ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀਬਾੜੀ ਕਾਲਜ ਅਧੀਨ ਕਾਰਜਸ਼ੀਲ ਖੇਤੀ ਮੌਸਮ ਵਿਭਾਗ ਵੱਲੋਂ ਕਣਕ ਦੀ ਫ਼ਸਲ ਦੇ ਵਾਧੇ ਸੰਬੰਧੀ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ ਨੇ ਕਿਹਾ ਕਿ ਵੱਖ ਵੱਖ ਫ਼ਸਲਾਂ ਦੇ ਵਾਧੇ ਵਿਕਾਸ ਸੰਬੰਧੀ ਮੌਸਮ ਦੇ ਅਸਰ ਸਬੰਧੀ ਮਾਡਲ ਵਿਕਸਤ ਕੀਤੇ ਜਾਣੇ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਖੋਜਕਾਰਾਂ, ਕਿਸਾਨਾਂ, ਪਸਾਰ ਮਾਹਿਰਾਂ ਅਤੇ ਖੇਤੀਬਾੜੀ ਇੰਜੀਨੀਅਰਾਂ ਵਾਸਤੇ ਇਹ ਮਾਡਲ ਸਹਾਈ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਇਹ ਮਾਡਲ ਜਿਥੇ ਸਾਨੂੰ ਖੇਤੀ ਦੇ ਭਵਿੱਖ ਬਾਰੇ ਜਾਣੂ ਕਰਵਾਉਣਗੇ ਉਥੇ ਵਿਕਾਸ ਲਈ ਸੰਭਾਲਣਯੋਗ ਗਿਆਨ ਦੀ ਵਰਤੋਂ ਵੀ ਸਿਖਾਉਣਗੇ। ਉਨ੍ਹਾਂ ਆਖਿਆ ਕਿ ਹਿਸਾਬ, ਕੰਪਿਊਟਰ ਆਧਾਰ ਅਤੇ ਗ੍ਰਾਫਿਕ ਰਾਹੀਂ ਗੁੰਝਲਦਾਰ ਸੰਕਲਪ ਸਮਝਾਏ ਜਾਣੇ ਜ਼ਰੂਰੀ ਹਨ ਤਾਂ ਜੋ ਫ਼ਸਲ ਦੀ ਵਿਕਾਸ ਸੰਭਾਵਨਾ ਨੂੰ ਸਮਝਿਆ ਜਾ ਸਕੇ।
ਖੇਤੀ ਕਾਲਜ ਦੇ ਡੀਨ ਨੇ ਉਦਘਾਟਨੀ ਸ਼ਬਦ ਬੋਲਦਿਆਂ ਆਖਿਆ ਕਿ ਦੇਸ਼ ਦੀਆਂ 15 ਯੂਨੀਵਰਸਿਟੀਆਂ ਤੋਂ ਆਏ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੀ ਸਿੱਖਿਆ ਹਾਸਲ ਕਰਨਗੇ ਉਹ ਭਵਿੱਖ ਦੀ ਖੇਤੀ ਲਈ ਯਕੀਨਨ ਲਾਹੇਵੰਦ ਹੋਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਮੌਸਮ ਸੰਬੰਧੀ ਮਜ਼ਬੂਤ ਗਿਆਨ ਆਧਾਰ ਢਾਂਚਾ ਹਾਸਲ ਹੈ ਅਤੇ ਚੰਗੀ ਰਵਾਇਤ ਕਾਰਨ ਹੀ ਆਧੁਨਿਕ ਮਸ਼ੀਨਾਂ ਦੇ ਸਹਾਰੇ ਅਸੀਂ ਭਵਿੱਖ ਦੀ ਮੌਸਮੀ ਨਿਸ਼ਾਨਦੇਹੀ ਕਰਨ ਦੇ ਕਾਬਲ ਹੋ ਸਕੇ ਹਾਂ। ਉਨ੍ਹਾਂ ਆਖਿਆ ਕਿ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਿਖਿਆਰਥੀ ਮਹੱਤਵਪੂਰਨ ਵਿਸ਼ੇ ਬਾਰੇ ਤਾਜ਼ਾ ਗਿਆਨ ਹਾਸਲ ਕਰ ਸਕਣਗੇ।
ਬਨਸਪਤੀ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਨੇ ਆਖਿਆ ਕਿ ਫ਼ਸਲ ਦੀ ਝਾੜ ਸਮਰੱਥਾ ਵਧਾਉਣ ਘਟਾਉਣ ਵਿੱਚ ਮੌਸਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਫ਼ਸਲਾਂ ਨੂੰ ਲੱਗਣ ਵਾਲੇ ਕੀੜੇ ਅਤੇ ਬੀਮਾਰੀਆਂ ਮੌਸਮ ਤੇ ਨਿਰਭਰ ਹਨ। ਉਨ੍ਹਾਂ ਆਖਿਆ ਕਿ ਇਹ ਸਿਖਲਾਈ ਸਾਡੇ ਸਭ ਲਈ ਨਵੇਂ ਗਿਆਨ ਨੇਤਰ ਖੋਲਣ ਵਾਲੀ ਸਾਬਤ ਹੋਵੇਗੀ।