ਅੰਮ੍ਰਿਤਸਰ – ਤਿਹਾੜ ਜੇਲ੍ਹ ’ਚ ਨਜ਼ਰਬੰਦ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਕੀਤੀ ਰਹਿਮ ਦੀ ਅਪੀਲ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਵੱਲੋਂ ਰੱਦ ਕਰ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਨਾਲ ਘੱਟ-ਗਿਣਤੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਇਸ ਫੈਸਲੇ ’ਤੇ ਮੁੜ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਇੱਥੋਂ ਜਾਰੀ ਇੱਕ ਪ੍ਰੈਸ ਰਲੀਜ਼ ’ਚ ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ’ਚ ਸਿੱਖਾਂ ਨਾਲ ਇਨਸਾਫ਼ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ ਜਦ ਕਿ ਪ੍ਰੋ: ਭੁੱਲਰ ਦੇ ਕੇਸ ’ਚ ਵੱਡੀ ਗਿਣਤੀ ’ਚ ਗਵਾਹਾਂ ਨੇ ਪੁਲਿਸ ਵੱਲੋਂ ਪ੍ਰੋ: ਭੁੱਲਰ ਦੇ ਵਿਰੁੱਧ ਦੱਸੀ ਕਹਾਣੀ ਦੇ ਉਲਟ ਬਿਆਨ ਦਰਜ ਕਰਵਾਏ ਹਨ।
ਉਨ੍ਹਾਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇੱਕ ਬਹੁ-ਸੰਮਤੀ ਫ਼ੈਸਲੇ ਅਨੁਸਾਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਉਸ ਦੇ ਇਕਬਾਲੀਆ ਬਿਆਨਾਂ, ਜੋ ਪੁਲਿਸ ਅਤੇ ਏਜੰਸੀਆਂ ਵੱਲੋਂ ਤੀਜਾ ਦਰਜਾ ਅੱਤਿਆਚਾਰ ਕਰਕੇ ਲਏ ਗਏ ਸਮਝੇ ਜਾਂਦੇ ਹਨ, ਦੇ ਆਧਾਰ ’ਤੇ ਉਸ ਨੂੰ ਤਾਂ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ, ਪਰ 1984 ’ਚ ਦਿੱਲੀ, ਬੋਕਾਰੋ ਤੇ ਦੇਸ਼ ਦੇ ਹੋਰ ਸ਼ਹਿਰਾਂ ’ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੀਕ ਕਿਸੇ ਨੇ ਫਾਂਸੀ ਨਹੀਂ ਦਿੱਤੀ। ਇੱਕ ਮਿਸ਼ਨਰੀ ਇਸਾਈ ਪਾਦਰੀ ਨੂੰ ਬੱਚਿਆਂ ਸਮੇਤ ਜਿਉਂਦਾ ਸਾੜ ਦੇਣ ਵਾਲਿਆਂ ਨੂੰ ਕਿਸੇ ਨੇ ਫਾਂਸੀ ਨਹੀਂ ਦਿੱਤੀ। ਗੁਜਰਾਤ ’ਚ ਹੋਏ ਘੱਟ ਗਿਣਤੀ ਲੋਕਾਂ ਦੇ ਸਮੂਹ ਕਤਲੇਆਮ ਦੇ ਨਾਮਜ਼ਦ ਕੀਤੇ ਦੋਸ਼ੀਆਂ ’ਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤਾ, ਪਰ ਉਨ੍ਹਾਂ ਚੋਂ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ, ਫਾਂਸੀ ਕੇਵਲ ਭੁੱਲਰ ਨੂੰ ਹੀ ਕਿਉਂ? ਜਦ ਕਿ ਜਿਸ ਵਿਅਕਤੀ ਦੇ ਸਬੰਧ ’ਚ ਪ੍ਰੋ: ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ, ਉੁਹ ਜਿਉਂਦਾ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਦੁਨੀਆਂ ਦੇ ਸਭਿਅਕ ਦੇਸ਼ ਤੇ ਕੌਮਾਂ ਫਾਂਸੀ ਨੂੰ ਜੰਗਲ ਦਾ ਕਾਨੂੰਨ ਸਮਝਦੀਆਂ ਹਨ। ਸਮੁੱਚੇ ਸੰਸਾਰ ’ਤੇ ਫਾਂਸੀ ਦੀ ਸਜਾ ਨੂੰ ਖ਼ਤਮ ਕੀਤੇ ਜਾਣ ਦੀਆਂ ਵਿਚਾਰਾਂ ਹੋ ਰਹੀਆਂ ਹਨ ਦੂਜੇ ਪਾਸੇ ਜਿਸ ਕੌਮ ਨੇ ਦੇਸ਼ ਦੀ ਅਜ਼ਾਦੀ, ਰੱਖਿਆ, ਵਿਕਾਸ ਲਈ ਵੱਡਾ ਯੋਗਦਾਨ ਪਾਇਆ ਹੈ ਉਸ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਪੀਲਾਂ ਦੇ ਬਾਵਜੂਦ ਵੀ ਫਾਂਸੀ ਦੀ ਸਜਾ ਬਰਕਰਾਰ ਰੱਖਣੀ ਇਹ ਸਾਬਤ ਕਰਦੀ ਹੈ ਕਿ ਸਿੱਖਾਂ ਨੂੰ ਨਿਆਂ ਦੀ ਕੋਈ ਆਸ ਨਹੀਂ। ਜਦ ਕਿ ਪ੍ਰੋ: ਭੁੱਲਰ ਦੇ ਕੇਸ ’ਚ ਜੁਡੀਸ਼ਰੀ ਵੀ ਸਜਾ ਦੇਣ ਲਈ ਇਕ ਮੱਤ ਨਹੀਂ ਸੀ। ਆਮ ਤੌਰ ’ਤੇ ਸ਼ੱਕ ਦੀ ਗੁੰਜਾਇਸ਼ ਦਾ ਲਾਭ ਵੀ ਮੁਜ਼ਰਮ ਨੂੰ ਮਿਲਦਾ ਪਰ ਇਸ ਕੇਸ ਵਿਚ ਅਜਿਹਾ ਵੀ ਨਹੀਂ ਹੋਇਆਪ
ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਪ੍ਰੋ: ਦਵਿੰਦਰਪਾਲ ਸਿੰਘ ਦੀ ਫਾਂਸੀ ਦੀ ਸਜ਼ਾ ਘੱਟੋ-ਘੱਟ ਉਮਰ-ਕੈਦ ’ਚ ਤਬਦੀਲ ਕਰ ਕੀਤੇ ਜਾਣ ਲਈ ਅਪੀਲ ਕਰ ਚੁੱਕਾ ਹਾਂ। ਪਰ ਅੱਜ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮੁਆਫ ਨਾ ਕੀਤੇ ਜਾਣ ਦੇ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਉਹਨਾਂ ’ਚ ਬੇਗ਼ਾਨਗੀ ਦਾ ਆਲਮ ਹੈ। ਉਨ੍ਹਾਂ ਇਸ ਫੈਸਲੇ ’ਤੇ ਮੁੜ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ ਹੈ।