ਨਵੀਂ ਦਿੱਲੀ – ਕੁਝ ਲੋਕੀਂ ਰਾਜਸੀ ਵਿਰੋਧ ਦੀ ਦਲਦਲ ਵਿਚ ਇਤਨੇ ਫਸ ਗਏ ਹੁੰਦੇ ਹਨ ਕਿ ਉਨ੍ਹਾਂ ਨੂੰ ਸਮਾਜਕ ਜ਼ਿੰਮੇਵਾਰੀਆਂ ਨਿਭਾਏ ਜਾਣ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਪਾਲਣ ਕੀਤੇ ਜਾਣ ਵਿਚ ਵੀ ਰਾਜਨੀਤੀ ਵਿਖਾਈ ਦੇਣ ਲੱਗਦੀ ਹੈ। ਇਹ ਵਿਚਾਰ ਸ. ਜਸਬੀਰ ਸਿੰਘ ਕਾਕਾ ਜਨਰਲ ਸਕੱਤਰ ਅਤੇ ਸ. ਕੁਲਵੰਤ ਸਿੰਘ ਅਰੋੜਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਪ੍ਰਗਟ ਕੀਤੇ। ਇਨ੍ਹਾਂ ਮੁਖੀਆਂ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ, ਜੋ ਬੀਤੇ ਕਾਫੀ ਸਮੇਂ ਤੋਂ ਬਿਮਾਰ, ਅਮਰੀਕਾ ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਸਨ, ਨੂੰ ਬੀਤੇ ਦਿਨੀਂ ਹੀ ਭਾਰਤ ਲਿਆ ਕੇ ਚੰਡੀਗੜ੍ਹ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ, ਰਾਜਸੀ ਸੋਚ ਤੋਂ ਉਪਰ ਉੱਠ, ਮਾਨਵੀ ਅਤੇ ਸਮਾਜਕ ਕਦਰਾਂ-ਕੀਮਤਾਂ ਨੂੰ ਮੁਖ ਰੱਖਦਿਆਂ ਬੀਤੇ ਦਿਨ ਉਨ੍ਹਾਂ ਦਾ ਪਤਾ ਕਰਨ ਚੰਡੀਗੜ੍ਹ ਹਸਪਤਾਲ ਗਏ। ਉਨ੍ਹਾਂ ਦੇ ਇਸ ਪ੍ਰਸ਼ੰਸਾਯੋਗ ਕਦਮ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੂੰ ਇਸ ਵਿਚ ਵੀ ਰਾਜਨੀਤੀ ਵਿਖਾਈ ਦੇਣ ਲੱਗੀ।
ਇਨ੍ਹਾਂ ਮੁਖੀਆਂ ਨੇ ਕਿਹਾ ਕਿ ਯੂ. ਕੇ. ਅਕਾਲੀ ਦਲ, ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੂੰ ਸ. ਸਰਨਾ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦਾ ਹਾਲ-ਚਾਲ ਪੁੱਛਣ ਜਾਣਾ ਨਾ-ਗਵਾਰ ਗੁਜ਼ਰਿਆ ਤੇ ਉਨ੍ਹਾਂ ਆਪਣੀ ਭੜਾਸ ਉਨ੍ਹਾਂ (ਸ. ਸਰਨਾ) ਵਿਰੁੱਧ ਬਿਆਨ ਜਾਰੀ ਕਰਕੇ ਕੱਢ ਮਾਰੀ। ਇਨ੍ਹਾਂ ਮੁਖੀਆਂ ਨੇ ਕਿਹਾ ਕਿ ਆਮ ਸਿੱਖਾਂ ਅਤੇ ਰਾਜਸੀ ਹਲਕਿਆਂ ਵਲੋਂ ਸ. ਸਰਨਾ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਮਾਨਵੀ ਕਦਰਾਂ-ਕੀਮਤਾਂ ਦੇ ਪਾਲਣ ਵਿਚ ਰਾਜਸੀ ਸੋਚ ਨੂੰ ਰੁਕਾਵਟ ਨਹੀਂ ਬਣਨ ਦਿੱਤਾ। ਇਨ੍ਹਾਂ ਮੁਖੀਆਂ ਨੇ ਆਪਣੇ ਬਿਆਨ ਵਿਚ ਹੋਰ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਧਾਮਾਂ ਦੀ ਦਿੱਖ ਸੰਵਾਰਨ ਤੇ ਉਨ੍ਹਾਂ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਕੀਤੇ ਦੇ ਜਾਣ ਕਾਰਣ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੀ ਟੀਮ ਦੀ ਹੋ ਰਹੀ ਚੜ੍ਹਤ ਵੀ ਵਿਰੋਧੀਆਂ ਦੀ ਪ੍ਰੇਸ਼ਾਨੀ ਵਿਚ ਦਿਨ-ਬ-ਦਿਨ ਵਾਧਾ ਕਰ ਰਹੀ ਹੈ, ਜਿਸ ਕਾਰਣ ਉਨ੍ਹਾਂ ਦੀ ਬੌਖਲਾਹਟ ਲਗਾਤਾਰ ਵੱਧਦੀ ਜਾ ਰਹੀ ਹੈ।