ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ!
ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ,
ਤੇ ਲੈਣੇਂ ਫ਼ੋਕੇ ਸੁਪਨੇ!
ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ,
ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ!
ਜਿੰਨੀ ਆਸ ਰੱਖੀ ‘ਗ਼ੈਰਾਂ’ ‘ਤੇ,
ਦਿਲ ਵਿਚ ਨਿਰਾਸ਼ਾ ਦੀ,
ਪਰਲੋਂ ਹੀ ਆਈ!
ਮਨ ਦੀ ਦੇਹਲ਼ੀ ਖ਼ੁਰਦੀ ਗਈ,
ਧਰਵਾਸ ਅਤੇ ਤਾਹਨਿਆਂ ਦੀਆਂ ਛੱਲਾਂ ਨਾਲ਼!
ਹੁਣ ਤਾਂ ਸਬਰ ਦਾ ਪਾਣੀ ਵੀ,
ਦਿਲ ਦੇ ਵਿਹੜੇ ਆ ਵੜਿਆ!
ਜ਼ਿੰਦਗੀ ਦੇ ਸਫ਼ਰ ਵਿਚ,
ਨਾ ਚਾਹੁੰਦਿਆਂ ਵੀ, ਅਪਨਾਉਣੇ ਪਏ,
ਕੰਡਿਆਲ਼ੇ ਰਾਹ!
ਤੇ ‘ਵਜਾਉਣੇ’ ਪਏ ਗਲ਼ ਪਏ ਢੋਲ,
ਤੇ ਨਿਭਾਉਣੇ ਪਏ ‘ਅਣ-ਸਿਰਜੇ’ ਰਿਸ਼ਤੇ!
ਚਾਹੇ ਕਦਮ-ਕਦਮ ‘ਤੇ,
ਲਹੂ-ਲੁਹਾਣ ਹੁੰਦਾ ਰਿਹਾ,
ਪਰ ਅਣਮੰਨੇ ਰਿਸ਼ਤੇ ਦਾ ਜੂਲ਼ਾ,
ਚੁੱਕੀ ਰੱਖਿਆ ਆਪਣੇ ਮੋਢਿਆਂ ‘ਤੇ!
ਮਿੱਧਦਾ ਤੁਰਿਆ ਗਿਆ,
ਆਪਣੇ ਅਰਮਾਨਾਂ ਦੇ ਮਲਬੇ ਨੂੰ!
ਮੇਰੀ ਜ਼ਿੰਦਗੀ ਵਿਚ ਆਏ ਇਸ ਰਿਸ਼ਤੇ ਵਿਚ,
ਮੋਹ ਅਤੇ ਅਪਣੱਤ ਦੀ ਅਣਹੋਂਦ ਸੀ,
ਸਿਰਫ਼ ਖ਼ੁਦਗਰਜ਼ੀ, ਸਿਆਸਤ ਅਤੇ ਮਤਲਬ-ਪ੍ਰਸਤੀ ਦੀ
ਸੜੇਹਾਂਦ ਸੀ!
ਜਦ ਹੁਣ ਸੁੱਕ-ਸੜ ਕੇ,
ਬਦਬੂ ਮਾਰ ਰਹੀਆਂ ਨੇ ਮੇਰੀਆਂ ਸਧਰਾਂ,
ਤਾਂ ਉਸ ਨੂੰ ਮੇਰੀ ‘ਨਲਾਇਕੀ’ ਦਾ ਨਾਂਮ ਦੇ ਕੇ,
ਜਨਾਜਾ ਕੱਢਿਆ ਜਾ ਰਿਹੈ!
ਵਜਾਏ ਜਾਂਦੇ ਨੇ ਮੇਰੇ ਕੰਨਾਂ ਵਿਚ ਢੋਲ਼ ਅਜੇ ਵੀ,
ਸ਼ੋਸ਼ਿਆਂ ਦੇ!
ਪਰ ਮੇਰਾ ਬਾਗ਼ੀ ਹੋਇਆ ਮਨ,
ਇਹਨਾਂ ਵਿਚ ਪਰਚਦਾ ਨਹੀਂ!
ਹੁਣ ਮੈਂ ਸਿੱਖ ਲਿਆ
This entry was posted in ਕਵਿਤਾਵਾਂ.