ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ, ਭਾਜਪਾ ਅਤੇ ਬਾਦਲ ਦਲ ਦੀਆਂ ਜਮਾਤਾਂ ਕਦੀ ਵੀ ਪੰਜਾਬ ਸੂਬੇ ਦੇ ਬਸਿੰਦਿਆਂ ਜਾਂ ਸਿੱਖ ਕੌਮ ਦੀ ਬਹਿਤਰੀ ਨਹੀਂ ਕਰ ਸਕਦੀਆਂ। ਕਿਉਂਕਿ ਕਾਂਗਰਸ ਅਤੇ ਭਾਜਪਾ ਜਮਾਤਾਂ ਤਾਂ ਪਹਿਲੇ ਦਿਨ ਤੋ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਵਿਰੋਧੀ ਸੋਚ ਰੱਖਦੀਆਂ ਹਨ ਅਤੇ ਉਨ੍ਹਾ ਦੇ ਹੁਣ ਤੱਕ ਦੇ ਅਮਲ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਰਹੇ ਹਨ। ਲੇਕਿਨ ਬਾਦਲ ਦਲੀਏ ਰੂਪੀ ਤੋਤੇ ਦੀ ਜਾਨ ਫਿਰਕੂ ਭਾਜਪਾ ਅਤੇ ਆਰ ਐਸ ਐਸ ਦੇ ਵਿੱਚ ਅਟਕੀ ਹੋਈ ਹੈ। ਬਾਦਲ ਦਲੀਏ ਆਪਣੀ ਸਵਾਰਥਾਂ ਦੀ ਪੂਰਤੀ ਅਧੀਨ ਇਨ੍ਹਾ ਫਿਰਕੂ ਤਾਕਤਾਂ ਦੇ ਪੂਰਨ ਤੌਰ ‘ਤੇ ਗੁਲਾਮ ਬਣ ਚੁੱਕੇ ਹਨ। ਇਸ ਲਈ ਹੀ ਇਨ੍ਹਾ ਤਿੰਨੇ ਸਿਆਸੀ ਜਮਾਤਾਂ ਅਤੇ ਇਨ੍ਹਾ ਦੇ ਆਗੂਆਂ ਨੂੰ ਪੰਜਾਬ ਅਤੇ ਸਿੱਖ ਕੌਮ ਦੇ ਦੋਸਤ ਨਹੀਂ ਕਿਹਾ ਜਾ ਸਕਦਾ। ਇਹ ਤਾਂ ਮਨੁੱਖਤਾ ਅਤੇ ਇਨਸਾਨੀਅਤ ਦੇ ਵੀ ਦੁਸ਼ਮਣ ਹਨ।
ਸ: ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸਾਬਕਾ ਵਜ਼ੀਰ ਅਤੇ ਕਾਂਗਰਸੀ ਆਗੂ ਸ: ਲਾਲ ਸਿੰਘ ਵੱਲੋ ਇਹ ਵਿਚਾਰ ਪ੍ਰਗਟਾਉਣਾ ਕਿ 9 ਅਕਾਲੀ ਦਲ ਦੇ ਅਤੇ 7 ਭਾਜਪਾ ਦੇ ਵਿਧਾਇਕ ਸਾਡੇ ਸੰਪਰਕ ਵਿੱਚ ਹਨ, ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਸੈਟਰ ਦੀ ਨਰਸਿੰਮਾ ਰਾਓ ਸਰਕਾਰ ਦੀ ਤਰ੍ਹਾ ਪੰਜਾਬ ਕਾਂਗਰਸ ਵੀ ਵਿਧਾਇਕਾਂ ਦੀ ਖ੍ਰੀਦੋ-ਫਿਰੋਖਤ ਕਰ ਰਹੀ ਹੈ। ਫਿਰ ਜਿਨ੍ਹਾ ਅਕਾਲੀ ਦਲ ਅਤੇ ਭਾਜਪਾ ਦੇ ਵਜ਼ੀਰਾਂ, ਵਿਧਾਇਕਾਂ ਉੱਤੇ ਰਿਸ਼ਵਤਖੋਰੀ ਅਤੇ ਘਪਲਿਆਂ ਦੇ ਕੇਸ ਦਰਜ ਹਨ, ਸੀ ਬੀ ਆਈ ਦੀ ਏਜੰਸੀ ਜਿਨ੍ਹਾ ਘਪਲਿਆ ਦੀ ਛਾਣਬੀਣ ਕਰ ਰਹੀ ਹੈ, ਅਜਿਹੇ ਰਿਸ਼ਵਤਖੋਰ ਅਤੇ ਗੈਰ ਇਖਲਾਕੀ ਕਾਰਵਾਈਆਂ ਵਿੱਚ ਸ਼ਾਮਿਲ ਅਕਾਲੀਆਂ ਅਤੇ ਬੀਜੇਪੀ ਦੇ ਆਗੂਆਂ ਨੂੰ ਕਾਂਗਰਸ ਆਪਣੇ ਵਿੱਚ ਸ਼ਾਮਿਲ ਕਰਕੇ “ਰਿਸ਼ਵਤਖੋਰੀ ਅਤੇ ਘਪਲਿਆਂ” ਦੀ ਸਮਾਜ ਵਿਰੋਧੀ ਸੋਚ ਨੂੰ ਹੀ ਉਤਸ਼ਾਹਿਤ ਕਰੇਗੀ ਨਾ ਕਿ ਇੱਥੇ ਸਾਫ਼ ਸੁੱਥਰਾ, ਇਨਸਾਫ਼ ਪਸੰਦ, ਸਮਾਜ ਪੱਖੀ ਨਿਜ਼ਾਮ ਕਾਇਮ ਕਰ ਸਕੇਗੀ। ਉਨ੍ਹਾ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੀ ਸੁਖਬੀਰ ਸਿੰਘ ਬਾਦਲ, ਨਿਰਮਲ ਸਿੰਘ ਕਾਹਲੋ, ਸ: ਤੋਤਾ ਸਿੰਘ, ਬੀਬੀ ਜਗੀਰ ਕੌਰ ਆਦਿ ਅਕਾਲੀਆਂ ਉੱਤੇ ਤਾਂ ਪਹਿਲੋ ਹੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਦੂਸਰੇ ਪਾਸੇ ਮਨੋਰੰਜਨ ਕਾਲੀਆ, ਸ਼੍ਰੀ ਮੋਹਨ ਲਾਲ, ਸਵਰਨਾ ਰਾਮ ਦੇ ਸਥਾਨ ਉੱਤੇ ਜੰਗਲਾਤ ਮਹਿਕਮੇ ਵਿੱਚ ਕਰੋੜਾਂ ਦੇ ਘਪਲੇ ਕਰਨ ਵਾਲੇ ਸ਼੍ਰੀ ਤੀਕਸ਼ਣ ਸੂਦ ਜਾਂ ਅਫੀਮ ਘੋਟਾਲਾ ਕਰਨ ਵਾਲੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੂੰ ਵਜ਼ੀਰੀਆਂ ਦੇਣ ਨਾਲ ਰਿਸ਼ਵਤਖੋਰੀ ਦੀ ਬਿਮਾਰੀ ਤਾਂ ਖਤਮ ਨਹੀਂ ਹੋ ਸਕੇਗੀ। ਉੱਧਰ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਉੱਤੇ ਲੁਧਿਆਣੇ ਅਤੇ ਮੋਹਾਲੀ ਵਿੱਚ ਰਿਸ਼ਵਤਖੋਰੀ ਦੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਹੁਣੇ ਬਣਾਏ ਗਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਕੈਪਟਨ ਦੀ ਭੂਆ ਦੇ ਪੁੱਤਰ ਸ਼੍ਰੀ ਅਰਵਿੰਦ ਖੰਨਾ ਉੱਤੇ ਬਹੁਕਰੋੜੀ ਘੋਟਾਲੇ ਸਬੰਧੀ ਸੀ ਬੀ ਆਈ ਵਿੱਚ ਕੇਸ ਚੱਲ ਰਿਹਾ ਹੈ। ਡੋਚੀ (ਹਿਮਾਚਲ) ਵਿਖੇ ਬੀਤੇ ਕੱਲ੍ਹ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਅਹੁਦੇਦਾਰਾਂ ਵੱਲੋ ਅਰੂਸਾ ਆਲਮ ਨੂੰ ਕੀਮਤੀ ਤੋਹਫੇ ਦੇਣ ਦੀ ਜੋ ਕਾਰਵਾਈ ਹੋਈ ਹੈ, ਇਹ ਲੋਕ ਕਦੋ ਇਖਲਾਕੀ ਨਿਜ਼ਾਮ ਦੇ ਸਕਣਗੇ? ਫਿਰ ਇਹ ਤਿੰਨੇ ਜਮਾਤਾਂ ਅਤੇ ਇਨ੍ਹਾ ਦੇ ਆਗੂ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਕਿਸ ਤਰ੍ਹਾ ਇਨਸਾਫ ਦਿਵਾ ਸਕਦੇ ਹਨ? ਇਹ ਆਗੂ ਇੱਥੇ “ਹਲੇਮੀ ਰਾਜ” ਕਦੀ ਸਥਾਪਿਤ ਨਹੀਂ ਕਰ ਸਕਣਗੇ।
ਸ: ਮਾਨ ਨੇ ਆਪਣੇ ਬਿਆਨ ਨੂੰ ਸਮੇਟਦੇ ਹੋਏ ਕਿਹਾ ਕਿ ਹੁਣ ਪੰਜਾਬ ਉੱਤੇ ਰਿਸ਼ਵਤਖੋਰਾਂ ਅਤੇ ਗੈਰ ਇਖਲਾਕੀ ਕਾਰਵਾਈਆਂ ਕਰਨ ਵਾਲਿਆ ਦੀ ਹਕੂਮਤ ਕਾਇਮ ਨਹੀਂ ਹੋ ਸਕਦੀ। ਹੁਣ ਤਾਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੇ ਹੱਕ ਹਕੂਕਾਂ ਦੀ ਦ੍ਰਿੜਤਾ ਨਾਲ ਪੈਰਵੀ ਕਰਨ ਅਤੇ ਹਰ ਤਰ੍ਹਾ ਦੀ ਸਮਾਜਿਕ ਬੁਰਾਈ ਵਿਰੁੱਧ ਜੂਝਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਕਾਇਮ ਹੋਵੇਗੀ। ਇਸ ਹਕੂਮਤ ਵਿੱਚ ਕੋਈ ਵੀ ਸਿਆਸਤਦਾਨ ਜਾਂ ਨੌਕਰਸ਼ਾਹ ਜਨਤਾ ਨਾਲ ਕਿਸੇ ਤਰ੍ਹਾ ਦੀ ਬੇਇਨਸਾਫੀ, ਗੈਰ ਕਾਨੂੰਨੀ, ਗੈਰ ਇਖਾਲਾਕੀ ਵਾਲੀ ਕਾਰਵਾਈ ਨਹੀਂ ਕਰ ਸਕੇਗਾ। ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਜਨਤਾ ਦਾ ਜਵਾਬਦੇਹ ਬਣਾਇਆ ਜਾਵੇਗਾ। ਸੂਬੇ ਵਿੱਚ ਵੱਸਣ ਵਾਲੀਆਂ ਸਮੂਹ ਕੌਮਾਂ, ਧਰਮਾਂ ਅਤੇ ਬਸਿੰਦਿਆਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਹੱਕ ਪ੍ਰਾਪਤ ਹੋਣਗੇ। ਜਾਤ-ਪਾਤ, ਉਚ-ਨੀਚ, ਅਮੀਰ ਗਰੀਬ ਦੀਆਂ ਸਮਾਜਿਕ ਪਾੜੇ ਵਾਲੀ ਮਾਰੂ ਸੋਚ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਵੇਗਾ। ਔਰਤ ਦੇ ਰੁਤਬੇ ਅਤੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ ਸਮਾਜ ਵਿੱਚ ਉਸਨੂੰ ਵੀ ਬਰਾਬਰ ਦਾ ਸਤਿਕਾਰ ਅਤੇ ਹੱਕ ਪ੍ਰਦਾਨ ਹੋਣਗੇ। ਕਿਸੇ ਵੀ ਕੌਮ ਜਾਂ ਇਨਸਾਨ ਵਿੱਚ ਹੀਣ ਭਾਵਨਾ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ। ਚੋਰ ਬਾਜ਼ਾਰੀ, ਸਮੱਗਲਿੰਗ, ਮਿਲਾਵਟਖੋਰੀ ਨੂੰ ਖਤਮ ਕਰਨ ਲਈ ਉਚੇਚੇ ਤੌਰ ‘ਤੇ ਅਮਲੀ ਕਾਰਵਾਈਆਂ ਕੀਤੀਆਂ ਜਾਣਗੀਆਂ। ਜਨਤਾ ਨੂੰ ਆਪਣੇ ਨਲਾਇਕ ਅਤੇ ਅਸਫਲ ਹੋਏ ਵਿਧਾਇਕਾਂ, ਵਜ਼ੀਰਾਂ ਨੂੰ ਵਾਪਿਸ ਬੁਲਾਉਣ ਲਈ ਕਾਨੂੰਨੀ ਤੌਰ ‘ਤੇ ਪ੍ਰਬੰਧ ਕੀਤਾ ਜਾਵੇਗਾ।