ਲੁਧਿਆਣਾ:- ਸਰਸਵਤੀ ਪੁਰਸਕਾਰ ਵਿਜੇਤਾ ਉੱਘੇ ਪੰਜਾਬੀ ਕਵੀ ਅਤੇ ਪੀ ਏ ਯੂ ਅਧਿਆਪਕ ਡਾ: ਸੁਰਜੀਤ ਪਾਤਰ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਲੋਕ ਸਾਹਿਤ ਸੰਭਾਲਕਾਰ ਦਵਿੰਦਰ ਸਤਿਆਰਥੀ ਨੂੰ ਸਮਰਪਿਤ ਮਿਲਣੀ ਮੌਕੇ ਤ੍ਰੈਮਾਸਕ ਪੱਤਰ ਤ੍ਰਿਸ਼ੰਕੂ ਦਾ ਵਿਗਿਆਨੀ ਕਵੀ ਵਿਸੇਸ਼ ਅੰਕ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਭਵਿੱਖ ਦੇ ਨਕਸ਼ ਸੰਵਾਰਨ ਲਈ ਵਿਗਿਆਨ ਅਤੇ ਸਾਹਿਤ ਦਾ ਸੁਮੇਲ ਜ਼ਰੂਰੀ ਹੈ। ਤ੍ਰਿਸ਼ੰਕੂ ਮੈਗਜ਼ੀਨ ਵੱਲੋਂ ਉੱਘੇ ਪੰਜਾਬੀ ਕਵੀ ਅਤੇ ਵਿਗਿਆਨੀ ਡਾ: ਸੁਖਚੈਨ ਨੇ ਇਹ ਵਿਸ਼ੇਸ਼ ਅੰਕ ਸੰਪਾਦਤ ਕਰਕੇ ਸਾਡੇ ਸਭ ਲਈ ਨਵੀਂ ਖਿੜਕੀ ਖੋਲੀ ਹੈ। ਉਨ੍ਹਾਂ ਆਖਿਆ ਕਿ ਡਾ: ਸੁਖਚੈਨ ਵੱਲੋਂ ਸੰਸਾਰ ਪ੍ਰਸਿੱਧ ਕਣਕ ਵਿਗਿਆਨੀ ਡਾ: ਬਿਕਰਮ ਗਿੱਲ ਅਤੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਹੋਰਾਂ ਨਾਲ ਕੀਤੀ ਸਾਂਝੀ ਮੁਲਾਕਾਤ ਸਾਨੂੰ ਇਹ ਵਿਸ਼ਵਾਸ਼ ਦਿਵਾਉਂਦੀ ਹੈ ਕਿ ਪਿੰਡਾਂ ਦੇ ਜੰਮੇ ਜਾਏ ਗੱਭਰੂ ਜੇ ਮਨ ਵਿੱਚ ਨਿਸ਼ਚਾ ਕਰ ਲੈਣ ਤਾਂ ਵਿਗਿਆਨ ਦੇ ਖੇਤਰ ਵਿੱਚ ਸੰਸਾਰ ਪ੍ਰਸਿੱਧੀ ਹਾਸਲ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਵਿਸ਼ੇਸ਼ ਅੰਕ ਵਿੱਚ ਡਾ: ਸੁਖਚੈਨ ਨੇ ਪ੍ਰੋਫੈਸਰ ਪੂਰਨ ਸਿੰਘ, ਡਾ: ਬਿਕਰਮ ਗਿੱਲ, ਡਾ: ਗੁਰੂਮੇਲ ਸਿੱਧੂ, ਡਾ: ਗੁਰਸ਼ਰਨ ਰੰਧਾਵਾ, ਪ੍ਰਦੀਪ ਬੋਸ, ਡਾ: ਜਗਤਾਰ ਧੀਮਾਨ, ਡਾ: ਸੁਖਪਾਲ, ਡਾ: ਅਮਰਜੀਤ ਟਾਂਡਾ, ਡ: ਸੁਰਿੰਦਰ ਧੰਜਲ ਅਤੇ ਆਪਣੀਆਂ ਰਚਨਾਵਾਂ ਤੋਂ ਇਲਾਵਾ ਬਾਲ ਸਿਹਤ ਮਾਹਿਰ ਡਾ:ਰਵਿੰਦਰ ਬਟਾਲਾ, ਵੈਟਰਨਰੀ ਡਾਕਟਰ ਡਾ: ਬਲਵੀਰ ਬਗੀਚਾ ਸਿੰਘ ਧਾਲੀਵਾਲ ਅਤੇ ਡਾ: ਗੋਪਾਲ ਸਿੰਘ ਪੁਰੀ ਦਾ ਕਲਾਮ ਵੀ ਪੇਸ਼ ਕਰਕੇ ਸਾਡੇ ਵਾਸਤੇ ਵਿਗਿਆਨੀ ਮਨ ਦੀ ਤਰਲਤਾ ਦਾ ਸ਼ੀਸ਼ਾ ਪੇਸ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਅਲਬਰਟ ਆਇਨਸਟਾਈਨ ਦੀਆਂ ਰਚਨਾਵਾਂ ਦਾ ਅਮਰਜੀਤ ਚੰਦਨ ਵੱਲੋਂ ਅਨੁਵਾਦ ਵੀ ਇਸ ਅੰਕ ਦੀ ਸ਼ਾਨ ਬਣਿਆ ਹੈ।
ਡਾ: ਪਾਤਰ ਨੇ ਆਖਿਆ ਕਿ ਸ਼੍ਰੀ ਦਵਿੰਦਰ ਸਤਿਆਰਥੀ ਪੰਜਾਬ ਵਿੱਚ ਪਟਿਆਲਾ, ਪੱਟੀ ਅਤੇ ਅੰਮ੍ਰਿਤਸਰ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਕਸਰ ਲੇਖਕਾਂ ਅਤੇ ਇਥੋਂ ਦੇ ਵਿਦਿਆਰਥੀਆਂ ਨੂੰ ਮਿਲਣ ਆਉਂਦੇ ਸਨ। ਉਨ੍ਹਾਂ ਦੇ ਸੁਭਾਅ ਵਿਚੋਂ ਸ਼ਬਦ ਸੰਭਾਲ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਨਾਵਲਾਂ, ਕਹਾਣੀਆਂ, ਕਵਿਤਾਵਾਂ ਅਤੇ ਲੋਕ ਸਾਹਿਤ ਖੋਜ ਸਦਕਾ ਹਮੇਸ਼ਾਂ ਸਾਡੇ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਇਸ ਮੌਕੇ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਸਤਿਆਰਥੀ ਜੀ ਨਾਲ ਸਬੰਧਿਤ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਆਪਣੇ ਪੁਰਖਿਆਂ ਦੇ ਜਨਮ ਦਿਵਸ ਮਨਾਉਣ ਦਾ ਮਨੋਰਥ ਉਨ੍ਹਾਂ ਦੀ ਸਿਰਜਣਾ ਅਤੇ ਜੀਵਨ ਘਾਲਣਾ ਨੂੰ ਨਮਸਕਾਰ ਕਰਨਾ ਹੈ। ਦਵਿੰਦਰ ਸਤਿਆਰਥੀ ਨੇ ਗੁਰੂ ਦੇਵ ਰਵਿੰਦਰਾ ਨਾਥ ਟੈਗੋਰ ਪਾਸੋਂ ਸਿਰਫ ਸ਼ਕਲ ਸੂਰਤ ਅਪਣਾਉਣ ਦੀ ਪ੍ਰੇਰਨਾ ਹੀ ਨਹੀਂ ਸੀ ਲਈ ਸਗੋਂ ਪੰਜਾਬੀ ਲੋਕ ਸਾਹਿਤ ਦੀ ਸੰਭਾਲ ਵਾਲੀ ਗੁੜਤੀ ਵੀ ਹਾਸਿਲ ਕੀਤੀ ਜਿਸ ਸਦਕਾ ਉਹ ਪੰਜਾਬੀ ਲੋਕ ਵਿਰਾਸਤ ਦੇ ਸੰਭਾਲਕਾਰ ਵਜੋਂ ਹਮੇਸ਼ਾਂ ਚੇਤਿਆਂ ’ਚ ਵਸੇ ਰਹਿਣਗੇ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਸਾਡੇ ਵਾਸਤੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਅੰਕ ਵਿੱਚ ਸ਼ਾਮਿਲ ਕਵੀਆਂ ਵਿਚੋਂ ਡਾ: ਗੁਰੂਮੇਲ ਸਿੱਧੂ, ਡਾ: ਗੁਰਸ਼ਰਨ ਰੰਧਾਵਾ, ਪ੍ਰਦੀਪ ਬੋਸ, ਡ: ਸੁਖਪਾਲ, ਡਾ: ਅਮਰਜੀਤ ਟਾਂਡਾ ਅਤੇ ਡਾ: ਸੁਖਚੈਨ ਮਿਸਤਰੀ ਤੋਂ ਇਲਾਵਾ ਮੈਂ ਖੁਦ ਵੀ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਅਤੇ ਡਾ: ਮਹਿੰਦਰ ਸਿੰਘ ਰੰਧਾਵਾ ਦੇ ਸਮੇਂ ਤੋਂ ਲੈ ਕੇ ਅੱਜ ਤੀਕ ਇਸ ਯੂਨੀਵਰਸਿਟੀ ਵਿੱਚ ਸਾਹਿਤ ਅਤੇ ਵਿਗਿਆਨ ਦੀ ਸਹਿ ਯਾਤਰਾ ਹੁੰਦੀ ਰਹੀ ਹੈ। ਡਾ: ਸੁਖਚੈਨ ਮਿਸਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਗਿਆਨੀ ਕਵੀ ਵਿਸੇਸ਼ ਅੰਕ ਪੇਸ਼ ਕਰਕੇ ਬਹੁਤ ਤਸੱਲੀ ਹੋਈ ਹੈ। ਇਹ ਆਰੰਭ ਹੈ ਅੰਤ ਨਹੀਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਪੁਸਤਕ ਰੂਪ ਵਿੱਚ ਵੀ ਵਿਗਿਆਨੀ ਕਵੀਆਂ ਦੀਆਂ ਰਚਨਾਵਾਂ ਸੰਪਾਦਿਤ ਕਰਨਗੇ। ਇਸ ਮੌਕੇ ਤ੍ਰਿਸ਼ੰਕੂ ਦੇ ਮੁੱਖ ਸੰਪਾਦਕ ਡਾ: ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਪ੍ਰੋਫੈਸਰ ਕਰਮ ਸਿੰਘ ਸੰਧੂ ਜਗਰਾਉਂ, ਡਾ: ਮਨੂ ਸ਼ਰਮਾ ਸੋਹਲ, ਡਾ: ਗੁਲਜ਼ਾਰ ਪੰਧੇਰ, ਪ੍ਰੋਫੈਸਰ ਸੰਤੋਖ ਸਿੰਘ ਔਜਲਾ, ਡਾ: ਨਿਰਮਲ ਜੌੜਾ, ਡਾ: ਬਲਬੀਰ ਬਗੀਚਾ ਸਿੰਘ ਧਾਲੀਵਾਲ, ਡਾ: ਅਨਿਲ ਸ਼ਰਮਾ ਤੋਂ ਇਲਾਵਾ ਤਰਲੋਚਨ ਝਾਂਡੇ ਵੀ ਹਾਜ਼ਰ ਸਨ।