ਨਵੀਂ ਦਿੱਲੀ -ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਪੰਜਾਬ ਸਰਕਾਰ ਵਿਚਲੇ ਆਪਣੇ ਵਜ਼ੀਰਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਘੇਰੇ ਵਿਚ ਆਉਣ ਤੇ ਉਨ੍ਹਾਂ ਪਾਸੋਂ ਅਸਤੀਫੇ ਲੈ ਕੇ ਆਪਣੇ ਦਾਗ਼ੀ ਕੱਪੜੇ ਝਾੜਣ ਦੀ ਕੋਸ਼ਿਸ਼ ਕੀਤੀ ਹੈ, ਪਰ ਸ. ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ ਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਜੇ ਤਕ ਆਪਣੀ ਪਾਰਟੀ ਦੇ ਦਾਗ਼ੀ ਤੇ ਭ੍ਰਿਸ਼ਟਾਚਾਰ ਦੇ ਘੇਰੇ ਵਿਚ ਆਉਣ ਵਾਲੇ ਵਜ਼ੀਰਾਂ ਤੋਂ ਅਸਤੀਫੇ ਨਹੀਂ ਮੰਗੇ।
ਸ. ਸਰਨਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਘਿਰੇ ਵਜ਼ੀਰਾਂ ਦੇ ਅਸਤੀਫੇ ਲੈ ਕੇ ਆਪਣੇ ਇਮਾਨਦਾਰ ਤੇ ਸਾਫ-ਸੁੱਥਰੀ ਛਬੀ ਦੇ ਮਾਲਕ ਹੋਣ ਦਾ ਭਰਮ ਤਾਂ ਪੈਦਾ ਕਰ ਹੀ ਲੈਣ। ਸ. ਸਰਨਾ ਨੇ ਕਿਹਾ ਕਿ ਜੇ ਸ. ਬਾਦਲ ਨੇ ਅਜਿਹਾ ਨਾ ਕੀਤਾ ਤਾਂ ਲੋਕਾਂ, ਵਿਸ਼ੇਸ਼ ਕਰਕੇ ਪੰਜਾਬੀਆਂ ਵਿਚ ਇਹ ਸੰਦੇਸ਼ ਚਲਾ ਜਾਇਗਾ ਕਿ ਭਾਜਪਾ ਨੇ ਤਾਂ ਆਪਣੇ ਮੰਤਰੀਆਂ ਪੁਰ ਦੋਸ਼ ਲੱਗਦਿਆਂ ਹੀ ਉਨ੍ਹਾਂ ਪਾਸੋਂ ਅਸਤੀਫੇ ਦੁਆ ਕੇ ਸਾਬਤ ਕਰ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਸੰਘਰਸ਼ ਪ੍ਰਤੀ ‘ਇਮਾਨਦਾਰ’ ਹੈ, ਪਰ ਬਾਦਲ ਅਕਾਲੀ ਦਲ ਦੇ ਮੁਖੀ ਦੋਹਰੀ ਖੇਡ ਖੇਡਦੇ ਹਨ, ਇਕ ਪਾਸੇ ਤਾਂ ਉਹ ਭ੍ਰਿਸ਼ਟਾਚਾਰੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹਨ ਅਤੇ ਦੂਜੇ ਪਾਸੇ ਆਪਣੇ ਭ੍ਰਿਸ਼ਟਾਚਾਰੀ ਮੰਤਰੀਆਂ ਦੀ ਸਰਪ੍ਰਸਤੀ ਕਰ ਉਨ੍ਹਾਂ ਨੂੰ ਬਚਾਉਣ ਵਿਚ ਸਾਰੀ ਸ਼ਕਤੀ ਝੌਂਕ ਦਿੰਦੇ ਹਨ।