ਵਾਸਿੰਗਟਨ- ਸੀਰੀਆ ਦੇ ਰਾਸ਼ਟਰਪਤੀ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਗੰਭੀਰ ਸਿਕਾਇਤਾਂ ਮਿਲਣ ਤੋਂ ਬਾਅਦ ਅਮਰੀਕਾ ਨੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਖਿਲਾਫ਼ ਆਰਥਿਕ ਪਬੰਦੀਆਂ ਲਗਾ ਦਿੱਤੀਆਂ ਹਨ। ਬਸ਼ਰ ਤੇ ਸਰਕਾਰ ਵਿਰੁੱਧ ਵਿਖਾਵਾ ਕਰ ਰਹੇ ਲੋਕਾਂ ਉਪਰ ਸੈਨਾ ਵਲੋਂ ਸਖਤ ਰਵਈਆ ਅਪਨਾਉਣ ਕਰਕੇ ਇਹ ਕਦਮ ਚੁੱਕਿਆ ਗਿਆ ਹੈ।
ਅੰਤਰਰਾਸ਼ਟਰੀ ਭਾਈਚਾਰੇ ਵਲੋਂ ਰੋਸ ਮੁਜਾਹਿਰੇ ਕਰ ਰਹੇ ਲੋਕਾਂ ਤੇ ਸੈਨਾ ਦੁਆਰਾ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਕਰਨ ਕਰਕੇ ਪਹਿਲੀ ਵਾਰ ਰਾਸ਼ਟਰਪਤੀ ਬਸ਼ਰ ਅਲ-ਅਸਦ ਤੇ ਆਰਥਿਕ ਬੰਦਸ਼ਾਂ ਲਗਾਈਆਂ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿੱਛਲੇ ਮਹੀਨੇ ਬਸ਼ਰ ਦੇ ਭਰਾ ਮਾਹਿਰ,ਉਸ ਦੇ ਚਚੇਰੇ ਭਰਾ ਅਤੇ ਖੁਫ਼ੀਆ ਵਿਭਾਗ ਦੇ ਮੁੱਖੀ ਖਿਲਾਫ਼ ਆਰਥਿਕ ਬੰਦਸ਼ਾਂ ਲਗਾਈਆਂ ਸਨ। ਅਮਰੀਕਾ ਵਲੋਂ ਇਹ ਕਿਹਾ ਗਿਆ ਹੈ ਕਿ ਜਾਂ ਤਾਂ ਅਸਦ ਰਾਜਨੀਤਕ ਸੁਧਾਰ ਲਾਗੂ ਕਰੇ ਤੇ ਜਾਂ ਆਪਣੀ ਕੁਰਸੀ ਛੱਡ ਦੇਵੇ।
ਅਸਦ ਨੇ ਇਹ ਮੰਨਿਆ ਹੈ ਕਿ ਵਿਖਾਵਾਕਾਰੀਆਂ ਨਾਲ ਨਜਿਠਣ ਲਈ ਸੁਰੱਖਿਆ ਬਲਾਂ ਵਲੋਂ ਕੁਝ ਗਲਤੀਆਂ ਹੋਈਆਂ ਹਨ। ਸੁਰੱਖਿਆ ਬਲਾਂ ਵਿੱਚ ਤਜਰਬੇ ਦੀ ਕਮੀ ਕਰਕੇ ਅਜਿਹਾ ਹੋਇਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸੀਰੀਆ ਸਥਿਤੀ ਨੂੰ ਕੰਟਰੋਲ ਵਿੱਚ ਕਰ ਲਵੇਗਾ ਅਤੇ ਸੱਭ ਕੁਝ ਠੀਕ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਨਵੇਂ ਸਿਰੇ ਤੋਂ ਟਰੇਨਿੰਗ ਦਿੱਤੀ ਜਾਵੇਗੀ।
ਅਮਰੀਕਾ ਚਾਹੁੰਦਾ ਹੈ ਕਿ ਸੀਰੀਆ ਦੀ ਸਰਕਾਰ ਪ੍ਰਦਰਸ਼ਨਕਾਰੀਆਂ ਤੇ ਹਿੰਸਾ ਦੀ ਵਰਤੋਂ ਨਾਂ ਕਰੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਸੌਂਪਣ ਲਈ ਲੋਕਤੰਤਰਿਕ ਪ੍ਰਣਾਲੀ ਲਾਗੂ ਕਰੇ। ਇਸ ਆਰਥਿਕ ਬੰਧਸ਼ ਦਾ ਮਤਲੱਬ ਹੈ ਕਿ ਅਮਰੀਕਾ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀ ਇਨ੍ਹਾਂ ਲੋਕਾਂ ਦੀ ਸੰਪਤੀ ਜਬਤ ਕਰ ਲਈ ਜਾਵੇਗੀ ਅਤੇ ਇਹ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ।