ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮੋਬਾਇਲ ਟੈਲੀਫੋਨ ਕੰਪਨੀਆਂ ਵਲੋਂ ਆਪਣੇ ਗਾਹਕਾਂ ਨੂੰ ਕਿਸੇ ਨੰਬਰ ’ਤੇ ਡਾਇਲ ਕਰਨ ਸਮੇਂ ਅੱਗੋਂ ਸਧਾਰਨ ਘੰਟੀ ਦੀ ਅਵਾਜ਼ ਸੁਣਨ ਦੀ ਬਜਾਏ ਮਨ ਭਾਉਂਦੀ ਕਾਲਰ ਟਿਊਨ ਜਾਂ ਗਾਣੇ ਡਾਊਨ ਲੋਡ ਕਰਨ ਲਈ ਪ੍ਰਦਾਨ ਕੀਤੀ ਪ੍ਰਕ੍ਰਿਆ ’ਚ ਗੁਰਬਾਣੀ ਨੂੰ ‘ਗਾਣਾ’ ਕਹੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਪ੍ਰਕ੍ਰਿਆ ਤੁਰੰਤ ਤਬਦੀਲ ਕਰਨ ਲਈ ਕਿਹਾ ਹੈ।
ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਇਸ ਦਫ਼ਤਰ ਨੂੰ ਵੱਡੀ ਗਿਣਤੀ ’ਚ ਪੱਤਰ ਤੇ ਫੋਨ ਸੰਦੇਸ਼ ਪੁੱਜ ਰਹੇ ਹਨ ਕਿ ਜਦੋਂ ਕਿਸੇ ਟੈਲੀਫੋਨ ਧਾਰਕ ਵਲੋਂ ਦੂਜੇ ਟੈਲੀਫੋਨ ਨੰਬਰ ’ਤੇ ਡਾਇਲ ਕੀਤਾ ਜਾਂਦਾ ਹੈ ਤਾਂ ਘੰਟੀ ਦੀ ਅਵਾਜ਼ ਸੁਣਨ ਤੋਂ ਪਹਿਲੋਂ ਉਪਰੇਟਰ ਵਲੋਂ ਇਹ ਕਿਹਾ ਜਾਂਦਾ ਹੈ ਕਿ ‘ਗਾਣਾ ਕਾਪੀ ਕਰਨੇ ਕੇ ਲਿਏ ਸਟਾਰ ਕੇ ਬਾਅਦ 9 ਦਬਾਏਂ’ ਪਰ ਅੱਗੋਂ ਗਾਣੇ ਦੀ ਥਾਂ ਗੁਰਬਾਣੀ ਦੇ ਸ਼ਬਦ ਦੀਆਂ ਤੁਕਾਂ ਸੁਣਾਈ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਸਰਵਣ ਕਰਨਾ/ਕਰਾਉਣਾ ਵਧੀਆ ਰੁਝਾਨ ਹੈ ਪਰ ਗੁਰਬਾਣੀ ਨੂੰ ਗਾਣਾ ਕਹੇ ਜਾਣ ’ਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਹੈ।
ਉਨ੍ਹਾਂ ਕਿਹਾ ਕਿ ਮੋਬਾਇਲ ਟੈਲੀਫੋਨ ਕੰਪਨੀਆਂ ਕਾਰੋਬਾਰ ਨੂੰ ਵਧਾਉਣ ਖਾਤਰ ਗਾਹਕਾਂ ਨੂੰ ਦਿਲ ਲੁਭਾਉਣੇ ਪਲਾਨ ਪੇਸ਼ ਕਰਦੀਆਂ ਹਨ ਉਥੇ ਗੁਰਬਾਣੀ ਦਾ ਅਪਮਾਨ ਕਰਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀਆਂ ਹਨ ਜੋ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੈਲੀਫੋਨ ਧਾਰਕ ਜਦ ਇਸ ਸਬੰਧੀ ਮੋਬਾਈਲ ਉਪਰੇਟਰਾਂ ਪਾਸ ਆਪਣਾ ਰੋਸ ਪ੍ਰਗਟਾਉਂਦੇ ਹਨ ਤਾਂ ਕਸਟਮਰ ਕੇਅਰ ਸੈਂਟਰਾਂ ’ਤੇ ਸੇਵਾ ਨਿਭਾ ਰਹੇ ਕਰਮਚਾਰੀ ਇਸ ਦੇ ਸਥਾਈ ਹੱਲ ਲਈ ਪ੍ਰਬੰਧਕਾਂ ਨੂੰ ਕਹਿਣ ਦੀ ਬਜਾਏ ਇਹ ਕਹਿ ਕੇ ਟਾਲ ਦਿੰਦੇ ਹਨ ਕਿ ‘ਆਪ ਕਾ ਮੈਸੇਜ ਫਾਰਵਰਡ ਕਰ ਦੀਆ ਹੈ ਉਤਰ ਆਨੇ ਪਰ ਆਪ ਕੋ ਫੀਡ ਬੈਕ ਕੀਆ ਜਾਏਗਾ।’ ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਗੁਰਬਾਣੀ ਦੇ ਸਤਿਕਾਰ ਸਬੰਧੀ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਇਹ ਭਵਿੱਖ ’ਚ ਕੋਈ ਵੱਡਾ ਮਸਲਾ ਨਾਂ ਬਣ ਜਾਵੇ