ਨਵੀਂ ਦਿੱਲੀ- ਦਿੱਲੀ ਵਿੱਚ 1993 ਦੇ ਬੰਬ ਧਮਾਕਿਆਂ ਵਿੱਚ ਸੁਪਰੀਮ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਪ੍ਰੋ. ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਰਾਸ਼ਟਰਪਤੀ ਨੇ ਭੁੱਲਰ ਦੀ ਦਇਆ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਇਸ ਲਈ ਭੁੱਲਰ ਨੂੰ ਫਾਂਸੀ ਦੀ ਸਜ਼ਾ ਦੇਣਾ ਤੈਅ ਹੈ।
ਭੁਲਰ ਨੂੰ 2001 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੇਸ਼ ਵਿੱਚ 2004 ਤੋਂ ਬਾਅਦ ਭੁੱਲਰ ਪਹਿਲੇ ਅਜਿਹੇ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੂੰ 1993 ਵਿੱਚ ਰਾਜਧਾਨੀ ਦੇ ਰਾਏਸੀਨਾ ਰੋਡ ਤੇ ਹੋਏ ਬੰਬ ਧਮਾਕਿਆ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਧਮਾਕਿਆਂ ਵਿੱਚ 9 ਲੋਕ ਮਾਰੇ ਗਏ ਸਨ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਫਾਂਸੀ ਦੀ ਸਜ਼ਾ ਦੁਰਲੱਭ ਤੋਂ ਦੁਰਲੱਭ ਮਾਮਲਿਆਂ ਵਿੱਚ ਹੀ ਦਿੱਤੀ ਜਾਵੇ। ਸੰਵਿਧਾਨ ਦੀ ਧਾਰਾ 72 ਦੇ ਤਹਿਤ ਰਾਸ਼ਟਰਪਤੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਸਕਦਾ ਹੈ। ਇਸ ਲਈ ਸਜ਼ਾ ਪਾਉਣ ਵਾਲੇ ਵਿਅਕਤੀ ਨੂੰ ਦਇਆ ਦੀ ਇੱਕ ਦਰਖਾਸਤ ਰਾਸ਼ਟਰਪਤੀ ਨੂੰ ਦੇਣੀ ਹੁੰਦੀ ਹੈ। ਇਸ ਉਪਰ ਫੈਸਲਾ ਲੈਣ ਲਈ ਸਮੇਂ ਦੀ ਕਿਸੇ ਸੀਮਾ ਦਾ ਕੋਈ ਜਿਕਰ ਨਹੀਂ ਹੈ।