਸਿੰਘ ਸੰਧੂ ਨੇ ਆਖਿਆ ਕਿ ਇਸ ਵੇਲੇ ਦੇਸ਼ ਅੰਦਰ ਬੀਜ ਵਾਧੇ ਅਤੇ ਹਰ ਵਰ੍ਹੇ ਬੀਜ ਤਬਾਦਲੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਪੁਰਾਣੀਆਂ ਕਿਸਮਾਂ ਦਾ ਝਾੜ ਹੌਲੀ ਹੌਲੀ ਘਟ ਰਿਹਾ ਹੈ ਅਤੇ ਬੀਮਾਰੀਆਂ ਕੀੜੇ ਵੀ ਵੱਧ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਾਲਾਂ ਦੀਆਂ ਨਵੀਆਂ ਕਿਸਮਾਂ ਨੂੰ ਅਪਣਾਇਆ ਜਾਵੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਤੀਕ 53 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਅਤੇ ਕੌਮੀ ਪੱਧਰ ਤੇ ਦਾਲਾਂ ਦੇ ਉਤਪਾਦਨ ਵਿੱਚ ਇਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ । ਉਨ੍ਹਾਂ ਆਖਿਆ ਕਿ ਦਾਲਾਂ ਨੂੰ ਕੀੜੇ ਮਕੌੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਵੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਨੂੰ ਕਿਸਾਨਾਂ ਨੇ ਅਪਣਾਇਆ ਹੈ। ਵਧਦੀ ਆਬਾਦੀ ਕਾਰਨ ਦਾਲਾਂ ਦੀਆਂ ਕੀਮਤਾਂ ਵਧਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਮੌਸਮੀ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੂੰਗੀ ਅਤੇ ਮਾਂਹ ਦੀਆਂ ਅਜਿਹੀਆਂ ਕਿਸਮਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਜੋ ਥੋੜ੍ਹੇ ਸਮੇਂ ਵਿੱਚ ਘੱਟ ਪਾਣੀ ਨਾਲ ਪਲ ਕੇ ਵਧੇਰੇ ਝਾੜ ਦੇਣ।
ਦਾਲਾਂ ਅਤੇ ਤੇਲ ਬੀਜਾਂ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਸਿਸਟੈਂਟ ਡਾਇਰੈਕਟਰ ਜਨਰਲ ਡਾ: ਬੀ ਬੀ ਸਿੰਘ ਨੇ ਆਖਿਆ ਕਿ ਕੌਮੀ ਪੱਧਰ ਤੇ ਮੂੰਗੀ ਅਤੇ ਮਾਂਹ ਦੀ ਉਪਜ ਦੀਆਂ ਸੰਭਾਵਨਾਵਾਂ ਵਧੇਰੇ ਹਨ। ਉਨ੍ਹਾਂ ਆਖਿਆ ਕਿ ਕੌਮੀ ਪੱਧਰ ਤੇ ਦਾਲਾਂ ਸੰਬੰਧੀ ਖੋਜ ਪਸਾਰ ਪ੍ਰੋਗਰਾਮ ਬੜਾ ਮਜ਼ਬੂਤ ਉਲੀਕਿਆ ਗਿਆ ਹੈ ਅਤੇ ਇਸਦਾ ਲਾਭ ਕਿਸਾਨਾਂ ਤੀਕ ਪਹੁੰਚਣਾ ਚਾਹੀਦਾ ਹੈ। ਅੱਜ ਦੋ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਦਾਲਾਂ ਦੀਆਂ ਕਿਸਮਾਂ ਵਿਕਸਤ ਕਰਨ ਅਤੇ ਕਾਸ਼ਤਕਾਰੀ ਢੰਗਾਂ ਬਾਰੇ ਵੱਖ-ਵੱਖ ਮੌਸਮੀ ਖੇਤਰਾਂ ਮੁਤਾਬਕ ਵਿਚਾਰ ਚਰਚਾ ਕੀਤੀ ਗਈ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਸੁਆਗਤੀ ਸ਼ਬਦ ਬੋਲਦਿਆਂ ਆਖਿਆ ਕਿ ਦਾਲਾਂ ਜਿਥੇ ਉਪਜ ਦਿੰਦੀਆਂ ਹਨ ਉਥੇ ਧਰਤੀ ਦੀ ਸਿਹਤ ਸੰਭਾਲ ਵਿੱਚ ਵੀ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਡਾ: ਬੀ ਬੀ ਸਿੰਘ ਅਤੇ ਡਾ: ਜੀਤ ਸਿੰਘ ਸੰਧੂ ਨੁੰ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਰੰਭ ਕੀਤਾ।
ਦਾਲਾਂ ਬਾਰੇ ਤਿੰਨ ਰੋਜ਼ਾ ਕੌਮੀ ਵਿਚਾਰ ਗੋਸ਼ਟੀ ਖੇਤੀ ਵਰਸਿਟੀ ਵਿੱਚ ਸ਼ੁਰੂ
This entry was posted in ਖੇਤੀਬਾੜੀ.