ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਪਿੱਛਲੇ ਕੁਝ ਅਰਸੇ ਤੋਂ ਆਪਣੇ ਕੁਝ ਅਧਿਕਾਰੀਆਂ ਅਤੇ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਣ ਕਰਕੇ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਰਿਸ਼ਵਤ ਘੋਟਾਲਿਆਂ ਕਰਕੇ ਸਰਕਾਰ ਦੀ ਸਾਖ ਖਰਾਬ ਹੋਈ ਹੈ। ਇਸ ਲਈ ਯੂਪੀਏ ਸਰਕਾਰ ਨੇ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਨਾਲ ਨਜਿਠਣ ਦਾ ਫੈਸਲਾ ਕੀਤਾ ਹੈ। ਯੂਪੀਏ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਭਰੋਸਾ ਦਿਵਾਇਆ ਹੈ ਕਿ ਭਵਿੱਖ ਵਿੱਚ ਅਜਿਹੇ ਰਿਸ਼ਵਤ ਘੋਟਾਲਿਆਂ ਨੂੰ ਰੋਕੇਗੀ ਅਤੇ ਅਧਿਕਾਰੀਆਂ ਅਤੇ ਨੇਤਾਵਾਂ ਦੇ ਮਨਮਰਜ਼ੀ ਨਾਲ ਅਧਿਕਾਰਾਂ ਦੀ ਵਰਤੋਂ ਕਰਨ ਤੇ ਨੱਥ ਪਾਈ ਜਾਵੇਗੀ।
ਸੋਨੀਆ ਗਾਂਧੀ ਨੇ ਭ੍ਰਿਸ਼ਟਾਚਾਰ ਤੇ ਟਿਪਣੀ ਕਰਦੇ ਹੋਏ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨਾਲ ਸਿੱਧੇ ਤੌਰ ਤੇ ਨਜਿਠਾਂਗੇ। ਅਸੀਂ ਕੰਮ ਕਰਕੇ ਇਹ ਸਾਬਿਤ ਕਰਾਂਗੇ ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਕੇ ਵਿਖਾਉਂਦੇ ਹਾਂ। ਪ੍ਰਧਾਨਮੰਤਰੀ ਦੇ ਨਿਵਾਸ ਅਸਥਾਨ ਤੇ ਇਹ ਰਿਪੋਰਟ ਜਾਰੀ ਕੀਤੀ ਗਈ। ਇਸ ਸਮਾਗਮ ਵਿੱਚ ਗਠਬੰਧਨ ਵਿੱਚ ਸ਼ਾਮਿਲ ਦਲਾਂ ਅਤੇ ਬਾਹਰ ਤੋਂ ਸਮਰਥਣ ਦੇ ਰਹੀਆਂ ਪਾਰਟੀਆਂ ਨੇ ਵੀ ਹਿੱਸਾ ਲਿਆ। ਬਸਪਾ ਨੇ ਇਸ ਸਮਾਗਮ ਵਿੱਚ ਹਿੱਸਾ ਨਹੀਂ ਲਿਆ। ਦਰੁਮਕ ਨੇ ਵੀ ਸੰਸਦੀ ਦਲ ਦੇ ਨੇਤਾ ਟੀ ਆਰ ਬਾਲੂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਭੇਜਿਆ।