ਅੰਮ੍ਰਿਤਸਰ – ਤਿਹਾੜ ਜੇਲ੍ਹ ‘ਚ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਰੱਦ ਕਰ ਦਿੱਤੇ ਜਾਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸਿੱਖ ਜਥੇਬੰਦੀਆਂ ਨੂੰ ਇੱਕ-ਮੁੱਠ ਹੋ ਕੇ ਪ੍ਰੋ: ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੀ ਮੁਆਫ਼ੀ ਤੇ ਰਿਹਾਈ ਲਈ ਰਣਨੀਤੀ ਉਲੀਕਣ ਲਈ ਕੀਤੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਿੱਖ ਜਗਤ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਵਾਏ ਜਾਣ ਤੀਕ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਗਿਆ।
ਕਰੀਬ ਤਿੰਨ ਘੰਟੇ ਚੱਲੀ ਇਸ ਇਕੱਤਰਤਾ ਦੇ ਅਖ਼ੀਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਕੱਤਰਤਾ ‘ਚ ਸਮੂੰਹਕ ਤੌਰ ‘ਤੇ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ਤੇ ਰਿਹਾਈ ਲਈ ਲੋਕ-ਲਹਿਰ ਪੈਦਾ ਕੀਤੀ ਜਾਵੇਗੀ, ਜਿਸ ਲਈ ਸਾਂਝੇ ਤੌਰ ‘ਤੇ ਤਿਆਰ ਕੀਤੇ ਮੰਗ ਪੱਤਰ ਪੁਰ ਪੰਜਾਬ ਦੇ ਹਰ ਪਿੰਡ ਦੀ ਪੰਚਾਇਤ ਵੱਲੋਂ ਦਸਤਖ਼ਤ ਕਰਕੇ ਮਤਿਆਂ ਦੇ ਰੂਪ ‘ਚ ਰਾਸ਼ਟਰਪਤੀ ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਤੇ ਸੰਸਾਰ ਪਰ ਦੀਆਂ ਸਿੱਖ ਸੰਗਤਾਂ ਵਲੋਂ ਆਪਣੇ ਨਜ਼ਦੀਕ ਗੁਰੂ-ਘਰਾਂ ‘ਚ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 11 ਜੂਨ ਨੂੰ ਭੋਗ ਉਪਰੰਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਜੂਨ ਨੂੰ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਤਰਤ ਹੋਣਗੀਆਂ ਅਤੇ ਪ੍ਰੋ: ਭੁੱਲਰ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ਦਿੱਤਾ ਜਾਵੇਗਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਸਬੰਧੀ ਗਠਿਤ ਕੀਤੀ ਪੰਜ-ਮੈਂਬਰੀ ਕਮੇਟੀ ਨੇ ਦਿੱਲੀ ਪੁੱਜ ਕੇ ਐਚ.ਐਸ.ਫੂਲਕਾ ਦੀ ਅਗਵਾਈ ‘ਚ ਸੁਪਰੀਮ ਕੋਰਟ ਦੇ ਉਚ ਕੋਟੀ ਦੇ ਵਕੀਲਾਂ ਨਾਲ ਮਿਲ ਕੇ ਕੀਤੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਮੁੜ ਰਹਿਮ ਦੀ ਅਪੀਲ (2ਨਦ ੰੲਰਚੇ ਫੲਟਟਿੋਿਨ) ਵੀ ਦਾਇਰ ਕਰੇਗੀ। ਉਨ੍ਹਾਂ ਦੱਸਿਆ ਕਿ ਸਮੁੱਚਾ ਕੇਸ ਯੂ.ਐਨ.ਓ. ਦੇ ਹਿਊਮਨ ਰਾਈਟਸ ਕਮਿਸ਼ਨ ਦੇ ਧਿਆਨ ‘ਚ ਲਿਆ ਕੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਕੌਮਾਂਤਰੀ ਪੱਧਰ ’ਤੇ ਗੱਲ ਤੋਰੀ ਜਾਵੇਗੀ। ਉਹਨਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸੁਝਾਵਾਂ ਅਤੇ ਸਮੁੱਚੀ ਕੌਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਪ੍ਰਗਟਾਏ ਭਰੋਸੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ਸਹਿਜ ਤੇ ਸੰਜਮ ਨਾਲ ਕੇਸ ਦੀ ਪੈਰਵੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੀ ਕੌਮ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਪ੍ਰੀਵਾਰਾਂ, ਧਰਮੀ ਫੌਜੀਆਂ ਅਤੇ ਯੋਧਪੁਰ ਦੇ ਨਜ਼ਰਬੰਦਾਂ ਲਈ ਕੀਤੇ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰੋ: ਭੁੱਲਰ ਦੇ ਕੇਸ ਦੀ ਪੈਰਵੀ ਦਾ ਮੁਕੰਮਲ ਖਰਚਾ ਅਤੇ ਉਸ ਦੇ ਪਰਿਵਾਰ ਦੀ ਸਾਂਭ-ਸੰਭਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ।
ਅੱਜ ਦੀ ਇਕੱਤਰਤਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ੍ਰ: ਕਰਨੈਲ ਸਿੰਘ ਪੰਜੌਲੀ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ, ਸ੍ਰ: ਹਰਪਾਲ ਸਿੰਘ (ਪੰਚ ਪ੍ਰਧਾਨੀ), ਸ੍ਰ: ਗੁਰਚਰਨ ਸਿੰਘ ਗਰੇਵਾਲ, ਸੰਤ ਬਲਜੀਤ ਸਿੰਘ ਦਾਦੂਵਾਲ, ਸ੍ਰ: ਭਾਗ ਸਿੰਘ ਅਣਖੀ, ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ, ਦਲ ਖਾਲਸਾ ਵੱਲੋਂ ਸ੍ਰ: ਕੰਵਰਪਾਲ ਸਿੰਘ ਬਿੱਟੂ, ਸ੍ਰ: ਪਰਮਜੀਤ ਸਿੰਘ ਖਾਲਸਾ ਪ੍ਰਧਾਨ ਫ਼ੈਡਰੇਸ਼ਨ ਮਹਿਤਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅਤੇ ਭਾਈ ਮੋਹਕਮ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ ਖੱਟੜਾ ਵੱਲੋਂ ਕੀਤਾ ਗਿਆ।
ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਸ. ਨਿਰਮੈਲ ਸਿੰਘ ਜੌਲਾਕਲਾ, ਸ. ਬਲਵਿੰਦਰ ਸਿੰਘ ਬੈਂਸ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਸੁਖਵਿੰਦਰ ਸਿੰਘ ਝਬਾਲ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਖਵਿੰਦਰ ਸਿੰਘ ਸਿਧੂ, ਸ. ਜਗੀਰ ਸਿੰਘ ਸਤੋਹਗੜ੍ਹ, ਸ. ਦਾਰਾ ਸਿੰਘ ਜੀਰਾ, ਸ. ਸੁਖਵਿੰਦਰ ਸਿੰਘ ਦਿਆਲਪੁਰਾ, ਸ. ਸੁਰਜੀਤ ਸਿੰਘ ਰਾਏਪੁਰ, ਬੀਬੀ ਅਜਾਇਬ ਕੌਰ ਭੋਤਨਾ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਗੁਰਵਿੰਦਰਪਾਲ ਸਿੰਘ ਗੋਰਾ, ਸ. ਕਸ਼ਮੀਰ ਸਿੰਘ ਬਰਿਆਰ, ਸ. ਰਘਬੀਰ ਸਿੰਘ ਸਹਾਰਨ ਮਾਜਰਾ, ਸ. ਸੁਰਿੰਦਰਪਾਲ ਸਿੰਘ ਬਦੋਵਾਲ, ਸ. ਮੰਗਲ ਸਿੰਘ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਹਰਿੰਦਰ ਸਿੰਘ ਰਣੀਆ, ਸ. ਕਰਨੈਲ ਸਿੰਘ ਘੋੜੇਵਾਲਾ, ਸ. ਗੁਰਮੇਜ ਸਿੰਘ ਸੰਗੋਵਾਲ, ਸ. ਸੁਖਵੰਤ ਸਿੰਘ, ਸ. ਅਜੀਤ ਸਿੰਘ ਚੰਦੂ ਅਰਾਈਆ, ਸ. ਕੁਲਵੰਤ ਸਿੰਘ ਮੰਨਣ, ਸ. ਗੁਰਮੇਜ ਸਿੰਘ ਸੰਗਤਪੁਰ, ਸ. ਮੱਖਣ ਸਿੰਘ ਨੰਗਲ, ਸ. ਨਾਜਰ ਸਿੰਘ ਸਰਾਵਾਂ, ਸ. ਗੁਰਮੀਤ ਸਿੰਘ ਦਾਦੂਵਾਲ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਗੁਰਦਿਆਲ ਸਿੰਘ ਸੁਰਸਿੰਘ, ਸ. ਬਲਦੇਵ ਸਿੰਘ ਐਮ.ਏ., ਸੰਤ ਬਲਵੀਰ ਸਿੰਘ, ਸ. ਹਰਪ੍ਰੀਤ ਸਿੰਘ (ਗ੍ਰਚਾ) ਸ. ਦਵਿੰਦਰ ਸਿੰਘ ਚੀਮਾ, ਸ. ਅਮਰ ਸਿੰਘ ਬੀ.ਏ., ਸ. ਉਦੈ ਸਿੰਘ ਲੌਂਗੋਵਾਲ, ਸ. ਬਲਦੇਵ ਸਿੰਘ ਕਲਿਆਣ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਰਜੀਤ ਕੌਰ ਗੁਜਰਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖ਼ਾਲਸਾ ਅਤੇ ਰਤਨ ਸਿੰਘ ਜਫ਼ਰਵਾਲ, ਦਮਦਮੀ ਟਕਸਾਲ ਦੇ ਮੁੱਖੀ ਸੰਤ ਹਰਨਾਮ ਸਿੰਘ ਖਾਲਸਾ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ, ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ (ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਾਦਲ), ਸ. ਬਲਦੇਵ ਸਿੰਘ ਸਰਸਾ, ਡਾ. ਇੰਦਰਜੀਤ ਕੌਰ, ਪ੍ਰਧਾਨ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ, ਸ. ਅਮਰਬੀਰ ਸਿੰਘ ਢੋਟ, ਸ. ਮਨਜੀਤ ਸਿੰਘ ਭੋਮਾ, ਸ. ਜਰਨੈਲ ਸਿੰਘ ਜਨਰਲ ਸਕੱਤਰ ਸੰਤ ਸਮਾਜ, ਸ. ਤਰਸੇਮ ਸਿੰਘ ਖਾਲਸਾ, ਭਾਈ ਵਾਹਿਗੁਰੂ ਸਿੰਘ, ਬੀਬੀ ਸੁਰਜੀਤ ਕੌਰ ਮਿਨਹਾਸ, ਸ. ਸੁਖਵਿੰਦਰ ਸਿੰਘ, ਸ. ਅਨੂਪ ਸਿੰਘ ਦਰਦੀ ਤੋਂ ਇਲਾਵਾ ਧਾਰਮਿਕ ਸਭਾ-ਸੁਸਾਇਟੀਆਂ, ਟਕਸਾਲਾਂ, ਸਿੰਘ ਸਭਾਵਾਂ, ਫੈਡਰੇਸ਼ਨਾਂ, ਨਿਹੰਗ ਸਿੰਘ ਜਥੇਬੰਦੀਆਂ, ਮਿਸ਼ਨਰੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।