ਲੁਧਿਆਣਾ:-ਭਾਰਤ ਵਿੱਚ ਚਿੱਲੀ ਦੇਸ਼ ਦੇ ਖੇਤੀਬਾੜੀ ਅਤੇ ਵਪਾਰਕ ਸਲਾਹਕਾਰ ਸ਼੍ਰੀ ਰੋਡਰੀਗੋ ਗਲਾਰਡੋ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਚਿੱਲੀ ਅਤੇ ਭਾਰਤ ਵਰਗੇ ਦੇਸ਼ਾਂ ਦਾ ਆਪਸੀ ਸਹਿਯੋਗ ਭਵਿੱਖ ਵਿੱਚ ਵਿਸ਼ਵ ਖੁਰਾਕ ਦੀ ਸਲਾਮਤੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਚਿੱਲੀ ਵਿੱਚ ਛੇ ਖੇਤੀਬਾੜੀ ਯੂਨੀਵਰਸਿਟੀਆਂ ਇਸ ਵੇਲੇ ਕਾਰਜਸ਼ੀਲ ਹਨ ਅਤੇ ਉਹ ਭਾਰਤੀ ਯੂਨੀਵਰਸਿਟੀਆਂ ਵਿਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਹਿਯੋਗ ਕਰਨਾ ਚਾਹੁੰਦੀਆਂ ਹਨ ਕਿਉਂਕਿ ਖੇਤੀਬਾੜੀ ਖੋਜ ਅਤੇ ਪਸਾਰ ਵਿੱਚ ਇਸ ਯੂਨੀਵਰਸਿਟੀ ਨੇ ਵਿਸ਼ਵ ਪਛਾਣ ਹਾਸਿਲ ਕੀਤੀ ਹੈ। ਉਨ੍ਹਾਂ ਆਖਿਆ ਕਿ ਚਿੱਲੀ ਵਿੱਚ ਅੰਗੂਰ, ਨਿੰਬੂ ਜਾਤੀ ਫ਼ਲ, ਬਲਿਊ ਬੈਰੀਜ਼, ਰਸਭਰੀਆਂ ਅਤੇ ਵੰਨ ਸਵੰਨੀਆਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਕਟਾਈ ਉਪਰੰਤ ਸੰਭਾਲ ਵਿੱਚ ਉਨ੍ਹਾਂ ਨੂੰ ਸਹਿਯੋਗ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਖੇਤੀ ਸੰਬੰਧੀ ਹੋਰ ਸਮੱਸਿਆਵਾਂ ਬਾਰੇ ਸਾਨੂੰ ਸੁਚੇਤ ਕਰ ਸਕਦੀ ਹੈ।
ਸ਼੍ਰੀ ਗਲਾਰਡੋ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਬੇਸਿਕ ਸਾਇੰਸ ਕਾਲਜ ਦੇ ਡੀਨ ਡਾ: ਪੀ ਕੇ ਖੰਨਾ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਅਤੇ ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨਾਲ ਵਿਚਾਰ ਵਟਾਂਦਰਾ ਕੀਤਾ। ਡਾ: ਮਹੇ ਨੇ ਵਿਸਵਾਸ਼ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਕੌਮੀ ਨੀਤੀ ਦੇ ਫਰੇਮ ਵਿੱਚ ਰਹਿੰਦਿਆਂ ਚਿੱਲੀ ਨਾਲ ਦੁਵੱਲਾ ਸਹਿਯੋਗ ਕੀਤਾ ਜਾ ਸਕਦਾ ਹੈ ਜਿਸ ਤੋਂ ਦੋਵੇਂ ਦੇਸ਼ ਲਾਭ ਉਠਾਉਣ। ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਖੇਤੀ ਗਿਆਨ ਪਸਾਰ ਦੇ ਸਾਰੇ ਢੰਗ ਤਰੀਕੇ ਅਸਰਦਾਰ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਕਿਸਾਨ ਮੇਲੇ, ਵਰਕਸ਼ਾਪਾਂ, ਸਿਖਲਾਈ ਕੋਰਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਦਿੱਤੀ ਜਾ ਰਹੀ ਸਿਖਲਾਈ ਕਿਸਾਨ ਭਰਾਵਾਂ ਦਾ ਭਲਾ ਕਰ ਰਹੀ ਹੈ। ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰਾਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਨੂੰ ਵੀ ਕਿਸਾਨ ਬਹੁਤ ਪੜ੍ਹਦੇ ਹਨ। ਡਾ: ਗੋਸਲ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਦਸਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੁਣ ਤੀਕ 700 ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਦੇ ਸੰਗਠਨ ਢਾਂਚੇ ਬਾਰੇ ਰੋਡਰੀਗੋ ਗਲਾਰਡੋ ਨੂੰ ਜਾਣਕਾਰੀ ਦਿੱਤੀ। ਸ਼੍ਰੀ ਗਲਾਰਡੋ ਨੇ ਫ਼ਸਲਾਂ ਦੇ ਅਜਾਇਬ ਘਰ ਤੋਂ ਇਲਾਵਾ ਪੇਂਡੂ ਸਭਿਆਚਾਰ ਦਾ ਅਜਾਇਬ ਘਰ ਵੀ ਬੜੀ ਗਹੁ ਨਾਲ ਵੇਖਿਆ।