ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਬਾਹਰ ਬੁੱਧਵਾਰ ਦੁਪਹਿਰ ਦੇ ਸਮੇਂ ਇੱਕ ਕਾਰ ਵਿੱਚ ਬੰਬ ਧਮਾਕਾ ਹੋਇਆ। ਇਸ ਧਮਾਕੇ ਨਾਲ ਇਸ ਇਲਾਕੇ ਵਿੱਚ ਹਫ਼ੜਾ ਦਫ਼ੜੀ ਮੱਚ ਗਈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਵਾਲੀ ਥਾਂ ਤੋਂ ਬੈਗ ਅਤੇ ਕਿਲ ਵੀ ਮਿਲੇ ਹਨ। ਦਿੱਲੀ ਪੁਲਿਸ ਵਲੋਂ ਇਸ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ। ਬਲਾਸਟ ਤੋਂ ਬਾਅਦ ਦਿੱਲੀ ਅਤੇ ਮੁੰਬਈ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਛੋਟਾ ਬਲਾਸਟ ਸੀ। ਧਮਾਕਾ ਇੱਕ ਪਲਾਸਟਿਕ ਦੇ ਬੈਗ ਵਿੱਚ ਹੋਇਆ, ਜਿਸ ਨੂੰ ਕਾਰ ਦੇ ਬੋਨਟ ਕੋਲ ਰੱਖਿਆ ਹੋਇਆ ਸੀ। ਇਸ ਨੂੰ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਬਲਾਸਟ ਵਿੱਚ ਘੱਟ ਪਾਵਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਧਮਾਕਾ ਕੋਰਟ ਕੈਂਪ ਦੇ ਗੇਟ ਨੰਬਰ 7 ਦੇ ਕੋਲ ਪਾਰਕਿੰਗ ਵਿੱਚ ਖੜ੍ਹੀ ਫੋਰਡ ਫਿਗੋ ਕਾਰ ਦੇ ਕੋਲ ਹੋਇਆ। ਵਿਸਫੋਟਕ ਸਮਗਰੀ ਇੱਕ ਪੈਕਟ ਵਿੱਚ ਛੁਪਾ ਕੇ ਇੱਕ ਵਕੀਲ ਦੀ ਕਾਰ ਕੋਲ ਰੱਖੀ ਗਈ ਸੀ। ਜਿਸ ਵਿੱਚ ਦੁਪਹਿਰ ਦੇ ਸਮੇਂ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਦੇ ਅਧਿਕਾਰੀਆਂ ਦੀ ਟੀਮ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ।