ਬਰਿਸਟਲ – ਲੰਡਨ ਤੋਂ ਪਹਿਲਾਂ ਇੰਗਲੈਂਡ ਦੀ ਰਾਜਧਾਨੀ ਰਹੇ ਇਸ ਪਰਾਚੀਨ ਨਗਰ ਵਿਚ ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਦੇ ਨਗਰ ਕੀਰਤਨ ਸਬੰਧੀ ਬੜੀਆਂ ਰੌਣਕਾਂ ਰਹੀਆਂ; ਸਾਰੇ ਗੁਰਦੁਆਰਿਆਂ ਵਿਚ ਧਾਰਮਿਕ ਦੀਵਾਨ ਭਾਵੇਂ 13 ਅਪਰੈਲ ਅਤੇ 17 ਅਪਰੈਲ ਨੂੰ ਸਜਾਏ ਗਏ ਸਨ ਪਰ ਨਗਰ ਦਾ ਸਭ ਤੋਂ ਮਹੱਤਵਪੂਰਣ ਸਮਾਗਮ ਇਥੇ ਹਰ ਸਾਲ ਕੱਢਿਆ ਜਾਣਾ ਵਾਲਾ ਨਗਰ ਕੀਰਤਨ ਹੀ ਸੀ ਜਿਹੜਾ ਨਗਰ ਦੇ ਵੱਖ ਵੱਖ ਗੁਰਦੁਆਰਿਆਂ ਵੱਲੋਂ ਸਾਝੇ ਤੌਰ ਤੇ ਕੱਢਿਆ ਜਾਂਦਾ ਹੈ। ਇਹ ਨਗਰ ਕੀਰਤਨ ਐਤਵਾਰ ਦੇ ਦਿਨ ਗੁਰਦੁਆਰਾ ਸਾਹਿਬ ਤੋਂ ਚਲ ਕੇ ਬਰਿਸਟਲ ਦੇ ਦਿਲ ਵਜੋਂ ਜਾਣੇ ਜਾਂਦੇ ‘ਕਾਲਜ ਗਰੀਨ’ ਦੇ ਮੈਦਾਨ ਵਿਚ ਸੰਪੂਰਨ ਹੋਇਆ। ਕਾਲਜ ਗਰਨਿ ਇੰਗਲੈਂਡ ਦੇ ਅਤੇ ਖਾਲਸੇ ਦੇ ਨੀਲੇ ਤੇ ਪੀਲੇ ਝੰਡਿਆਂ ਨਾਲ ਸਜਿਆ ਹੋਇਆ ਸੀ। ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਜਲੂਸ ਦੇ ਰੁਪ ਵਿਚ ਇਥੇ ਪੁੱਜੀਆਂ। ਇਸ ਨਗਰ ਕੀਰਤਨ ਵਿਚ ਨਗਰ ਦੀ ਸਿੱਖ ਜਨਸੰਖਿਆ ਦਾ ਤਿੰਨ ਚੌਥਾਈ ਹਿੱਸਾ, ਯਾਨਿ ਦੋ ਹਜ਼ਾਰ ਤੋਂ ਵਧ ਸੰਗਤਾਂ ਸ਼ਾਮਿਲ ਹੋਈਆਂ; ਹਰ ਪਾਸੇ ਪੱਗਾਂ ਦਾ, ਵਿਸ਼ੇਸ਼ ਕਰ ਕੇ ਨੀਲੀਆਂ ਤੇ ਕਾਲੀਆਂ ਪੱਗਾਂ ਦਾ, ਹੜ ਆਇਆ ਹੋਇਆ ਸੀ। ਇਸ ਨਗਰ ਕੀਰਤਨ ਵਿਚ ਕੌਲਿਨ ਸਮਿਥ ਮੇਅਰ ਬਰਿਸਟਲ ਸ਼ਹਿਰ, ਜੌਹਨ ਕੌਟਰਿਲ ਪੁਲਸ ਦੇ ਹਾਈ ਸ਼ੈਰਿਫ਼, ਐਂਡੀ ਫ਼ਲਿੰਚ ਡਿਪਟੀ ਲਾਰਡ ਲੈਫ਼ਟੀਨੈਂਟ, ਜੂਡਿਥ ਪਰਾਈਜ਼ ਲੇਡੀ ਸ਼ੈਰਿਫ਼, ਸ਼੍ਰੋਮਣੀ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ, ਸ਼ਹਿਰ ਦੇ ਦਰਜਨ ਤੋਂ ਵਧ ਸਰਕਾਰੀ ਅਫ਼ਸਰ, ਕੌਂਸਲਰ ਅਤੇ ਦਰਜਨਾਂ ਹੋਰ ਅਫ਼ਸਰ ਉਚੇਚੇ ਤੌਤ ਤੇ ਸ਼ਾਮਿਲ ਹੋਏ। ਨਗਰ ਦੇ ਸਾਰੇ ਗੁਰਦੁਆਰਿਆਂ ਦੇ ਮੁਖੀ ਆਗੂ ਵੀ ਪੁੱਜੇ ਹੋਏ ਸਨ। ਨਗਰ ਕੀਰਤਨ ਦੀ ਸਮਾਪਪਤੀ ਮਗਰੋਂ ਕਾਲਜ ਗਰੀਨ ਦੀ ਗਰਾਊਂਡ ਵਿਚ ਲਗੀ ਵਿਸ਼ੇਸ਼ ਸਟੇਜ ਤੋਂ ਪ੍ਰਮੁਖ ਹਸਤੀਆਂ ਨੇ ਵਿਸਾਖੀ ਦੇ ਮਹੱਤਵ ਬਾਰੇ ਭਰਪੂਰ ਚਾਨਣ ਪਾਇਆ।
ਬਰਿਸਟਲ ਵਿਚ ਆਲੀਸ਼ਾਨ ਵਿਸਾਖੀ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ: ਸ਼ਹਿਰ ਖਾਲਸਾਈ ਝੰਡਿਆਂ ਨਾਲ ਰੰਗਿਆ ਗਿਆ
This entry was posted in ਅੰਤਰਰਾਸ਼ਟਰੀ.