ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਪੱਤਰਕਾਰਾਂ ਨਾਲ ਇਕ ਰਸਮੀ ਮੁਲਾਕਾਤ ਦੌਰਾਨ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਾ ਰਕਾਬ ਗੰਜ ਦੇ ਕੰਪਲੈਕਸ ਦੇ ਸਰਵ-ਪੱਖੀ ਵਿਕਾਸ ਨੂੰ ਮੁਖ ਰੱਖਦਿਆਂ ਉਲੀਕੀ ਹੋਈ ਯੋਜਨਾ ਦੇ ਪ੍ਰਮੁਖ ਪੱਖਾਂ ਨੂੰ ਨਜ਼ਰ-ਅੰਦਾਜ਼ ਕਰਕੇ ਕੇਵਲ ਵਿਰੋਧੀਆਂ ਵਲੋਂ ਬਹੁ-ਮੰਜ਼ਲੀ ਕਾਰ-ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਸ਼ੋਰ ਮਚਾਇਆ ਅਤੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੋਈ ਵੀ ਵਿਅਕਤੀ ਜੋ ਥੋੜੀ-ਬਹੁਤ ਸਮਝ ਰੱਖਦਾ ਹੈ, ਇਸ ਗੱਲ ਨੂੰ ਬਖੂਬੀ ਸਮਝ ਸਕਦਾ ਹੈ, ਕਿ ਵਿਕਾਸ ਪ੍ਰੋਜੈਕਟ ਲਈ ਜੋ 350 ਕਰੋੜ ਰੁਪਏ ਦਾ ਬਜਟ ਨਿਸ਼ਚਿਤ ਕੀਤਾ ਗਿਆ ਹੋਇਆ ਹੈ, ਉਹ ਕੇਵਲ ਕਾਰ-ਪਾਰਕਿੰਗ ਦੇ ਨਿਰਮਾਣ ਲਈ ਹੀ ਹੋ ਸਕਦਾ। ਇਹ ਤਾਂ ਉਸ ਦਾ ਇਕ ਛੋਟਾ ਜਿਹਾ ਹੀ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਜਿਥੋਂ ਤਕ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਸਰਵ-ਪੱਖੀ ਵਿਕਾਸ-ਯੋਜਨਾ ਦਾ ਸਬੰਧ ਹੈ, ਇਸਦਾ ਵਿਚਾਰ, ਉਸ ਸਮੇਂ ਆਇਆ, ਜਦੋਂ ਇਹ ਮਹਿਸੂਸ ਕੀਤਾ ਗਿਆ ਕਿ ਗੁਰਦੁਆਰਾ ਕੰਪਲੈਕਸ ਦਾ ਇਕ ਵੱਡਾ ਹਿੱਸਾ ਅਣਵਰਤਿਆ ਚਲਿਆ ਆ ਰਿਹਾ ਹੈ, ਜਦਕਿ ਇਥੇ ਮਨਾਏ ਜਾਂਦੇ ਪੁਰਬ ਤੇ ਹੋਰ ਕੀਤੇ ਜਾਂਦੇ ਸਮਾਗਮਾਂ ਦੇ ਸਮੇਂ ਸੰਗਤਾਂ ਦੀ ਵੱਧ ਰਹੀ ਹਾਜ਼ਰੀ ਦੇ ਮੱਦੇਨਜ਼ਰ ਨਾ-ਕੇਵਲ ਵਰਤਮਾਨ ਏਅਰ-ਕੰਡੀਸ਼ੰਡ ਲੱਖੀ ਸ਼ਾਹ ਵਣਜਾਰਾ ਹਾਲ ਦਿਨ-ਬ-ਦਿਨ ਛੋਟਾ ਪੈਂਦਾ ਜਾ ਰਿਹਾ ਹੈ, ਅਤੇ ਗੁਰਦੁਆਰਾ ਸਾਹਿਬ ਤੋਂ ਦੋ-ਦੋ ਕਿਲੋਮੀਟਰ ਦੀ ਦੂਰੀ ਤਕ ਵੀ ਕਾਰ-ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ। ਇਤਨੀ ਦੂਰੋਂ ਬੀਬੀਆਂ ਅਤੇ ਬੱਚਿਆਂ ਨੂੰ ਪੈਦਲ ਚੱਲ ਕੇ ਸਮਾਗਮ ਸਥਾਨ ਤੇ ਪੁੱਜਣਾ ਪੈਂਦਾ ਹੈ। ਇਸ ਦੇ ਨਾਲ ਇਹ ਵੀ ਵੇਖਣ ਨੂੰ ਮਿਲਣ ਲੱਗਾ ਸੀ ਕਿ ਜਿਉਂ-ਜਿਉਂ ਸਿੱਖ ਪੰਜਾਬ ਅਤੇ ਦੇਸ਼ ਦੇ ਦੂਜੇ ਹਿੱਸਿਆਂ ਤੋਂ ਬਾਹਰ ਨਿਕਲ ਵੱਖ-ਵੱਖ ਦੇਸ਼ਾਂ ਵਿਚ ਜਾ ਵਸ ਰਹੇ ਹਨ ਅਤੇ ਆਪਣੀ ਅਣਥੱਕ ਮਿਹਨਤ, ਲਗਨ ਅਤੇ ਸੇਵਾ ਭਾਵਨਾ ਨਾਲ ਉਥੋਂ ਦੇ ਭਾਈਚਾਰੇ ਦਾ ਅੰਗ ਬਣਦੇ ਜਾ ਰਹੇ ਹਨ। ਤਿਉਂ-ਤਿਉਂ ਦੇਸ਼-ਵਿਦੇਸ਼ ਦੇ ਰਿਸਰਚ ਸਕਾਲਰਾਂ ਵਿਚ ਸਿੱਖ-ਧਰਮ ਅਤੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਨਣ ਦੀ ਰੁਚੀ ਵੱਧ ਰਹੀ ਹੈ।
ਸ. ਸਰਨਾ ਨੇ ਦੱਸਿਆ ਕਿ ਇਨ੍ਹਾਂ ਅਤੇ ਭੱਵਿਖ ਦੀਆਂ ਹੋਰ ਲੋੜਾਂ ਨੂੰ ਮਹਿਸੂਸ ਕਰਦਿਆਂ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ ਲਈ ਮਾਸਟਰ-ਪਲਾਨ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਉਦੇਸ਼ ਲਈ ਹਾਂਗਕਾਂਗ, ਸਿੰਗਾਪੁਰ ਅਤੇ ਲੰਦਨ ਦੇ ਨਾਮੀ ਆਰਕੀਟੈਕਟਾਂ ਦੀ ਟੀਮ ਨੂੰ ਸੱਦਾ ਦਿੱਤਾ ਗਿਆ। ਸਭ ਤੋਂ ਪਹਿਲਾਂ ਉਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਹਿਤ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾਈ ਗਈ ਤਾਂ ਜੋ ਉਹ ਸਿੱਖ-ਇਤਿਹਾਸ ਤੇ ਧਰਮ ਦੀਆਂ ਮਾਨਤਾਵਾਂ ਅਤੇ ਅਮੀਰ ਇਮਾਰਤੀ ਪ੍ਰੰਪਰਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਰਤਮਾਨ ਲੋੜਾਂ ਅਤੇ ਭੱਵਿਖ ਵਿਚ ਹੋਣ ਵਾਲੇ ਵਾਧੇ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਾਰੇ ਹਾਲਾਤ ਅਤੇ ਲੋੜਾਂ ਨੂੰ ਸਮਝ ਕੇ ਅਤੇ ਉਨ੍ਹਾਂ ਆਪੋ ਵਿਚ ਵਿਚਾਰ-ਵਟਾਂਦਰਾ ਕਰਕੇ ਇਕ ਮਾਸਟਰ-ਪਲਾਨ ਤਿਆਰ ਕੀਤਾ, ਜਿਸ ਦੀ ਘੋਖ, ਗੁਰਦੁਆਰਾ ਕਮੇਟੀ ਦੇ ਮੁਖੀਆਂ ਅਤੇ ਕੰਪਲੈਕਸ ਦੇ ਵਿਕਾਸ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਟੀਮ ਨੇ ਕੀਤੀ। ਆਰਕੀਟੈਕਟਾਂ ਨਾਲ ਵਿਚਾਰ-ਵਟਾਂਦਰਾ ਕਰ ਕੁਝ ਹੋਰ ਸੁਝਾਉ ਵੀ ਦਿੱਤੇ ਗਏ। ਇਸਤਰ੍ਹਾਂ, ਕਈ ਪ੍ਰਕ੍ਰਿਆਵਾਂ ਪੂਰਿਆਂ ਕਰਨ ਤੋਂ ਬਾਅਦ ਮਾਸਟਰ-ਪਲਾਨ ਨੂੰ ਅੰਤਿਮ ਰੂਪ ਦਿੱਤਾ ਗਿਆ। ਵਿਦੇਸ਼ੋਂ ਸੱਦੇ ਗਏ ਆਰਕੀਟੈਕਟਾਂ ਦੀ ਫੀਸ ਦੀ ਅਦਾਇਗੀ, ਜੋ ਤਕਰੀਬਨ 1 ਕਰੋੜ ਰੁਪਏ ਬਣਦੀ ਸੀ, ਕੰਪਲੈਕਸ ਦੇ ਵਿਕਾਸ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਟੀਮ ਨੇ ਆਪਣੇ ਪਾਸੋਂ ਕੀਤੀ।
ਸ. ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਅਨੁਸਾਰ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਚ ਸਿੱਖ-ਇਤਿਹਾਸ ਅਤੇ ਸਿੱਖ-ਧਰਮ ਦੇ ਅਧਿਐਨ ਅਤੇ ਖੋਜ ਲਈ ਇਕ ਅਜਿਹੇ ਕੇਂਦਰ ਦੀ ਸਥਾਪਨਾ ਕਰਨਾ, ਜਿਸ ਵਿਚ ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਤ ਮਿਊਜ਼ੀਅਮ, ਰੈਫਰੈਂਸ ਲਾਇਬ੍ਰੇਰੀ ਦੀ ਸਥਾਪਨਾ, ਜਿਥੋਂ ਦੇਸ਼-ਵਿਦੇਸ਼ ਤੋਂ ਸਿੱਖ-ਧਰਮ ਤੇ ਇਤਿਹਾਸ ਸਬੰਧੀ ਖੋਜ ਕਰਨ ਲਈ ਆਉਣ ਵਾਲੇ ਸਕਾਲਰਾਂ ਨੂੰ ਹਰ ਲੋੜੀਂਦੀ ਜਾਣਕਾਰੀ ਉਪਲਬੱਧ ਹੋ ਸਕੇ ਅਤੇ ਉਨ੍ਹਾਂ ਨੂੰ ਠਹਿਰਣ ਆਦਿ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬੱਧ ਹੋ ਸਕਣ। ਇਸ ਦੇ ਨਾਲ ਹੀ ਇਕ ਅਜਿਹੇ ਸਿੱਖ ਸੈਂਟਰ ਸਥਾਪਨਾ ਕਰਨੀ। ਜਿਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ, ਵਿਸ਼ਵ ਭਾਈਚਾਰਕ ਸਾਂਝ, ਬਰਾਬਰਤਾ, ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਸਨਮਾਨ ਦੀ ਭਾਵਨਾ ਦਾ ਸੰਦੇਸ਼ ਵਿਸ਼ਵ ਭਰ ਵਿਚ ਪ੍ਰਚਾਰਤ ਤੇ ਪ੍ਰਸਾਰਤ ਹੋ ਸਕੇ। ਕਾਨਫ੍ਰੰਸ ਅਤੇ ਕਨਵੈਨਸ਼ਨ ਹਾਲ ਦੀ ਉਸਾਰੀ, ਲੱਖੀ ਸ਼ਾਹ ਵਣਜਾਰਾ ਹਾਲ ਵਰਗੇ ਹੀ ਇਕ ਹੋਰ ਮਲਟੀਪਰਪਜ਼ ਹਾਲ ਦਾ ਨਿਰਮਾਣ, ਏਅਰ ਕੰਡੀਸ਼ੰਡ ਲੰਗਰ ਹਾਲ ਦਾ ਨਿਰਮਾਣ, ਜਿਸ ਵਿਚ ਫੁਲਕੇ ਵੇਲਣ ਤੋਂ ਲੈ ਕੇ ਭਾਂਡੇ ਧੋਣ ਤਕ ਦੀਆਂ ਆਟੋਮੈਟਿਕ ਮਸ਼ੀਨਾਂ ਰਾਹੀਂ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਹੋਵੇ। ਇਕ ਬਹੁ-ਮੰਜ਼ਲੀ ਕਾਰ-ਪਾਰਕਿੰਗ ਦਾ ਨਿਰਮਾਣ, ਜਿਸ ਵਿਚ ਤਕਰੀਬਨ 3000 ਕਾਰਾਂ ਇਕੋ ਸਮੇਂ ਪਾਰਕ ਹੋ ਸਕਣ ਆਦਿ ਤੋਂ ਇਲਾਵਾ ਗ੍ਰੰਥੀ, ਰਾਗੀਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਸਟਾਫ ਲਈ ਅਧੁਨਿਕ ਰਿਹਾਇਸ਼ੀ ਕੁਆਰਟਰ ਅਤੇ ਦੇਸ਼-ਵਿਦੇਸ਼ ਤੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਿਚ ਹੋ ਰਹੇ ਵਾਧੇ ਅਤੇ ਉਨ੍ਹਾਂ ਦੀ ਗੁਰਦੁਆਰਾ ਕੰਪਲੈਕਸ ਦੇ ਧਾਰਮਕ ਵਾਤਾਵਰਣ ਵਿਚ ਠਹਿਰਣ ਦੀ ਭਾਵਨਾ ਨੂੰ ਮੁਖ ਰੱਖਦਿਆਂ, ਪਹਿਲਾਂ ਤੋਂ ਹੀ ਸਥਾਪਤ ਦੋ ਨਿਵਾਸਾਂ ਦੇ ਨਾਲ ਹੀ ਇਕ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਨਿਵਾਸ ਦਾ ਨਿਰਮਾਣ ਆਦਿ ਸ਼ਾਮਲ ਹਨ। ਇਹ ਸਮੁੱਚਾ ਵਿਕਾਸ ਆਉਣ ਵਾਲੀਆਂ ਦੋ-ਸਦੀਆਂ ਵਿਚ ਵਧਣ ਵਾਲੀਆਂ ਲੋੜਾਂ ਨੂੰ ਪੂਰਿਆਂ ਕਰਨ ਦੀ ਸੋਚ ਨੂੰ ਮੁਖ ਰੱਖ ਕੇ ਕੀਤਾ ਜਾ ਰਿਹਾ ਹੈ।
ਇਸ ਸਾਰੇ ਪ੍ਰੋਜੈਕਟ ਨੂੰ ਮੁੰਕਮਲ ਕਰਨ ਲਈ ਤਿੰਨ ਵਰ੍ਹਿਆਂ ਦੀ ਸਮਾਂ-ਸੀਮਾ ਨਿਸ਼ਚਿਤ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਇਹ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਘਟ ਪਰ ਸੰਸਾਰ ਭਰ ਦੇ ਹੋਰ ਧਰਮ ਅਸਥਾਨਾਂ ਤੋਂ ਕਿਤੇ ਵੱਧ ਦਿਲਖਿੱਚਵਾਂ ਹੋਵੇਗਾ। ਸੰਗਤਾਂ ਦੇ ਨਾਲ ਹੀ ਦੁਨੀਆਂ ਭਰ ਦੇ ਸੈਲਾਨੀ ਵੀ ਇਸ ਦੇ ਦਰਸ਼ਨਾਂ ਲਈ ਅਤੇ ਵਿਦਵਾਨ ਬੁੱਧੀਜੀਵੀ ਸਿੱਖ ਧਰਮ ਅਤੇ ਇਤਿਹਾਸ ਦੀ ਖੋਜ ਕਰਨ ਲਈ ਖਿੱਚੇ ਚਲੇ ਆਉਣਗੇ। ਤਿੰਨ ਵਰ੍ਹਿਆਂ ਦੇ ਸਮੇਂ ਵਿਚ ਇਤਨੇ ਵੱਡੇ ਪ੍ਰੋਜੈਕਟ ਲਈ 50-100 ਕਰੋੜ ਨਹੀਂ, ਸਗੋਂ ਤਕਰੀਬਨ 350 ਕਰੋੜ ਖਰਚ ਕਰਨਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ। ਜੇ ਉਸ ਵਲੋਂ ਆਪਣੇ ਸਾਧਨਾਂ ਰਾਹੀਂ ਇਸ ਪ੍ਰਾਜੈਕਟ ਨੂੰ ਛੋਹਿਆ ਜਾਏ ਤਾਂ ਸ਼ਾਇਦ ਇਹ ਵੀਹ ਵਰ੍ਹਿਆਂ ਵਿਚ ਹੀ ਪੂਰਾ ਹੋ ਸਕੇ। ਇਸ ਗੱਲ ਨੂੰ ਸਮਝਦਿਆਂ ਹੋਇਆਂ ਗੁਰੂ ਸਾਹਿਬਾਨ ਅਤੇ ਸਿੱਖੀ ਪ੍ਰਤੀ ਸ਼ਰਧਾ-ਵਿਸ਼ਵਾਸ਼ ਦੇ ਧਾਰਨੀ ਸੱਜਣ ਸੇਵਾ-ਭਾਵਨਾ ਨਾਲ ਅੱਗੇ ਆਏ ਤੇ ਉਨ੍ਹਾਂ ਜ਼ਿੰਮੇਵਾਰੀ ਸੰਭਾਲਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾ ਦੀ ਸੇਵਾ-ਭਾਵਨਾ ਦਾ ਸਤਿਕਾਰ ਕਰਦਿਆਂ ਗੁਰਦੁਆਰਾ ਕਮੇਟੀ ਵਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕਰ ਲਿਆ ਗਿਆ। ਦਿੱਲੀ ਦੇ ਸਿੱਖ ਉਨ੍ਹਾਂ ਦੇ ਧੰਨਵਾਦੀ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਲ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਉਤਸੁਕ ਹਨ।
ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ, ਕਿ ਜਦੋਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖਾਂ ਦਾ ਮਾਣ-ਸਤਿਕਾਰ ਵਧਾਉਣ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਦਿੱਖ ਸੰਵਾਰਨ, ਉਨ੍ਹਾਂ ਦੇ ਆਲੇ-ਦੁਆਲੇ ਦੇ ਸੁੰਦਰੀ ਕਰਨ ਅਤੇ ਇਥੇ ਆਉਣ ਵਾਲੀਆਂ ਸੰਗਤਾਂ ਲਈ ਸਹੂਲਤਾਂ ਉਪਲੱਬਧ ਕਰਵਾਉਣ ਅਤੇ ਵਧਾਉਣ ਦੇ ਪ੍ਰੋਜੈਕਟ ਪੁਰ ਅਮਲ ਸ਼ੁਰੂ ਕੀਤਾ ਜਾਂਦਾ ਹੈ ਤਾਂ ਹੀ ਕੁਝ ਅਖੌਤੀ ਸਿੱਖ ਮੁਖੀ ਉਸ ਦਾ ਵਿਰੋਧ ਕਰਨ ਤੇ ਤੁਲ ਜਾਂਦੇ ਹਨ।
ਸ. ਸਰਨਾ ਨੇ ਪੱਤਰਕਾਰਾਂ ਨੂੰ ਹੋਰ ਦੱਸਿਆ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਨੇ ਦੀ ਪਾਲਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ-ਅਸਥਾਨ ਨਨਕਾਣਾ ਸਾਹਿਬ ਪਹੁੰਚਾਉਣ ਲਈ ਅੰਤਰ-ਰਾਸ਼ਟਰੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤਾਂ ਇਨ੍ਹਾਂ ਨੇ ਸੰਗਤਾਂ ਨੂੰ ਉਸ ਦੇ ਬਾਈਕਾਟ ਦਾ ਸੱਦਾ ਦਿੱਤਾ, ਗੁਰਦੁਆਰਾ ਬੰਗਲਾ ਸਾਹਿਬ ਦੇ ਵਿਸਥਾਰ ਤੇ ਉਸ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਦਾ ਕਾਰਜ ਅਰੰਭਿਆ ਗਿਆ ਤਾਂ ਵੀ ਇਨ੍ਹਾਂ ਲੋਕਾਂ ਨੇ ਉਸ ਦੇ ਵਿਰੁੱਧ ਜਹਾਦ ਖੜਾ ਕਰ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਵਿਸਥਾਰ ਨੂੰ ਮੁਖ ਰੱਖਦਿਆਂ ਉਥੇ ਚੱਲ ਰਹੇ ਸਕੂਲ ਨੂੰ ਉਥੋਂ ਹਟਾਇਆ ਜਾਣਾ ਜ਼ਰੂਰੀ ਸੀ, ਇਨ੍ਹਾਂ ਉਸ ਦਾ ਕੇਵਲ ਵਿਰੋਧ ਨਹੀਂ ਕੀਤਾ, ਸਗੋਂ ਸਕੂਲ ਸਟਾਫ ਦੇ ਕੁਝ ਬੰਦਿਆਂ ਨੂੰ ਉਕਸਾ ਕੇ ਅਦਾਲਤ ਦਾ ਦਰਵਾਜ਼ਾ ਵੀ ਜਾ ਖੜਕਾਇਆ। ਇਹ ਤਾਂ ਸਤਿਗੁਰਾਂ ਦੀ ਮਿਹਰ ਸੀ ਕਿ ਵਿਰੋਧੀਆਂ ਨੂੰ ਇਸ ਸਾਜ਼ਸ਼ ਵਿਚ ਸਫਲਤਾ ਨਹੀਂ ਮਿਲੀ। ਫਿਰ ਜਦੋਂ ਸੋਨਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਵੀ ਇਨ੍ਹਾਂ ਨੇ ਵਿਰੋਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਸ. ਸਰਨਾ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਜੋ ਦਿੱਖ ਹੁਣ ਉਭਰ ਕੇ ਸਾਮ੍ਹਣੇ ਆ ਰਹੀ ਹੈ, ਉਸ ਦੀ ਪ੍ਰਸ਼ੰਸਾ ਦਿੱਲੀ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਤੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਅਤੇ ਸੈਲਾਨੀਆਂ ਵਲੋਂ ਵੀ ਕੀਤੀ ਜਾ ਰਹੀ ਹੈ। ਜਿਥੋਂ ਤਕ ਸਕੂਲ ਦਾ ਸਬੰਧ ਹੈ, ਉਸ ਦੀ ਜੋ ਇਮਾਰਤ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਚ ਤਿਆਰ ਹੋਈ ਹੈ, ਉਸ ਨੂੰ ਵੀ ਵੇਖਿਆ ਜਾ ਸਕਦਾ ਹੈ ਕਿ ਉਸ ਨੂੰ ਕਿਵੇਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਸ. ਸਰਨਾ ਨੇ ਦੱਸਿਆ ਕਿ ਵਿਰੋਧੀਆਂ ਨੇ ਗੁਰਦੁਆਰਾ ਰਕਾਬ ਗੰਜ ਦੇ ਲੱਖੀ ਸ਼ਾਹ ਵਣਜਾਰਾ ਹਾਲ ਦੇ ਆਧੁਨਿਕੀ ਕਰਨ ਦਾ ਵਿਰੋਧ ਕਰਨ ਲਈ ਵੀ ਹੋਛੇ ਹਥਿਆਰ ਵਰਤੇ ਸਨ, ਅੱਜ ਉਸੇ ਹਾਲ ਵਿਚ ਉਹ ਆਪ ਤੇ ਉਨ੍ਹਾਂ ਦੇ ਰਿਸ਼ਤੇਦਾਰ ਆਦਿ ਵੀ ਆਪਣੇ ਪਰਿਵਾਰਕ ਸਮਾਗਮ ਕਰਨ ਲਈ ਉਤਸੁਕ ਰਹਿੰਦੇ ਹਨ। ਇਹੀ ਲੋਕੀਂ ਜੋ ਅੱਜ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣੀ ਹਸਪਤਾਲ ਦੀ ਇਮਾਰਤ ਦੇ ਖੰਡਰ ਹੋ ਜਾਣ ਦੇ ਦੋਸ਼ ਲਾ ਰਹੇ ਹਨ, ਇਸਦੇ ਲਈ ਉਹੀ ਲੋਕੀਂ ਆਪ ਜ਼ਿੰਮੇਵਾਰ ਹਨ। ਇਨ੍ਹਾਂ ਨੇ ਹੀ ਡੀ. ਡੀ. ਏ. ਨੂੰ ਅਧਾਰਹੀਨ ਚਿੱਠੀਆਂ ਲਿਖ ਕੇ ਤੂਫਾਨ ਖੜਾ ਕੀਤਾ ਤੇ ਇਸ ਦੀ ਅਲਾਟਮੈਂਟ ਰੱਦ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਸੰਬੰਧਤ ਜ਼ਮੀਨ ਲੈਣ ਦਾ ਦਾਅਵਾ ਕਰਦੇ ਰਹੇ ਹਨ, ਪਰ ਇਨ੍ਹਾਂ ਨੇ ਜ਼ਮੀਨ ਦਾ ਮੁੱਲ ਅਦਾ ਕਰ ਕੇ ਮਾਲਕੀ ਦੇ ਕਾਗ਼ਜ਼ ਤਕ ਡੀ. ਡੀ. ਏ. ਪਾਸੋਂ ਨਹੀਂ ਲਏ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਗੁਰਦੁਆਰਾ ਕਮੇਟੀ ਨੂੰ ਉਹ ਮਾਲਕੀ ਦੇ ਦਸਤਾਵੇਜ਼ ਲੈਣ ਲਈ 1 ਕਰੋੜ 29 ਲੱਖ ਦੀ ਅਦਾਇਗੀ ਕਰਨੀ ਪਈ। ਇਸ ਤੋਂ ਇਲਾਵਾ ਜੇ ਇਹ ਲੋਕੀਂ ਰੁਕਾਵਟਾਂ ਪੈਦਾ ਨਾ ਕਰਦੇ ਤਾਂ ਇਹ ਹਸਪਤਾਲ ਤਿੰਨ-ਚਾਰ ਵਰ੍ਹੇ ਪਹਿਲਾਂ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਤ ਹੋ ਗਿਆ ਹੋਣਾ ਸੀ, ਤੇ ਇਸ ਦਾ ਲਾਭ ਹਜ਼ਾਰਾਂ ਰੋਗੀਆਂ, ਜਿਨ੍ਹਾਂ ਵਿਚ ਆਰਥਕ ਪੱਖੋਂ ਕਮਜ਼ੋਰ ਪਰਿਵਾਰ ਵੀ ਸ਼ਾਮਲ ਹਨ, ਉਠਾ ਰਹੇ ਹੁੰਦੇ, ਅਤੇ ਇਸ ਦੀ ਗੁਰੂ ਘਰ ਨੂੰ ਕਈ ਲੱਖ ਰੁਪਏ ਦੀ ਪ੍ਰਾਪਤੀ ਹੋ ਗਈ ਹੁੰਦੀ। ਜੋ ਸਿੱਖੀ ਦੇ ਪ੍ਰਚਾਰ ਅਤੇ ਹੋਰ ਲੋਕ-ਹਿਤ ਦੇ ਕੰਮਾਂ ਲਈ ਵਰਤੇ ਜਾ ਸਕਦੇ ਸਨ। ਇਹ ਲੋਕ ਆਪਣਾ ਗੁਨਾਹ ਦੂਜਿਆਂ ਪੁਰ ਮੜ੍ਹ ਕੇ ਆਪਣੇ ਆਪ ਨੂੰ ਦੁੱਧ-ਧੋਤੇ ਸਾਬਤ ਕਰਨਾ ਚਾਹੁੰਦੇ ਹਨ।