ਵਾਸਿੰਗਟਨ- ਅਮਰੀਕੀ ਮੀਡੀਏ ਦਾ ਮੰਨਣਾ ਹੈ ਕਿ ਹਿਲਰੀ ਕਲਿੰਟਨ ਦਾ ਹਾਲ ਹੀ ਵਿੱਚ ਪਾਕਿਸਤਾਨ ਦੀ ਯਾਤਰਾ ਦੌਰਾਨ ਪਹਿਲਾਂ ਵਾਂਗ ਗਰਮ ਜੋਸ਼ੀ ਨਾਲ ਸਵਾਗਤ ਨਹੀਂ ਹੋਇਆ। ਇਸ ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਗਿਰਾਵਟ ਸਾਫ਼ ਵਿਖਾਈ ਦਿੰਦੀ ਹੈ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨਾਲ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਦੀ ਪਹਿਲੇ ਦਿਨ ਦੀ ਬੈਠਕ ਦੌਰਾਨ ਤਣਾਅ ਸਾਫ਼ ਵਿਖਾਈ ਦੇ ਰਿਹਾ ਸੀ। ਪਾਕਿਸਤਾਨੀ ਨੇਤਾਵਾਂ ਦੇ ਚਿਹਰਿਆਂ ਤੇ ਨਾਂ ਤਾਂ ਉਹ ਮੁਸਕਰਾਹਟ ਸੀ ਅਤੇ ਨਾਂ ਹੀ ਗਰਮਜੋਸ਼ੀ ਨਾਲ ਹੱਥ ਮਿਲਾਏ ਗਏ, ਜੋ ਕਿ ਆਮ ਤੌਰ ਤੇ ਅਜਿਹੀਆਂ ਬੈਠਕਾਂ ਦੌਰਾਨ ਹੁੰਦਾ ਹੈ। ਪੱਤਰਕਾਰਾਂ ਨੂੰ ਵੀ ਜਲਦੀ ਹੀ ਕਮਰੇ ਤੋਂ ਬਾਹਰ ਕਰ ਦਿੱਤਾ ਗਿਆ। ਐਬਟਾਬਾਦ ਵਿੱਚ ਲਾਦਿਨ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਹੋਈ ਕਿਰਕਿਰੀ ਕਰਕੇ ਨਰਾਜਗੀ ਸਪੱਸ਼ਟ ਨਜ਼ਰ ਆ ਰਹੀ ਸੀ। ਹਿਲਰੀ ਦੇ ਨਾਲ ਐਡਮਿਰਲ ਮਾਈਕ ਮੂਲੇਨ ਵੀ ਪਾਕਿਸਤਾਨ ਦੀ ਯਾਤਰਾ ਤੇ ਗਏ ਹਨ।