ਕਾਬੁਲ- ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਆਉਣ ਵਾਲੇ ਕੁਝ ਸਾਲਾਂ ਵਿੱਚ 50 ਕਰੋੜ ਅਮਰੀਕੀ ਡਾਲਰ ਦੀ ਮਦਦ ਕਰੇਗਾ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਦੋ ਦਿਨ ਦੇ ਅਫ਼ਗਾਨਿਸਤਾਨ ਦੇ ਦੌਰੇ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਸੁੱਖ-ਦੁੱਖ ਵਿੱਚ ਭਾਰਤ ਅਫ਼ਗਾਨਿਸਤਾਨ ਦਾ ਸਾਥ ਦਿੰਦਾ ਰਹੇਗਾ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅੱਤਵਾਦ ਵਰਗੀ ਲਾਹਨਤ ਨੂੰ ਖਤਮ ਕਰਨ ਲਈ ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਮਿਲਕੇ ਕੰਮ ਕਰਨਾ ਹੋਵੇਗਾ। ਇਸ ਖੇਤਰ ਦੇ ਦੇਸ਼ਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਦਹਿਸ਼ਤਗਰਦਾਂ ਨਾਲ ਨਜਿਠਣ ਲਈ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਓਸਾਮਾ ਦੇ ਐਬਟਾਬਾਦ ਵਿੱਚ ਲੰਬੇ ਸਮੇਂ ਤੋਂ ਮੌਜੂਦਗੀ ਬਾਰੇ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਰਾਸ਼ਟਰਪਤੀ ਭਵਨ ‘ਦਾ ਅਰਗ’ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਜੋਰਦਾਰ ਸਵਾਗਤ ਕੀਤਾ। ਰਾਸ਼ਟਰਪਤੀ ਕਰਜ਼ਈ ਨੇ ਡਾ: ਮਨਮੋਹਨ ਸਿੰਘ ਨੂੰ ਕਿਹਾ, “ਅਫ਼ਗਾਨਿਸਤਾਨ ਦੇ ਲੋਕਾਂ ਲਈ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਉਨ੍ਹਾਂ ਦੇ ਦੂਸਰੇ ਘਰ ਵਿੱਚ ਸਵਾਗਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ।” ਪ੍ਰਧਾਨਮੰਤਰੀ ਨੇ ਵੀ ਇਹ ਭਰੋਸਾ ਦਿਵਾਇਆ ਕਿ ਉਹ ਹਰ ਦੁੱਖ-ਸੁੱਖ ਵਿੱਚ ਅਫ਼ਗਾਨਿਸਤਾਨ ਦੇ ਲੋਕਾਂ ਦੇ ਨਾਲ ਅਟੱਲ ਖੜ੍ਹੇ ਹਨ।
ਰਾਸ਼ਟਰਪਤੀ ਹਾਮਿਦ ਕਰਜ਼ਈ ਵਲੋਂ ਪ੍ਰਧਾਨਮੰਤਰੀ ਦੇ ਸਨਮਾਨ ਵਿੱਚ ਦਿੱਤੇ ਗਏ ਭੋਜਨ ਦੌਰਾਨ ਡਾ: ਮਨਮੋਹਨ ਸਿੰਘ ਨੇ ਕਿਹਾ,”ਅਫ਼ਗਾਨਿਸਤਾਨ ਸਾਡਾ ਗਵਾਂਢੀ ਹੀ ਨਹੀਂ ਸਗੋਂ ਬਹੁਤ ਹੀ ਖਾਸ ਦੋਸਤ ਹੈ। ਯੁਧ ਤੋਂ ਪ੍ਰਭਾਵਿਤ ਰਿਹਾ ਇਹ ਦੇਸ਼ ਆਪਣੇ ਸਮਾਜ, ਅਰਥਵਿਵਸਥਾ ਅਤੇ ਨੀਤੀਆਂ ਦੇ ਨਿਰਮਾਣ ਲਈ ਭਾਰਤ ਤੇ ਭਰੋਸਾ ਕਰ ਸਕਦਾ ਹੈ। ਅਸੀਂ ਸ਼ਾਂਤੀਪੂਰਣ, ਸਥਿਰ, ਲੋਕਤੰਤਰਿਕ ਅਤੇ ਬਹੁਲਵਾਦੀ ਅਫ਼ਗਾਨਿਸਤਾਨ ਨੂੰ ਵੇਖਣਾ ਚਾਹੁੰਦੇ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਨੇ ਬਹੁਤ ਦੁੱਖ ਝਲੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਹਿੰਸਾ ਤੇ ਲਗਾਮ ਕਸੀ ਜਾਵੇ। ਇਸ ਦੋ ਦਿਨ ਦੀ ਯਾਤਰਾ ਤੇ ਪ੍ਰਧਾਨਮੰਤਰੀ ਦੇ ਨਾਲ ਉਨ੍ਹਾਂ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਿਵਸ਼ੰਕਰ ਮੈਨਨ, ਵਿਦੇਸ਼ ਸਕੱਤਰ ਨਿਰੂਪਮਾ ਰਾਵ ਅਤੇ ਹੋਰ ਵੀ ਕਈ ਉਚ ਅਧਿਕਾਰੀ ਆਏ ਹਨ।