ਅੰਮ੍ਰਿਤਸਰ – ਰਾਸ਼ਟਰਪਤੀ ਵਲੋਂ ਪ੍ਰੋ:ਦਵਿੰਦਰ ਪਾਲ ਸਿੰਘ ਭੁਲਰ ਦੀ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਨੂੰ ਘੱਟ ਗਿਣਤੀ ਸਿੱਖਾਂ ਨਾਲ ਧੱਕਾ ਤੇ ਨਿਆਪਾਲਕਾ ਦਾ ਕਤਲ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਮੰਗ ਕੀਤੀ ਹੈ ਕਿ ਰਾਸ਼ਟਰਪਤੀ ਆਪਣੇ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ।ਸ੍ਰ ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਸ੍ਰ ਭੁਲਰ ਪਿਛਲੇ 9 ਸਾਲਾਂ ਤੋਂ ਹੀ ਫਾਂਸੀ ਵਾਲੀ ਕੈਦ ਕੋਠੜੀ ਵਿਚ ਬੰਦ ਹਨ ਤੇ ਉਹ ਹਜਾਰਾਂ ਫਾਂਸੀਆਂ ਦੀ ਸਜਾ ਭੁਗਤ ਚੁਕੇ ਹਨ ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰੀ ਗ੍ਰਹਿ ਮੰਤਰਾਲਾ ਕਸ਼ਮੀਰ ਦੀ ਅਜ਼ਾਦੀ ਲਈ ਜਦੋ ਜਹਿਦ ਕਰਨ ਵਾਲੇ ਪਾਕਿਸਤਾਨ ਵਿਚ ਬੈਠੇ ਕਸ਼ਮੀਰੀ ਖਾੜਕੂਆਂ ਨੂੰ ਵਤਨ ਪਰਤਣ ਤੇ ਜੀਉਣ ਦਾ ਹੱਕ ਦੇਣ ਲਈ ਯਤਨਸ਼ੀਲ ਹੈ ਤੇ ਦੂਸਰੇ ਪਾਸੇ ਪ੍ਰੋ ਭੁਲਰ ਦੀ ਅਦਾਲਤ ਵਿਚ ਦਾਇਰ ਇਕ ਅਪੀਲ ਦੇ ਬਾਵਜੂਦ ਰਾਸ਼ਟਰਪਤੀ ਪਾਸ ਰਹਿਮ ਅਪੀਲ ਰੱਦ ਕਰਨ ਲਈ ਰਾਏ ਭੇਜਦਾ ਹੈ ।ਸ੍ਰ ਕਲਕੱਤਾ ਨੇ ਕਿਹਾ ਕਿ ਪ੍ਰੋ: ਭੁਲਰ ਦੀ ਰਹਿਮ ਦੀ ਅਪੀਲ ਰੱਦ ਹੋਣ ਨਾਲ ਇਹ ਸੰਕੇਤ ਮਿਲਦਾ ਹੈ ਕਿ ਦੇਸ਼ ਵਿਚਲੇ ਘੱਟ ਗਿਣਤੀ ਸਿੱਖਾਂ ਨੂੰ ਜੇਕਰ ਕਿਸੇ ਅਦਾਲਤ ਪਾਸੋਂ ਇਨਸਾਫ ਮਿਲਣ ਲੱਗਦਾ ਹੈ ਤਾਂ ਕੇਂਦਰ ਵਿਚ ਮੌਜੂਦ ਕੋਈ ਸਿੱਖ ਵਿਰੋਧੀ ਲਾਬੀ ਅਜੇਹਾ ਨਹੀ ਹੋਣ ਦੇਣਾ ਚਾਹੁੰਦੀ ।ਉਨ੍ਹਾਂ ਕਿਹਾ ਇਕ ਪਾਸੇ ਤਾਂ ਭਾਰਤ ਮਨੁਖੀ ਅਧਿਕਾਰਾਂ ਦਾ ਰਖਵਾਲਾ ਹੋਣ ਨਾਤੇ ਫਾਂਸੀ ਦੀ ਸਜਾ ਖਤਮ ਕੀਤੇ ਜਾਣ ਦੀ ਵਕਾਲਤ ਕਰਦਾ ਹੈ ਲੇਕਿਨ ਜੇਲਾਂ ਵਿਚ ਬੰਦ ਹਜਾਰਾਂ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਮੌਤ ਦੇਣ ਲਈ ਬਜਿਦ ਹੈ ਜੋ ਦੇਸ਼ ਦੇ ਹਿਤਾਂ ਵਿਚ ਨਹੀ ਹੈ ਅਤੇ ਇਸ ਨਾਲ ਸਿੱਖਾਂ ਅੰਦਰ ਇਕ ਵਾਰ ਫਿਰ ਅਸੁਰਖਿਆ ਤੇ ਬੇਨਿਸਾਫੀ ਦੀ ਭਾਵਨਾ ਪੈਦਾ ਹੋਵੇਗੀ ।