ਚੰਡੀਗੜ੍ਹ:- “ਜਦੋ ਹਿੰਦੂਤਵ ਹਕੂਮਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਵਿੱਚ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਦੇ ਹੋਏ ਜਰਮਨ ਹਕੂਮਤ ਦੀ ਮਨੁੱਖਤਾ ਪੱਖੀ ਰਾਏ ਅਤੇ ਵਿਚਾਰਾਂ ਨੂੰ ਨਜ਼ਰਅੰਦਾਜ ਕਰਕੇ ਜਰਮਨ ਹਕੂਮਤ ਨੂੰ ਟਿੱਚ ਸਮਝ ਰਹੀ ਹੈ ਪਰ ਜਰਮਨ ਚਾਂਸਲਰ ਬੀਬੀ ਐਨਜੀਲਾ ਮਾਰਕਲ ਨੂੰ ਵੀ ਚਾਹੀਦਾ ਹੈ ਕਿ ਹਿੰਦ ਵੱਲੋ ਕੀਤੀ ਗਈ ਉਲੰਘਣਾ ਅਤੇ ਕੌਮਾਂਤਰੀ ਹਵਾਲਗੀ ਸੰਧੀ ਦਾ ਤੌਹੀਨ ਕਰਨ ਦੇ ਮੁੱਦੇ ਉੱਤੇ ਹਿੰਦ ਨੂੰ ਕੌਮਾਂਤਰੀ ਕਟਹਿਰੇ ਵਿੱਚ ਦੋਸ਼ੀ ਦੇ ਰੂਪ ਵਿੱਚ ਖੜਾ ਕਰੇ ਅਤੇ ਹਿੰਦ ਵੱਲੋ ਦਿੱਤੇ ਜਾਣ ਵਾਲੇ ਨਹਿਰੂ ਅਵਾਰਡ ਦੇ ਅਖੌਤੀ ਸਨਮਾਨ ਨੂੰ ਉਹ ਬਿਲਕੁੱਲ ਪ੍ਰਵਾਨ ਨਾ ਕਰਨ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਰਮਨ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾ ‘ਤੇ ਜ਼ੋਰਦਾਰ ਅਪੀਲ ਕਰਦੇ ਹੋਏ ਯੂਰਪੀਨ, ਪੱਛਮੀ ਅਤੇ ਨਾਟੋ ਮੁਲਕਾਂ ਵਿੱਚ ਵਿਚਰਨ ਵਾਲੇ ਸਿੱਖਾਂ ਨੂੰ ਇਹ ਅਪੀਲ ਕੀਤੀ ਕਿ ਉਹ ਆਪੋ ਅਪਾਣੇ ਤੌਰ ‘ਤੇ ਆਪਣੇ ਮੁਲਕਾਂ ਵਿੱਚ ਸਥਿਤ ਜਰਮਨ ਐਮਬੈਸੀ ਅੱਗੇ ਹਿੰਦ ਹਕੂਮਤ ਦੇ ਮਨੁੱਖਤਾ ਵਿਰੋਧੀ ਕੀਤੇ ਗਏ ਫੈਸਲੇ ਦੇ ਰੋਸ ਵਜੋ ਵਿਖਾਵੇ ਕਰਦੇ ਹੋਏ ਯਾਦ ਪੱਤਰ ਦੇਣ। ਜਿਸ ਵਿੱਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਾਉਣ ਲਈ ਜ਼ੋਰ ਪਾਉਣ। ਉਨ੍ਹਾ ਇਹ ਵੀ ਗੁਜ਼ਾਰਿਸ ਕੀਤੀ ਕਿ ਸਿੱਖ ਕੌਮ ਹਿੰਦ ਦੇ ਵਜ਼ੀਰ ਏ ਆਜਿਮ ਡਾ: ਮਨਮੋਹਨ ਸਿੰਘ ਅਤੇ ਪ੍ਰੈਜ਼ੀਡੈਂਟ ਸ਼੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਨੂੰ ਪ੍ਰੋ: ਭੁੱਲਰ ਦੀ ਫਾਂਸੀ ਰੱਦ ਕਰਨ ਲਈ ਵੱਡੀ ਗਿਣਤੀ ਵਿੱਚ ਟੈਲੀਗ੍ਰਾਮਾਂ ਪਾਉਣ ਦੇ ਨਾਲ ਨਾਲ ਉਹ ਹਿੰਦ ਹਕੂਮਤ ਨੂੰ ਖਬਰਦਾਰ ਵੀ ਕਰਨ ਕਿ ਜੇਕਰ ਸਿੱਖ ਕੌਮ ਦੀ ਇਸ ਬੇਕਸੂਰ ਨੌਜਵਾਨ ਸਬੰਧੀ ਕੀਤੇ ਗਏ ਸਿਆਸੀ ਫੈਸਲੇ ਨੂੰ ਬਦਲਿਆ ਨਾ ਗਿਆ ਤਾਂ ਪੰਜਾਬ ਅਤੇ ਮੁਲਕ ਦੀ ਸਥਿਤੀ ਨੂੰ ਸ਼੍ਰੀ ਮਕਬੂਲ ਭੱਟ ਕਸ਼ਮੀਰੀ ਆਗੂ ਦੀ ਤਰ੍ਹਾ ਪੈਦਾ ਹੋਣ ਵਾਲੇ ਵਿਸਫੋਟਕ ਹਾਲਾਤਾਂ ਤੋ ਕੋਈ ਨਹੀਂ ਰੋਕ ਸਕੇਗਾ। ਫਿਰ ਤੋ ਅਜਿਹੇ ਹਾਲਾਤ ਬਣਾਉਣ ਲਈ ਹਿੰਦੂਤਵ ਹਕੂਮਤ, ਆਰ ਐਸ ਐਸ, ਬੀਜੇਪੀ ਸਿੱਧੇ ਤੌਰ ‘ਤੇ ਜਿ਼ੰਮੇਵਾਰ ਹੋਣਗੇ। ਉਨ੍ਹਾ ਸਿੱਖ ਕੌਮ ਨਾਲ ਹੋ ਰਹੇ ਵਿਤਕਰਿਆਂ, ਬੇਇਨਸਾਫੀਆਂ ਵਿਰੁੱਧ ਫੈਸਲਾਕੁੰਨ ਜੰਗ ਲੜਣ ਲਈ ਸਿੱਖ ਕੌਮ ਨੂੰ ਤਿਆਰ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅੱਜ ਖਾਲਸਤਾਨ ਨੂੰ ਕਾਇਮ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿਉਕਿ ਆਪਣੀ ਆਜ਼ਾਦ ਹਕੂਮਤ ਤੋ ਬਿਨ੍ਹਾ ਸਿੱਖਾਂ ਨੂੰ ਇਨਸਾਫ਼ ਮਿਲਣਾ ਅਸੰਭਵ ਹੈ। ਜਦੋ ਅਸੀਂ ਹਿੰਦੂਤਵ ਹਕੂਮਤ ਤੋ ਆਜ਼ਾਦ ਹੋ ਗਏ, ਤਾਂ ਕੋਈ ਵੀ ਤਾਕਤ ਨਾ ਤਾਂ ਸਿੱਖ ਕੌਮ ਨੂੰ ਜਲੀਲ ਕਰ ਸਕੇਗੀ ਅਤੇ ਨਾ ਹੀ ਇਸ ਤਰ੍ਹਾ ਬੇਕਸੂਰ ਸਿੱਖਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦੇ ਸਕੇਗੀ। ਸਾਡਾ ਆਪਣਾ ਕੌਮੀ ਨਿਸ਼ਾਨ, ਵਿਧਾਨ ਅਤੇ ਪ੍ਰਧਾਨ ਹੋਵੇਗਾ, ਜਿਸ ਵਿੱਚ ਸਮੁੱਚੇ ਫੈਸਲੇ ਇਖਲਾਕੀ ਕਦਰਾਂ ਕੀਮਤਾਂ ਅਤੇ ਕਾਨੂੰਨ ਨੂੰ ਕਾਇਮ ਰੱਖਦੇ ਹੋਏ ਕੀਤੇ ਜਾਣਗੇ।
ਸ: ਮਾਨ ਨੇ ਇਸ ਗੱਲ ‘ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਜਥੇਦਾਰ, ਜ਼ੇਲ੍ਹ ਵਿੱਚ ਬੇਅੰਤ ਕਤਲ ਕੇਸ ਵਿੱਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕਿਉ ਨਹੀਂ ਕਰਦੇ? ਇਸੇ ਤਰ੍ਹਾ ਸਿੱਖ ਕੌਮ ਦੇ ਕਾਤਿਲ ਸ਼੍ਰੀ ਐਲ ਕੇ ਅਡਵਾਨੀ, ਪੀ ਚਿੰਦਬਰਮ, ਸ਼੍ਰੀ ਕਮਲ ਨਾਥ, ਅਰੁਣ ਸਿੰਘ, ਅਰੁਣ ਨਹਿਰੂ ਆਦਿ ਸਿਆਸਤਦਾਨਾਂ ਵੱਲੋ ਬੀਤੇ ਸਮੇ ਵਿੱਚ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਅਤੇ ਸਿੱਖ ਜਜਬਾਤਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਦੀਆਂ ਹੋਈਆਂ ਕਾਰਵਾਈਆਂ ਦੀ ਆਜ਼ਾਦਾਨਾ ਛਾਣਬੀਣ ਕਰਵਾ ਕੇ ਸੱਚ ਨੂੰ ਸਾਹਮਣੇ ਕਿਉਂ ਨਹੀਂ ਲਿਆਉਦੇ? ਸ: ਮਾਨ ਨੇ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲਾ ਵਰਤਾਰਾ ਹੈ ਕਿ ਜਿਸ ਬਾਦਲ ਦਲ ਅਤੇ ਉਸਦੇ ਆਗੂਆਂ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਤਿਹਾੜ ਜ਼ੇਲ੍ਹ ਤੋ ਪੰਜਾਬ ਵਿੱਚ ਤਬਦੀਲ ਹੋਣ ਦੇ ਅਮਲ ਉੱਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ। ਇਸ ਨਾਲ ਪੰਜਾਬ ਦੇ ਅਮਨ ਚੈਨ ਨੂੰ ਖਤਰਾ ਹੈ। ਅੱਜ ਸ: ਬਾਦਲ, ਸ਼੍ਰੀ ਸੁਖਬੀਰ ਸਿੰਘ ਬਾਦਲ, ਸ: ਢੀਡਸਾ, ਸ: ਭੁੰਦੜ ਅਤੇ ਸ਼੍ਰੀ ਚੰਦੂਮਾਜਰੇ ਵਰਗੇ ਬਹਿਰੂਪੀਏ ਚੋਣਾਂ ਦੇ ਅਮਲ ਅਤੇ ਸਿੱਖ ਵੋਟਾਂ ਪ੍ਰਾਪਤ ਕਰਨ ਦੀ ਲਾਲਸਾ ਨੂੰ ਮੁੱਖ ਰੱਖ ਕੇ ਉੱਚੀ ਵਾਂਗ ਦੇ ਕੇ ਕਹਿ ਰਹੇ ਹਨ ਕਿ ਪ੍ਰੋ: ਭੁੱਲਰ ਦੀ ਸਜ਼ਾ ਮੁਆਫ਼ ਹੋਣੀ ਚਾਹੀਦੀ ਹੈ। ਅਸੀਂ ਪੁੱਛਣਾ ਚਾਹੂੰਦੇ ਹਾਂ ਕਿ ਜੇਕਰ ਬਾਦਲ ਦਲੀਏ ਪ੍ਰੋ: ਭੁੱਲਰ ਅਤੇ ਹੋਰ ਬੰਦੀ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਾਉਣ ਲਈ ਇਮਾਨਦਾਰ ਹਨ ਤਾਂ ਉਨ੍ਹਾ ਨੇ 2003 ਵਿੱਚ ਸੈਟਰ ਵਿੱਚ ਸ਼੍ਰੀ ਵਾਜਪਾਈ ਦੀ ਆਪਣੀ ਭਾਈਵਾਲ ਹਕੂਮਤ ਸਮੇ ਅਜਿਹਾ ਕੌਮ ਪੱਖੀ ਅਮਲ ਕਿਉ ਨਾ ਕਰਵਾਇਆ? ਕੀ ਉਹ ਚੋਣਾਂ ਦਾ ਮਾਹੌਲ ਵੇਖ ਕੇ ਇਨ੍ਹਾ ਅਤਿ ਸੰਜੀਦਾ ਸਿੱਖ ਮੁੱਦਿਆਂ ਉੱਤੇ “ਮਗਰਮੱਛ ਦੇ ਹੰਝੂ ਵਹਾਉਣ” ਦਾ ਦਿਖਾਵਾ ਨਹੀਂ ਕਰ ਰਹੇ? ਸ: ਮਾਨ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਿਰਕੂ ਭਾਜਪਾ, ਆਰ ਆਰ ਐਸ ਅਤੇ ਕਾਂਗਰਸ ਦੀ ਗੁਲਾਮ ਬਣ ਚੁੱਕੀ ਇਹ ਮੌਜੂਦਾ ਕਾਬਿਜ਼ ਸਿੱਖ ਲੀਡਰਸਿ਼ਪ ਹੀ ਅਸਲੀਅਤ ਵਿੱਚ ਸਿੱਖਾਂ ਦੀ ਕਾਤਿਲ ਹੈ, ਜਿਸਨੇ ਬਲਿਊ ਸਟਾਰ ਦੀ ਕਾਰਵਾਈ ਨੂੰ ਪ੍ਰਵਾਨਗੀ ਦਿੱਤੀ ਸੀ। ਉਨ੍ਹਾ ਕਿਹਾ ਕਿ ਜੇ ਹੁਕਮਰਾਨ ਪ੍ਰੋ: ਭੁੱਲਰ ਵਰਗੇ ਬੇਕਸੂਰ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਤਬਦੀਲ ਨਹੀਂ ਕਰਦਾ ਤਾਂ ਸਿੱਖ ਕੌਮ ਨੂੰ ਆਪਣੀ ਆਜ਼ਾਦੀ ਦੀ ਫੈਸਲਾਕੁੰਨ ਲੜਾਈ ਲੜਨ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ, ਉਦੋ ਤੱਕ ਚੈਨ ਨਾਲ ਨਹੀਂ ਬੈਠਣਾ ਚਾਹੀਦਾ ਜਦੋ ਤੱਕ ਸਿੱਖ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਸਤਾਨ ਕਾਇਮ ਨਹੀਂ ਹੋ ਜਾਂਦਾ ਅਤੇ ਸਿੱਖ ਕੌਮ ਆਜ਼ਾਦ ਨਹੀਂ ਹੋ ਜਾਂਦੀ।