ਬਰਲਿਨ-ਜਰਮਨੀ ਦੀ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਾਲ 2022 ਤੱਕ ਦੇਸ਼ ਦੇ ਸਾਰੇ ਪ੍ਰਮਾਣੂ ਪਲਾਂਟ ਬੰਦ ਕਰਨ ਦੀ ਗੱਲ ਕਹੀ ਹੈ। ਇਹ ਫ਼ੈਸਲਾ ਐਤਵਾਰ ਨੂੰ ਚਾਂਸਲਰ ਏਂਜੇਲਾ ਮਕਰੇਲ ਦੀ ਸਰਕਾਰ ਦੇ ਸੀਨੀਅਰ ਲੀਡਰਾਂ ਵਲੋਂ ਲਿਆ ਗਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਜਾਪਾਨ ਵਿਚ ਆਏ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਫੁਕੁਸ਼ੀਮਾ ਪ੍ਰਮਾਣੂ ਪਲਾਂਟ ਚੋਂ ਰੇਡੀਏਸ਼ਨ ਲੀਕ ਤੋਂ ਬਾਅਦ ਜਰਮਨੀ ਚਿ ਮਾਰਚ ਵਿਚ ਹੀ ਸੱਤ ਪੁਰਾਣੇ ਪ੍ਰਮਾਣੂ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਨ੍ਹਾਂ ਸੀਨੀਅਰ ਲੀਡਰਾਂ ਵਲੋਂ ਸਾਂਝੇ ਤੌਰ ‘ਤੇ ਇਹ ਫੈਸਲਾ ਲਿਆ ਗਿਆ ਕਿ ਜਰਮਨੀ ਦੇ 17 ਪ੍ਰਮਾਣੂ ਊਰਜਾ ਪਲਾਂਟਾਂ ਚੋਂ ਅਖ਼ੀਰਲਾ ਪਲਾਂਟ 2022 ਤੱਕ ਬੰਦ ਹੋ ਜਾਵੇਗਾ। ਮਾਰਚ ਵਿਚ ਸੱਤ ਪਲਾਂਟਾਂ ਨੂੰ ਬੰਦ ਕਰਨ ਤੋਂ ਬਾਅਦ ਛੇ ਹੋਰ 2021 ਤੱਕ ਬੰਦ ਹੋ ਜਾਣਗੇ ਅਤੇ ਬਾਕੀ ਰਹਿੰਦੇ 2022 ਤੱਕ ਬੰਦ ਹੋ ਜਾਣਗੇ। ਜਾਪਾਨ ਵਿਚ ਰੇਡੀਏਸ਼ਨ ਲੀਕ ਹੋਣ ਤੋਂ ਬਾਅਦ ਜਰਮਨੀ ਵਿਚ ਵੀ ਪ੍ਰਮਾਣੂ ਪਲਾਂਟਾਂ ਨੂੰ ਬੰਦ ਕਰਨ ਦੇ ਹੱਕ ਵਿਚ ਮੁਜਾਹਰੇ ਹੋਏ ਸਨ। ਸਰਕਾਰ ਨੇ ਇਹ ਵੀ ਫੈਸਲਾ ਲਿਆ ਕਿ ਦੇਸ਼ ਦੀ ਊਰਜਾ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਪਵਨ ਅਤੇ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਜਰਮਨੀ ਵਿਚ ਪ੍ਰਮਾਣੂ ਊਰਜਾ ਪਲਾਂਟਾਂ ਰਾਹੀਂ ਦੇਸ਼ ਦੀਆਂ 25 ਫ਼ੀਸਦੀ ਲੋੜਾਂ ਦੀ ਪੂਰਤੀ ਹੁੰਦੀ ਹੈ।