ਚੰਨ ਚਾਨਣੀ ਰਾਤ ਸੀ ਫਿਰ ਅਰਸ਼ ਤੇ ਗਹਿਰ ਹੈ
ਸੁੱਖਸਾਂਦ ਸੀ ਦਰ੍ਹਾਂ ਤੇ ਗਲੀ 2 ਵਿਚ ਜ਼ਹਿਰ ਹੈ
ਮਹਿਕਾਂ ਜੋਗੀ ਥਾਂ ਨਾ ਫੁੱਲ ਖਿੜ੍ਹਨ ਨੂੰ ਮੰਗਣ ਇਜ਼ਾਜਤਾਂ
ਸ਼ਹਿ ਸ਼ਰੀਕਾਂ ਉੱਤੇ ਬੈਠਾ ਭਰਾਵਾਂ ਦਾ ਹਰ ਪਹਿਰ ਹੈ
ਉਡ ਚੱਲੇ ਪ੍ਰਦੇਸ ਨੂੰ ਛੱਡ ਚਾਅ ਤੇ ਮਾਵਾਂ ਕੁਰਲਾਂਦੀਆਂ
ਸਾਗਰਾਂ ਚ ਮਰਨ ਲਈ ਹੋਇਆ ਤਿਆਰ ਸ਼ਹਿਰ ਹੈ
ਸਾਂਭ ਰੱਖੀ ਹੈ ਰੀਝ ਉਹਨਾਂ ਦੀ ਗੀਤ ਦੀ ਹਰ ਸਤਰ ਵਿਚ
ਜਿਹਨਾਂ ਦੇ ਲਹੂ ਨਾਲ ਹੋਈ ਸੂਹੀ ਨੀਲੀ ਚਿੱਟੀ ਨਹਿਰ ਹੈ
ਪੱਤਾ 2 ਹੈ ਗੀਤ ਬਣਨਾ ਤੇ ਡਾਲੀ 2 ਨਜ਼ਮ ਬਣੂ
ਤੀਰਾਂ ਉੱਤੇ ਜੋ ਲਿਖ ਦਿਤਾ ਹੁਣ ਏਹੀ ਬਣਨਾ ਕਹਿਰ ਹੈ
ਬਹੁਤ ਰਾਤਾਂ ਕੱਟ ਲਈਆਂ ਹਿੱਕਾਂ ‘ਚ ਡੋਬ ਸਾਹਾਂ ਨੂੰ
ਕੱਲੀਆਂ ਕੁਆਰੀਆਂ ਪੌਣਾਂ ਦੇ ਹੁਣ ਪੱਬਾਂ ਦੇ ਵਿਚ ਲਹਿਰ ਹੈ
ਅਰਸ਼ ਕਿਨਾਰੇ ਹੈ ਟੰਗਤਾ ਜੋ ਸੀਨੇ ਸਾਡੇ ਉੱਗਿਆ
ਅੱਗੇ ਸੀ ਤੁਹਾਡੇ ਵੱਲਦਾ ਹੁਣ ਸਾਡੇ ਵੱਲਦਾ ਸ਼ਹਿਰ ਹੈ
ਸੂਰਜ ਕਦੇ ਨਾ ਬੁਝਣੇ ਦਰੀਂ ਮੁਫ਼ਲਿਸਾਂ ਘਰੀਂ ਇਨਕਲਾਬੀਆਂ
ਡਾਲੀ 2 ਤੇ ਪੁੰਗਰੀ ਹਵਾ ‘ਚੋਂ ਸੱਜਰੀ ਲਹਿਰ ਹੈ
ਸਿਤਾਰੇ ਕਦੇ ਨਾ ਮਿਟਦੇ ਸੂਰਜਾਂ ਦੇ ਖ਼ੌਫ਼ ਨਾਲ
ਸ਼ੌਕ ਸਲੀਬੀਂ ਨੱਚਣਾ ਹੁਣ ਸਾਡਾ ਪਲ 2 ਪਹਿਰ ਹੈ