ਇਸਲਾਮਾਬਾਦ- ਤਾਲਿਬਾਨ ਦੇ ਦੋ ਫਿਦਾਈਨ ਹਮਲਾਵਰਾਂ ਨੇ ਪਾਕਿਸਤਾਨ ਦੀ ਇੱਕ ਅਰਧਸੈਨਿਕ ਅਕੈਡਮੀ ਵਿੱਚ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਕੇ 80 ਲੋਕਾਂ ਦੀ ਜਾਨ ਲੈ ਲਈ। ਮਰਨ ਵਾਲਿਆਂ ਵਿੱਚ ਜਿਆਦਾਤਰ ਸੁਰੱਖਿਆ ਬਲਾਂ ਦੇ ਜਵਾਨ ਸਨ। ਤਾਲਿਬਾਨ ਨੇ ਇਸ ਹਮਲੇ ਨੂੰ ਓਸਾਮਾ ਬਿਨ ਲਾਦਿਨ ਦੀ ਮੌਤ ਦਾ ਬਦਲਾ ਦਸਦੇ ਹੋਏ ਅਜਿਹੀਆਂ ਹੋਰ ਵੀ ਵਾਰਦਾਤਾਂ ਕਰਨ ਦਾ ਇਰਾਦਾ ਜਾਹਿਰ ਕੀਤਾ ਹੈ। ਲਾਦਿਨ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਇਹ ਸੱਭ ਤੋਂ ਵੱਡਾ ਖੂਨੀ ਹਮਲਾ ਹੈ।
ਪਾਕਿਸਤਾਨ ਦੇ ਪੱਛਮ-ਉਤਰ ਵਿੱਚ ਸ਼ਬਕਦਰ ਸ਼ਹਿਰ ਵਿੱਚ ਅਰਧਸੈਨਿਕ ਬਲਾਂ ਦੀ ਇੱਕ ਟਰੇਨਿੰਗ ਅਕੈਡਮੀ ਵਿੱਚ ਦੋ ਆਤਮਘਾਤੀ ਵਿਸਫੋਟਾਂ ਵਿੱਚ 80 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜਖਮੀ ਹੋਏ ਹਨ। ਇਹ ਹਮਲੇ ਉਸ ਸਮੇਂ ਕੀਤੇ ਗਏ ਜਦੋਂ ਫਰੰਟੀਅਰ ਕਾਨਸਟੇਬਲੇਰੀ ਦੇ ਕਈ ਜਵਾਨ ਆਪਣੀ ਇੱਕ ਸਾਲ ਦੀ ਟਰੇਨਿੰਗ ਪੂਰੀ ਕਰਕੇ ਰਵਾਨਾ ਹੋਣ ਵਾਲੇ ਹੀ ਸਨ। ਹਮਲਾਵਰ ਵੱਖ-ਵੱਖ ਮੋਟਰਸਾਈਕਲਾਂ ਤੇ ਆਏ ਅਤੇ ਅਕੈਡਮੀ ਦੇ ਮੁੱਖ ਗੇਟ ਤੇ ਆਪਣਾ ਕਹਿਰ ਵਰਤਾਇਆ। ਪਹਿਲੇ ਹਮਲਾਵਰ ਨੇ ਪੇਸ਼ਾਵਰ ਤੋਂ 35 ਕਿਲੋਮੀਟਰ ਦੂਰ ਸ਼ਬਾਕਦਰ ‘ਚ ਸਥਿਤ ਟਰੇਨਿੰਗ ਸੈਂਟਰ ਨੂੰ ਸਵੇਰੇ ਤੜਕੇ ਬੰਬ ਨਾਲ ਉਡਾਇਆ। ਦੂਸਰਾ ਹਮਲਾਵਰ ਉਸ ਤੋਂ 8 ਮਿੰਟ ਬਾਅਦ ਮੋਟਰਸਾਈਕਲ ਤੇ ਉਸੇ ਸਥਾਨ ਤੇ ਆਇਆ ਅਤੇ ਆਪਣੇ ਆਪ ਨੂੰ ਵਿਸਫੋਟ ਨਾਲ ਉਡਾ ਲਿਆ। ਉਸ ਸਮੇਂ ਸੁਰੱਖਿਆ ਕਰਮਚਾਰੀ ਮ੍ਰਿਤਕਾਂ ਅਤੇ ਜਖਮੀਆਂ ਨੂੰ ਉਸ ਥਾਂ ਤੋਂ ਹਟਾ ਰਹੇ ਸਨ। ਦੋਵਾਂ ਹਮਲਿਆਂ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 115 ਤੋਂ ਵੱਧ ਹਸਪਤਾਲ ਵਿੱਚ ਭਰਤੀ ਹਨ।
ਪਾਕਿਸਤਾਨ ‘ਚ ਤਹਿਰੀਕ-ਏ-ਤਾਲਿਬਾਨ ਦੇ ਇੱਕ ਬੁਲਾਰੇ ਨੇ ਪੱਤਰਕਾਰਾਂ ਨੂੰ ਫੋਨ ਕਰਕੇ ਦਸਿਆ ਕਿ ਇਹ ਹਮਲਾ ਲਾਦਿਨ ਦੀ ਮੌਤ ਦਾ ‘ਪਹਿਲਾ ਬਦਲਾ’ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਅਜਿਹੇ ਹੋਰ ਵੀ ਹਮਲੇ ਕੀਤੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ। ਹਸਪਤਾਲ ਵਿੱਚ ਭਰਤੀ 40 ਜਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਜਵਾਨ 10 ਦਿਨਾਂ ਦੀ ਛੁੱਟੀ ਤੇ ਆਪਣੇ ਘਰ ਜਾ ਰਹੇ ਸਨ। ਮਰਨ ਵਾਲਿਆਂ ਵਿੱਚ 8 ਸਿਵਿਲੀਅਨ ਵੀ ਹਨ। ਵਿਸਫੋਟ ਨਾਲ 20 ਦੁਕਾਨਾਂ ਅਤੇ ਕਈ ਗੱਡੀਆਂ ਵੀ ਨਸ਼ਟ ਹੋ ਗਈਆਂ।
ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਨ੍ਹਾਂ ਹਮਲਿਆਂ ਦੀ ਨਿਂਦਿਆ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਬੁਜਦਿਲੀ ਵਾਲੇ ਕਾਰਨਾਮਿਆਂ ਕਰਕੇ ਇਨ੍ਹਾਂ ਲੋਕਾਂ ਖਿਲਾਫ਼ ਚਲ ਰਹੇ ਯੁਧ ਨੂੰ ਕਮਜੋਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਦੇ ਸਾਥ ਨਾਲ ਹੀ ਸਰਕਾਰ ਨੂੰ ਅਤਵਾਦ ਦਾ ਸਫਾਇਆ ਕਰਨ ਦੀ ਹਿੰਮਤ ਮਿਲਦੀ ਹੈ।