ਵਾਸਿੰਗਟਨ- ਅਮਰੀਕਾ ਦੀ ਮਿਜ਼ੌਰੀ ਸਟੇਟ ਵਿੱਚ ਆਏ ਤੂਫ਼ਾਨ ਨਾਲ 116 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜਖਮੀ ਹੋ ਗਏ ਹਨ। ਘਰਾਂ ਅਤੇ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੌਪਲਿਨ ਸ਼ਹਿਰ ਵਿੱਚ ਇਹ ਤੂਫ਼ਾਨ ਕਰੀਬ ਦਸ ਮੀਲ ਦੇ ਖੇਤਰ ਵਿੱਚ ਆਇਆ ਹੈ। ਇਸ ਨਾਲ ਕਈ ਇਮਾਰਤਾਂ ਅਤੇ ਘਰ ਤਹਿਸ ਨਹਿਸ ਹੋ ਗਏ ਹਨ। ਹਨੇਰੀ ਅਤੇ ਤੂਫ਼ਾਨ ਨਾਲ ਬਿਜਲੀ ਬੰਦ ਹੋ ਗਈ ਅਤੇ ਫ਼ੋਨ ਲਾਈਨਾਂ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ। ਇਸ ਤੂਫ਼ਾਨ ਦਾ ਅਸਰ ਗਵਾਂਢੀ ਰਾਜਾਂ ਤੇ ਵੀ ਪਿਆ ਹੈ। ਮਿਨੀਸੋਟਾ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜੌਪਲਿਨ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਤੂਫ਼ਾਨ ਦਾ ਸੱਭ ਤੋਂ ਵੱਧ ਅਸਰ ਹੋਇਆ ਹੈ। ਇਸ ਖੇਤਰ ਵਿੱਚ ਤਕਰੀਬਨ ਸੱਭ ਇਮਾਰਤਾਂ ਡਿੱਗ ਪਈਆਂ ਹਨ। ਸ਼ਹਿਰਵਾਸੀਆਂ ਨੂੰ ਇਸ ਤੂਫ਼ਾਨ ਦੀ 20 ਮਿੰਟ ਪਹਿਲਾਂ ਸੂਚਨਾ ਦਿੱਤੀ ਗਈ ਸੀ, ਜਿਸ ਕਰਕੇ ਕਈ ਲੋਕ ਆਪਣੀਆਂ ਜਾਨਾਂ ਬਚਾ ਸਕੇ। ਸ਼ਹਿਰ ਦਾ ਇੱਕ ਹਿੱਸੇ ਵਿੱਚ ਕੋਈ ਵੀ ਇਮਾਰਤ ਸਹੀ ਨਹੀਂ ਬਚੀ ਜਦ ਕਿ ਦੂਸਰੇ ਹਿੱਸੇ ਵਿੱਚ ਸਥਿਤੀ ਕੁਝ ਬੇਹਤਰ ਹੈ।
ਮਿਜ਼ੌਰੀ ਦੇ ਗਵਰਨਰ ਜੇ ਨਿਕਸਨ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਸਟੇਟ ਦੇ ਲੋਕਾਂ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਹੋਰ ਤੂਫ਼ਾਨ ਵੀ ਆ ਸਕਦੇ ਹਨ।