ਫਤਿਹਗੜ੍ਹ ਸਾਹਿਬ:- “ਬੀਤੇ ਕਈ ਦਿਨਾਂ ਤੋ ਪੰਜਾਬ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਅਖਬਾਰਾਂ ਵਿੱਚ ਬੀਬੀ ਸੁਰਿੰਦਰ ਕੌਰ ਬਾਦਲ ਦੀ ਭੋਗ ਰਸਮ ਨੂੰ ਦਰਸਾਉਦੇ ਹੋਏ ਪੂਰੇ ਪੂਰੇ ਪੰਨਿਆਂ ਦੇ ਇਸ਼ਤਿਹਾਰ ਪੰਜਾਬ ਦੇ ਸਿਆਸਤਦਾਨਾਂ, ਵਪਾਰੀਆਂ, ਧਨਾਢਾਂ ਵੱਲੋ ਵੱਡੀ ਗਿਣਤੀ ਵਿੱਚ ਛਪਾਏ ਜਾ ਰਹੇ ਹਨ। ਜਿਨ੍ਹਾ ਉੱਤੇ ਰੋਜ਼ਾਨਾ ਹੀ ਕਰੋੜਾਂ ਰੁਪਏ ਦੇ ਖਰਚ ਹੋ ਰਹੇ ਹਨ। ਜਦੋ ਕਿ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਇਸ ਗੱਲ ਦੀ ਡੂੰਘੀ ਜਾਣਕਾਰੀ ਹੈ ਕਿ ਜਿਵੇਂ ਬੀਬੀ ਸੁਰਿੰਦਰ ਕੌਰ ਬਾਦਲ ਖਤਰਨਾਕ ਬਿਮਾਰੀ ਕੈਸਰ ਤੋ ਪੀੜ੍ਹਤ ਸਨ, ਉਸੇ ਤਰ੍ਹਾ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਇਸ ਬਿਮਾਰੀ ਤੋ ਡੂੰਘੇ ਪੀੜ੍ਹਤ ਵੀ ਹਨ ਅਤੇ ਉਨ੍ਹਾ ਕੋਲ ਇਲਾਜ ਕਰਾਉਣ ਲਈ ਲੋੜੀਦੇ ਸਾਧਨ ਅਤੇ ਖਰਚੇ ਵੀ ਨਹੀਂ ਹਨ। ਫਿਰ ਕਿਉਂ ਨਾ ਇਸ਼ਤਿਹਾਰਾਂ ਉੱਤੇ ਖਰਚ ਹੋਣ ਵਾਲੇ ਕਰੋੜਾਂ ਰੁਪਇਆ ਨੂੰ ਪੰਜਾਬ ਦੇ ਮਾਲਵੇ ਦੇ ਇਲਾਕੇ ਸੰਗਰੂਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ “ਵੱਡਾ ਕੈਸਰ ਹਸਪਤਾਲ” ਖੋਲਣ ਦਾ ਉਪਰਾਲਾ ਕੀਤਾ ਜਾਵੇ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਿਆਸਤਦਾਨਾਂ, ਧਨਾਢਾਂ, ਬਾਦਲ ਦਲ ਤੋ ਸਿਆਸੀ ਟਿਕਟਾਂ ਅਤੇ ਅਹੁਦੇਦਾਰੀਆਂ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲਿਆਂ ਦੀ ਜ਼ਮੀਰ ਨੂੰ ਝੰਜੋੜਦੇ ਹੋਏ ਆਪਣੇ ਮਨੁੱਖਤਾ ਪੱਖੀ ਫਰਜ਼ਾਂ ਤੋ ਸੁਚੇਤ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਸ: ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਸਿਆਸਤਦਾਨ ਅਤੇ ਧਨਾਢ ਪਰਿਵਾਰ ਵੱਡੀ ਗਿਣਤੀ ਵਿੱਚ ਮੌਜੂਦ ਹਨ, ਜਿਨ੍ਹਾ ਦੇ ਕਾਰੋਬਾਰ ਵੀ ਵੱਡੇ ਵੱਡੇ ਹਨ। ਦੂਸਰਾ ਅਜਿਹੇ ਲੋਕ ਵੀ ਹਨ ਜਿਨ੍ਹਾ ਨੇ ਦੋ ਨੰਬਰ ਦੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਕੰਮਾਂ ਰਾਹੀਂ ਧਨ-ਦੌਲਤਾਂ ਅਤੇ ਜਾਇਦਾਦਾਂ ਦੇ ਵੱਡੇ ਭੰਡਾਰ ਇਕੱਠੇ ਕੀਤੇ ਹੋਏ ਹਨ। ਜੇਕਰ ਇਹ ਦੋਵੇ ਸ਼੍ਰੇਣੀ ਵਿੱਚ ਆਉਦੇ ਲੋਕ ਆਪਣੇ ਖਜ਼ਾਨਿਆਂ ਵਿੱਚੋ ਦਸਵੰਧ ਕੱਢ ਕੇ ਉਪਰੋਕਤ “ਕੈਸਰ ਹਸਪਤਾਲ” ਕਾਇਮ ਕਰਨ ਲਈ ਯੋਗਦਾਨ ਪਾ ਸਕਣ, ਫਿਰ ਤਾਂ ਇਹ ਧਨ-ਦੌਲਤ ਕਿਸੇ ਅਰਥ ਲੱਗ ਸਕੇਗਾ। ਵਰਨਾ ਸ: ਬਾਦਲ ਅਤੇ ਬਾਦਲ ਪਰਿਵਾਰ ਨੂੰ ਖੁਸ਼ ਕਰਨ ਲਈ ਕੀਤੇ ਜਾ ਰਹੇ ਇਨ੍ਹਾ ਕਰੋੜਾਂ ਰੁਪਇਆ ਦੇ ਖਰਚੇ ਨਾਲ ਨਾ ਤਾਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਆਤਮਾ ਨੂੰ ਕੋਈ ਸਕੂਨ ਮਿਲ ਸਕੇਗਾ ਅਤੇ ਨਾ ਹੀ ਕੋਈ ਮਨੁੱਖਤਾ ਅਤੇ ਕੌਮ ਪੱਖੀ ਉੱਦਮ ਹੋ ਸਕੇਗਾ। ਇਸ ਨੇਕ ਕੰਮ ਵਿੱਚ ਹਰ ਪੰਜਾਬੀ ਅਤੇ ਹਰ ਗੁਰਸਿੱਖ ਵੀ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਏਗਾ। ਉਨ੍ਹਾ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਖੁਦ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਨਾਮ ਉਤੇ ਆਪਣੇ ਖਜ਼ਾਨੇ ਵਿੱਚੋ ਕੁਝ ਯੋਗਦਾਨ ਪਾ ਕੇ ਅਜਿਹੇ ਪੰਜਾਬੀ ਸਮਾਜ ਨੂੰ ਲੋੜੀਦੇ ਕੈਸਰ ਹਸਪਤਾਲ ਦੀ ਸ਼ੁਰੂਆਤ ਕਰਵਾਉਦੇ ਹੋਏ ਅੰਗਰੇਜ਼ਾਂ ਦੇ ਸਮੇ ਸੰਗਰੂਰ ਵਿਖੇ ਬਣਾਏ ਗਏ ਇੱਕ ਹਸਪਤਾਲ ਦੀ ਖਾਲੀ ਪਈ ਜਗ੍ਹਾ ਨੂੰ ਇਸ ਮਿਸ਼ਨ ਦੀ ਪ੍ਰਾਪਤੀ ਲਈ ਵਰਤੋ ਕਰ ਸਕਣ, ਤਾਂ ਅਜਿਹਾ ਉੱਦਮ ਕਰਕੇ ਜਿੱਥੇ ਉਹ ਕੈਸਰ ਤੋ ਪੀੜ੍ਹਤ ਹਜ਼ਾਰਾਂ ਪੰਜਾਬੀ ਪਰਿਵਾਰਾਂ ਦੇ ਇਸ ਡੂੰਘੇ ਦਰਦ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੇ। ਉੱਥੇ ਇਹ ਕੀਤਾ ਜਾਣ ਵਾਲਾ ਉੱਦਮ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਆਤਮਾ ਨੂੰ ਚੈਨ ਅਤੇ ਬਲ ਬਖਸਣ ਵਿੱਚ ਵੀ ਸਹਾਈ ਹੋਵੇਗਾ।