ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਨੋਇਡਾ ਦੇ ਪਰਸੌਲ ਪਿੰਡ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿੱਚ ਪ੍ਰਧਾਨਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਰਾਹੁਲ ਦੇ ਨਾਲ ਪਹੁੰਚੇ ਪਿੰਡ ਦੇ ਕੁਝ ਕਿਸਾਨਾਂ ਨੇ ਰਾਜ ਸਰਕਾਰ ਵਲੋਂ ਕੀਤੀਆਂ ਗਈਆਂ ਜਿਆਦਤੀਆਂ ਦੀਆਂ ਕੁਝ ਤਸਵੀਰਾਂ ਵੀ ਵਿਖਾਈਆਂ। ਉਨ੍ਹਾਂ ਨੇ ਲੁਟਖੋਹ, ਔਰਤਾਂ ਨਾਲ ਬਲਾਤਕਾਰ ਅਤੇ ਵੱਡੀ ਸੰਖਿਆ ਵਿੱਚ ਹੋਈਆਂ ਮੌਤਾਂ ਦਾ ਵੀ ਬਿਊਰਾ ਦਿੱਤਾ।
ਰਾਹੁਲ ਗਾਂਧੀ ਨੇ ਪ੍ਰਧਾਨਮੰਤਰੀ ਨਾਲ 40 ਮਿੰਟ ਤੱਕ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਪਰਸੌਲ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਹਨ। ਪਰਸੌਲ ਵਿੱਚ ਲੋਕਾਂ ਦੇ ਘਰ ਢਾਹ ਦਿੱਤੇ ਗਏ, ਲੋਕਾਂ ਦਾ ਸਮਾਨ ਸਾੜ ਦਿੱਤਾ ਗਿਆ, ਪਿੰਡ ਦੇ ਕਿਸਾਨਾਂ ਦੀਆਂ ਹੱਤਿਆ ਕੀਤੀਆਂ ਗਈਆਂ ਅਤੇ ਔਰਤਾਂ ਨਾਲ ਬਲਾਤਾਕਾਰ ਕੀਤੇ ਗਏ। ਇੱਕ 70 ਫੁੱਟ ਡੂੰਘੇ ਖੱਡੇ ਵਿਚੋਂ ਹੱਡੀਆਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਤਰਪ੍ਰਦੇਸ਼ ਵਿੱਚ ਕਨੂੰਨ ਵਿਵਸਥਾ ਦੀ ਸਥਿਤੀ ਬਹੁਤ ਹੀ ਖਰਾਬ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਪ੍ਰਧਾਨਮੰਤਰੀ ਨੂੰ ਮਿਲਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਮੌਕਾ ਉਪਲਭਦ ਕਰਵਾਇਆ ਗਿਆ ਹੈ। ਪ੍ਰਧਾਨਮੰਤਰੀ ਨੇ ਇਸ ਘਟਨਾ ਤੇ ਦੁੱਖ ਜਾਹਿਰ ਕੀਤਾ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।