ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਡਾ: ਅਸ਼ੋਕ ਕੁਮਾਰ ਧਵਨ ਦੀ ਸੇਵਾ ਮੁਕਤੀ ਤੇ ਅੱਜ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਮੌਜੂਦਾ ਸਾਇੰਸਦਾਨਾਂ, ਸਾਬਕਾ ਸਾਇੰਸਦਾਨਾਂ ਅਤੇ ਵਿਦਿਆਰਥੀਆਂ ਨੇ ਵਧ ਚੜ ਕੇ ਭਾਗ ਲਿਆ। ਇਹ ਵਿਦਾਇਗੀ ਸਮਾਰੋਹ ਯੂਨੀਵਰਸਿਟੀ ਦੇ ਕਣਕ ਭਵਨ ਵਿਖੇ ਆਯੋਜਿਤ ਕੀਤਾ ਗਿਆ।
ਡਾ: ਧਵਨ ਨੇ 1973 ਤੋਂ ਲੈ ਕੇ ਹੁਣ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾਈ ਹੈ। ਕੀਟ ਵਿਗਿਆਨ ਦੇ ਮੁਖੀ ਦੇ ਅਹੁਦੇ ਦੇ ਨਾਲ ਅਪਰ ਨਿਰਦੇਸ਼ਕ ਖੋਜ ਦਾ ਵਧੀਕ ਚਾਰਜ ਵੀ ਉਨ੍ਹਾਂ ਕੋਲ ਹੀ ਸੀ। ਡਾ: ਧਵਨ ਨੇ ਬੀ ਐਸ ਸੀ ਤਕ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਜਦ ਕਿ ਐਮ ਐਸ ਸੀ ਅਤੇ ਪੀ ਐਚ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਡਾ: ਧਵਨ ਨੇ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪੱਧਰ ਤੇ ਕਈ ਸਨਮਾਨ ਹਾਸਿਲ ਕੀਤੇ ਹਨ।
ਬਾਇਓ ਪੈਸਟੀਸਾਈਡ ਨੂੰ ਪ੍ਰਯੋਗ ਕਰਨ ਲਈ ਵਿਧੀਆਂ ਦੀ ਮੁਹਾਰਤ ਰੱਖਣ ਵਾਲੇ ਡਾ: ਧਵਨ ਨੇ 33 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਕੀਟ ਪ੍ਰਬੰਧਨ ਦੀਆਂ ਸਿਫਾਰਸ਼ਾਂ ਅੰਤਰ ਰਾਸ਼ਟਰੀ ਪੱਧਰ ਤੇ ਦਿੱਤੀਆਂ। ਉਨ੍ਹਾਂ 230 ਤੋਂ ਵੱਧ ਖੋਜ ਪੱਤਰਾਂ ਤੋਂ ਇਲਾਵਾ 100 ਦੇ ਕਰੀਬ ਕਿਤਾਬਾਂ ਵੀ ਸਾਇੰਸਦਾਨਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦੇ ਸਨਮੁਖ ਕੀਤੀਆਂ। ਸਰਵਪੱਖੀ ਕੀਟ ਪ੍ਰਬੰਧਨ ਅਤੇ ਕੀਟਨਾਸ਼ਕਾਂ ਪ੍ਰਤੀ ਕੀੜਿਆਂ ਵਿੱਚ ਪ੍ਰਤੀਰੋਧਕਤਾ ਦੇ ਸੰਬੰਧ ਵਿੱਚ ਡਾ: ਧਵਨ ਵੱਲੋਂ ਅਨੇਕਾਂ ਸਿਫਾਰਸ਼ਾਂ ਨਰਮਾ ਕਪਾਹ ਪੱਟੀ ਵਿੱਚ ਕੀਤੀਆਂ।
ਅੱਜ ਦੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕੀਤੀ । ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਡਾ: ਧਵਨ ਨੂੰ ਵਿਸ਼ੇਸ਼ ਤੌਰ ਤੇ ਭਾਰਤੀ ਖੇਤੀ ਖੋਜ ਕੇਂਦਰ ਵੱਲੋਂ ਦੋ ਵਾਰੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀ ਟੀ ਕਾਟਨ ਨੂੰ ਨਰਮਾ ਕਪਾਹ ਪੱਟੀ ਵਿੱਚ ਅਪਣਾਉਣ ਲਈ ਅਤੇ ਨਰਮੇ ਦੀ ਫ਼ਸਲ ਨੂੰ ਸੁਰਜੀਤ ਕਰਨ ਲਈ ਡਾ: ਧਵਨ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ। ਡਾ: ਮਹੇ ਨੇ ਦੱਸਿਆ ਕਿ ਪਸਾਰ, ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਭਵਿੱਖ ਲਈ ਸਾਇੰਸਦਾਨਾਂ ਅਤੇ ਵਿਦਿਆਰਥੀਆਂ ਲਈ ਡਾ: ਧਵਨ ਇਕ ਪ੍ਰੇਰਨਾ ਸਰੋਤ ਸਖਸ਼ੀਅਤ ਰਹਿਣਗੇ।
ਇਸ ਮੌਕੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਬੋਲਦਿਆਂ ਕਿਹਾ ਕਿ ਨਰਮਾ ਕਪਾਹ ਪੱਟੀ ਵਿੱਚ ਜਦੋਂ ਮਿਲੀਬੱਗ ਇਕ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਸੀ ਤਾਂ ਉਸ ਵੇਲੇ ਡਾ: ਧਵਨ ਵੱਲੋਂ ਉਲੀਕੀਆਂ ਨੀਤੀਆਂ ਸਦਕਾ ਇਸ ਸਮੱਸਿਆ ਤੋਂ ਕਿਰਸਾਨੀ ਨੂੰ ਨਿਜ਼ਾਤ ਦਿਵਾਈ। ਡਾ: ਧਵਨ ਨੇ ਰਾਸ਼ਟਰੀ ਪੱਧਰ ਤੇ ਨਵੇਕਲੀਆਂ ਵਿਧੀਆਂ ਵਿਸੇਸ਼ ਤੌਰ ਤੇ ਨੁੱਕੜ ਨਾਟਕਾਂ ਰਾਹੀਂ ਸੂਚਨਾ ਪਹੁੰਚਾਉਣ ਸਦਕਾ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਗਿਆ। ਆਪਣੇ ਕਾਰਜਕਾਲ ਦੌਰਾਨ ਡਾ: ਧਵਨ ਨੇ ਅਨੇਕਾਂ ਹੀ ਐਮ ਐਸ ਸੀ ਅਤੇ ਪੀ ਐਚ ਡੀ ਵਿਦਿਆਰਥੀਆਂ ਦੀ ਅਗਵਾਈ ਕੀਤੀ ਅਤੇ ਸੈਕੜੇ ਅੰਤਰ ਰਾਸ਼ਟਰੀ ਪੱਧਰ ਤੇ ਖੋਜ ਪੱਤਰਾਂ ਨੂੰ ਆਪਦੇ ਨਾਂ ਦਰਜ ਕੀਤਾ। ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਡਾ: ਧਵਨ ਵੱਲੋਂ ਪ੍ਰਦਾਨ ਕੀਤੀਆਂ ਸੇਵਾਵਾਂ ਅਤੇ ਕੀਟ ਵਿਗਿਆਨ ਵਿਭਾਗ ਦੀ ਕਾਇਆ ਕਲਪ ਕਰਨ ਲਈ ਯੂਨੀਵਰਸਿਟੀ ਦਾ ਹਰ ਇਕ ਸਾਇੰਸਦਾਨ ਉਨ੍ਹਾਂ ਦਾ ਰਿਣੀ ਰਹੇਗਾ ਅਤੇ ਭਵਿੱਖ ਵਿੱਚ ਚੰਗੀ ਸਿਹਤ ਅਤੇ ਉਮਰ ਦਰਾਜ ਦੀ ਕਾਮਨਾ ਕੀਤੀ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਡਾ: ਧਵਨ ਨੂੰ ਵਿਸੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਮੰਚ ਸੰਚਾਲਨ ਵਿਭਾਗ ਦੇ ਸਾਇੰਸਦਾਨ ਡਾ: ਜਸਪਾਲ ਵਿਰਕ ਨੇ ਕੀਤਾ।