ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਮਹਿਰਾਨ ਹਵਾਈ ਅੱਡੇ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨਾਲ ਸੁਰੱਖਿਆ ਬਲਾਂ ਵਲੋਂ ਚਲੀ 15 ਘੰਟੇ ਦੀ ਮੁਠਭੇੜ ਤੋਂ ਬਾਅਦ ਬੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਅਤਵਾਦੀ ਹਮਲੇ ਵਿੱਚ 16 ਲੋਕ ਮਾਰੇ ਗਏ ਹਨ।
ਕਰਾਚੀ ਦੇ ਨੇਵੀ ਬੇਸ ਤੇ 12 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਚਾਰ ਅਤਵਾਦੀਆਂ ਨੇ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਲਿਆ। ਇਸ ਤੋਂ ਇਲਾਵਾ ਚਾਰ ਅਤਵਾਦੀ ਗ੍ਰਿਫਤਾਰ ਵੀ ਕੀਤੇ ਗਏ ਹਨ। ਹਮਲਾਵਰਾਂ ਨੇ ਪੀ-3 ਸੀ ਔਰੀਅਨ ਜਹਾਜਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੋ ਜਹਾਜਾਂ ਨੂੰ ਨਸ਼ਟ ਕਰ ਦਿੱਤਾ। ਦਹਿਸ਼ਤਗਰਦਾਂ ਨੇ ਚੀਨੀ ਸੈਨਾ ਦੇ ਕਰਮਚਾਰੀਆਂ ਸਮੇਤ ਕੁਝ ਲੋਕਾਂ ਨੂੰ ਅਗਵਾ ਕੀਤਾ ਹੋਇਆ ਹੈ। ਉਨ੍ਹਾਂ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਨੇਵੀ ਬੇਸ ਤੇ ਹਮਲਾ ਕਰਨ ਵਾਲਿਆਂ ਦੀ ਸੰਖਿਆ 10 ਤੋਂ 25 ਹੈ। ਹਮਲਾਵਰ ਆਟੋਮੈਟਿਕ ਹੱਥਿਆਰਾਂ, ਰਾਕੇਟ ਲਾਂਚਰਾਂ ਅਤੇ ਗਰਨੇਡਾਂ ਨਾਲ ਲੈਸ ਸਨ।
ਸੈਨਾ ਦੇ ਹਵਾਈ ਅੱਡੇ ਤੇ ਚਾਰ ਬਹੁਤ ਵੱਡੇ ਧਮਾਕੇ ਹੋਏ।ਸਾਰੇ ਖੇਤਰ ਵਿੱਚ ਧੂੰਆ ਹੀ ਧੂੰਆਂ ਵਿਖਾਈ ਦਿੰਦਾ ਸੀ। ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਕਾਰ ਸਾਰੀ ਰਾਤ ਗੋਲੀਬਾਰੀ ਹੁੰਦੀ ਰਹੀ। ਅਤਵਾਦੀਆਂ ਨੇ ਅੰਧਾਧੁੰਧ ਗੋਲੀਆਂ ਚਲਾ ਕੇ ਕਈ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸੈਨਾ ਦੇ ਅੱਡੇ ਦੇ ਵਿਚਕਾਰ ਪਹੁੰਚ ਗਏ। ਨੇਵੀ ਦੇ ਕਮਾਂਡਰਾਂ ਅਤੇ ਮਰੀਨ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ।ਸੁਰੱਖਿਆ ਬਲਾਂ ਨੇ ਹਮਲਾਵਰਾਂ ਨਾਲ ਚਲੀ ਸਾਰੀ ਰਾਤ ਦੀ ਲੜਾਈ ਤੋਂ ਬਾਅਦ ਸੈਨਾ ਦੇ ਇਸ ਬੇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ।ਇਸ ਕਾਰਵਾਈ ਦੌਰਾਨ 12 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ ਅਤੇ ਚਾਰ ਦਹਿਸ਼ਤਗਰਦ ਮਾਰੇ ਗਏ ਹਨ।
ਤਾਲਿਬਾਨ ਨੇ ਇਸ ਹਮਲੇ ਦੀ ਜਿੰਮੇਵਾਰੀ ਲੈਂਦੇ ਹੋਏ ਇਸ ਨੂੰ ਲਾਦਿਨ ਦੀ ਮੌਤ ਦਾ ਬਦਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਅਜਿਹੀਆਂ ਕਾਇਰਤਾਂ ਵਾਲੀਆਂ ਵਾਰਦਾਤਾਂ ਪਾਕਿਸਤਾਨ ਸਰਕਾਰ ਅਤੇ ਲੋਕਾਂ ਦੀ ਵਿਚਾਰਧਾਰਾ ਨੂੰ ਨਹੀਂ ਬਦਲ ਸਕਦੀਆਂ।