ਯੂ.ਕੇ. ਕਬੱਡੀ ਸੀਜਨ ਦਾ ਤੀਜਾ ਟੂਰਨਾਮੈਂਟ ਗ੍ਰੈਵਜੈਂਡ ਕੈਂਟ ਵਿਖੇ ਸੀ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ, ਗ੍ਰੇਵਜੈਂਡ ਕੈਂਟ ਦੀ ਪ੍ਰਬੰਧਕੀ ਕਮੇਟੀ ਵਲੋ ਵਿਸ਼ਾਲ ਗੁਰੂ ਘਰ ਦੇ ਖੁੱਲ੍ਹੇ-ਡੁੱਲ੍ਹੇ ਮੈਦਾਨ ਵਿਚ ਕਰਵਾਏ ਗਏ ਕਬੱਡੀ ਮੈਚਾਂ ਨਜ਼ਾਰਾ ਵੇਖਣ ਵਾਲਾ ਸੀ। ਇਸ ਵਾਰ ਸਾਰੀਆਂ ਕਲੱਬਾਂ ਨੇ ਇਕ ਤੋਂ ਵੱਧ ਇਕ ਵਧੀਆ ਖਿਡਾਰੀ ਮੰਗਵਾ ਕੇ ਵਲੈਤ ਦੇ ਕਬੱਡੀ ਮੁਕਾਬਲਿਆਂ ਨੂੰ ਫਸਵਾਂ ਤੇ ਰੌਚਕ ਬਣਾ ਦਿੱਤਾ ਹੈ। ਗ੍ਰੇਵਜੈਂਡ ਵੀ ਪੰਜਾਬੀਆਂ ਦੀ ਭਰਵੀਂ ਵਸੋਂ ਵਾਲਾ ਸ਼ਹਿਰ ਹੈ। ਇਥੇ ਵੀ ਦਰਸ਼ਕਾਂ ਦਾ ਭਰਵਾਂ ਇਕੱਠ ਹੋਣ ਦੀ ਉਮੀਦ ਸੀ। ਮੇਲੇ ਨੂੰ ਸਫਲ ਬਣਾਉਣ ਲਈ ਮੱਖ ਸੇਵਾਦਾਰ ਜਸਪਾਲ ਸਿੰਘ ਢੇਸੀ, ਲਛਮਣ ਸਿੰਘ ਖੋਖੇਵਾਲ ਤੇ ਸੱਤਾ ਮੁਠੱਡਾ ਅਤੇ ਗੁਰੂ ਘਰ ਦੀ ਸਪੋਰਟਸ ਕਮੇਟੀ ਜਰਨੈਲ ਸਿੰਘ ਬਾਹੜ ਮਜਾਰਾ, ਕਰਨੈਲ ਸਿੰਘ ਖਹਿਰਾ, ਅਜੀਤ ਸਿੰਘ ਖਹਿਰਾ, ਨਿਰਮਲ ਸਿੰਘ ਮੱਲ੍ਹੀ ਨਾਲ ਭਿੰਦਾ ਮੁਠੱਡਾ, ਜਸਮੇਲ ਸਿੰਘ ਦੁਸਾਂਝ, ਰਛਪਾਲ ਸਿੰਘ ਪਾਲਾ, ਗੁਰਮੇਲ ਸਿੰਘ ਗੋਲੀ, ਜਸਵਿੰਦਰ ਸਿੰਘ ਭਰੋਲੀ ਬਿੱਟੂ, ਕੁਲਵਿੰਦਰ ਸਿੰਘ ਸਹੋਤਾ, ਦਵਿੰਦਰ ਸਿੰਘ ਪਤਾਰਾ, ਅਵਤਾਰ ਸਿੰਘ ਤਾਰਾ, ਸਵਰਨਾ, ਪਾਲੀ, ਕੁਲਵੰਤ ਸਿੰਘ ਸੰਧਵਾਂ, ਮੱਖਣ ਸਿੰਘ ਜੌਹਲ, ਜਸਵੰਤ ਸਿੰਘ ਪੁਆਦੜਾ, ਗੁਰਮਿੰਦਰ ਸਿੰਘ ਸੰਧਰ, ਸਵਰਨ ਸਿੰਘ ਸੰਗਤਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਪੂਰੀਆਂ ਰੌਣਕਾਂ ਭਰੀਆਂ।
ਟੂਰਨਮੈਂਟ ਦਾ ਪਹਿਲਾ ਮੈਚ ਹੀ ਐਨਾ ਰੌਚਕ ਸੀ ਕਿ ਵੱਤ ਦੀ ਸਮਝੀ ਜਾਣ ਵਾਲੀ ਟੀਮ ਲਿਸਟਰ ਨੇ ਪਿਛਲੇ ਹਫਤੇ ਦੀ ਜੇਤੂ ਡਰਬੀ ਦੀ ਟੀਮ ਨੂੰ ਅੱਧੇ ਸਮੇਂ ਤੱਕ ਹੀ ਤੌਣੀਆਂ ਲਿਆ ਛੱਡੀਆਂ। ਅੱਧੇ ਸਮੇਂ ਤੱਕ ਲਿਸਟਰ ਦੀ ਟੀਮ 17 ਦੇ ਮੁਕਾਬਲੇ ਸਾਢੇ 20 ਅੰਕਾਂ ਨਾਲ ਅੱਗੇ ਸੀ। ਅੰਤ ਡਰਬੀ ਦੇ ਜਾਫੀ ਸੰਦੀਪ ਨੰਗਲ ਅੰਬੀਆਂ ਦੇ 6 ਜੱਫਿਆਂ ਸਦਕਾ ਸਾਢੇ 36 ਦੇ ਮੁਕਾਬਲੇ 38 ਅੰਕਾਂ ਨਾਲ ਜਿੱਤੇ। ਦੂਜੇ ਪਾਸੇ ਪਹਿਲੀ ਵਾਰ ਵਲੈਤ ਆਏ ਲਿਸਟਰ ਦੇ ਜਾਫੀ ਮਨੀ ਰੱਬੋਂ ਨੇ 5 ਜੱਫੇ ਲਾ ਕੇ ਬੱਲੇ-ਬੱਲੇ ਕਰਵਾਈ। ਦੂਜਾ ਮੈਚ ਵੀ ਐਨਾ ਅੜਵਾਂ ਸੀ ਕਿ ਬਲਵਿੰਦਰ ਸਿੰਘ ਚੱਠੇ ਦੀ ਟੀਮ ਟੈਲਫੋਰਡ ਵਿਰੋਧੀ ਟੀਮ ਸਿੱਖ ਟੈਂਪਲ ਯੁਨਾਈਟਡ ਵੁਲਵਰਹੈਪਟਨ ਨੂੰ ਇਕ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਅੱਧੇ ਅੰਕ ਨਾਲ ਹਾਰੀ। ਤੀਜੇ ਮੈਚ ਵਿਚ ਪੰਜਾਬ ਯੁਨਾਈਟਡ ਟੈਲਫੋਰਡ-ਵੁਲਵਰਹੈਪਟਨ ਨੇ ਸਲੋਹ ਨੂੰ 32 ਦੇ ਮੁਕਾਬਲੇ ਸਾਢੇ 36 ਅੰਕਾਂ ਨਾਲ ਮਾਤ ਦਿੱਤੀ। ਗ੍ਰੇਵਜੈਂਡ ਵਾਲਿਆਂ ਵੀ ਆਪਣੇ ਸ਼ਹਿਰ ਦੇ ਮੈਦਾਨ ਵਿਚ ਵਾਲਸਲ ਦੀ ਟੀਮ ਨੂੰ ਸਾਢੇ 30 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਪਹਿਲੀ ਮੱਲ ਮਾਰ ਲਈ ਸੀ। ਈਰਥ ਦੀ ਟੀਮ ਧਾਵੀ ਕਾਲਾ ਮੀਅਂਵਿੰਡ ਅਤੇ ਸੋਨੂ ਜੰਪ ਦੇ ਫੱਟੜ ਹੋਣ ਕਰਕੇ ਸਾਊਥਾਲ ਤੋਂ ਪਛੜ ਕੇ ਬਾਹਰ ਹੋ ਗਈ। ਛੇਵੇਂ ਮੈਚ ਵਿਚ ਕਵੈਂਟਰੀ ਨੇ ਬਾਰਕਿੰਗ ਨੂੰ ਜਿੱਤਿਆ ਤੇ ਸੱਤਵੇਂ ਮੈਚ ਵਿਚ ਹੇਜ਼ ਵਾਲੇ ਹੁੱਲ ਨੂੰ ਜਿੱਤ ਗਏ। ਦੂਜੇ ਗੇੜ ਵਿਚ ਪੰਜਾਬ ਯੁਨਾਈਟਡ ਨੇ ਡਰਬੀ ਨੂੰ ਮਾਤ ਦਿੱਤੀ ਜਦਕਿ ਗ੍ਰੇਵਜੈਂਡ ਵਾਲੇ ਵੁਲਵਰਹੈਪਟਨ ਨਾਲ ਮੈਚ ਇਕ ਪਾਸੜ ਕਰ ਗਏ। ਅਗਲੇ ਮੈਚ ਵਿਚ ਹੇਜ਼ ਨੇ ਸਾਊਥਾਲ ਨੁੰ ਤੇ ਕਵੈਂਟਰੀ ਨੇ ਬਰਮਿੰਘਮ ਨੂੰ ਜਿੱਤਿਆ। ਮੈਚਾਂ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਭਿੰਦਾ ਮੁਠੱਡਾ ਤੇ ਸੋਖਾ ਢੇਸੀ ਨੇ ਕੀਤੀ। ਪੰਜਾਬ ਤੋਂ ਆਏ ਅੰਤਰਾਸ਼ਟਰੀ ਕਬੱਡੀ ਕੁਮੈਂਟੇਟਰ ਅਰਵਿੰਦਰਜੀਤ ਸਿੰਘ ਕੋਛੜ ਨੇ ਆਪਣੇ ਵਿਲੱਖਣ ਅੰਦਾਜ ਵਿਚ ਰੰਗ ਬੰਨ੍ਹਿਆ। ਨਾਲ ਹੀ ਜੀ.ਐਸ. ਕਲੇਰ ਨੇ ਵੀ ਸੰਖੇਪ ਹਾਜਰੀ ਲੁਆਈ।
ਹੁਣ ਪਹਿਲੇ ਸੈਮੀ ਫਾਈਨਲ ਵਿਚ ਪੰਜਾਬਯੁਨਾਈਟਡ ਟੈਲਫੋਰਡ-ਵੁਲਵਰਹੈਪਟਨ ਦਾ ਮੁਕਾਬਲਾ ਹੇਜ਼ ਕਬੱਡੀ ਕਲੱਬ ਨਾਲ ਸੀ। ਪੰਜਾਬ ਯੁਨਾਈਟਡ ਨੂੰ ਅੱਜ ਧਾਵੀ ਗੱਗੂ ਹਿੰਮਤਪੁਰ ਨੂੰ ਲੱਗੀ ਸੱਟ ਦਾ ਘਾਟਾ ਸੀ। ਦੂਜਾ ਧਾਵੀ ਗੁਰਲਾਲ ਜਲਾਲਪੁਰ ਹੇਜ਼ ਦੇ ਜਾਫੀਆਂ ਨੇ ਪਹਿਲੀਆਂ ਕਬੱਡੀਆਂ ਹੀ ਨੱਪ ਲਿਆ। ਗੁਰਲਾਲ ਨੂੰ 4 ਕਬੱਡੀਆਂ ਵਿਚ ਬਾਜਾ ਮੱਲ੍ਹਣ ਅਤੇ ਮਨਪ੍ਰੀਤ ਡਾਲਾ ਨੇ ਪਹਿਲੀਆਂ ਦੋ ਕਬੱਡੀਆ ਹੀ ਉਪਰੋ-ਥਲੀ ਦੋ ਜੱਫੇ ਲਾ ਦਿੱਤੇ। ਡਾਲਾ ਨੇ ਗੁਰਲਾਲ ਨਾਲ ਇਕ ਅੰਕ ਸਾਂਝਾ ਵੀ ਕੀਤਾ। ਧਾਵੀ ਕਾਲੂ ਕਾਲਾ ਸੰਘਿਆ ਨੂੰ ਵੀ ਅੱਧੇ ਸਮੇਂ ਤੱਕ ਦੀਆਂ 3 ਕਬੱਡੀਆਂ ਵਿਚ 2 ਵਾਰ ਬਾਜਾ ਮੱਲਣ ਰੋਕ ਗਿਆ। ਗੁਰਲਾਲ ਘਨੌਰ ਨੂੰ ਵੀ ਦੂਜੀ ਕਬੱਡੀ ਗੋਰਾ ਮਰੂੜ ਨੇ ਇਕ ਜੱਫਾ ਲਾ ਦਿੱਤਾ ਪਰ ਬਅਦ ਦੀਆਂ ਕਬੱਡੀਆਂ ਵਿਚ ਗੁਲਾਲ ਨੇ ਜੱਫਾ ਨਹੀਂ ਲੱਗਣ ਦਿੱਤਾ। ਦੂਜੇ ਪਾਸੇ ਅੱਧੇ ਸਮੇਂ ਤੱਕ ਹੇਜ਼ ਦੇ ਧਾਵੀ ਗੁਰਜੀਤ ਤੂਤ ਨੂੰ ਇਕ ਅਤੇ ਜਗਦੀਪ ਢੀਮਾਂਵਲੀ ਤੇ ਬੀਤਾ ਖੋਸਾ ਨੂੰ 2-2 ਜੱਫੇ ਲੱਗੇ। ਹੇਜ਼ ਅੱਧੇ ਸਮੇਂ ਤੱਕ 16 ਦੇ ਮੁਕਾਬਲੇ ਸਾਢੇ 18 ਨਾਲ ਅੱਗੇ ਸੀ ਪਰ ਅੱਧੇ ਸਮੇਂ ਬਾਅਦ ਗੁਰਲਾਲ ਘਨੌਰ ਵਲੋਂ ਪਾਈਆ ਬੇਰੋਕ ਕਬੱਡੀਆਂ ਨੇ ਮੈਚ ਪੰਜਾਬ ਯੁਨਾਈਟਡ ਦੇ ਹੱਕ ਵਿਚ ਮੋੜ ਲਿਆ। ਕਾਲੂ ਕਾਲਾ ਸੰਘਿਆ ਨੇ ਵੀ 5 ਵਿਚੋਂ 4 ਸਫਲ ਕਬੱਡੀਆਂ ਪਾ ਕੇ ਗੁਰਲਾਲ ਦਾ ਸਾਥ ਦਿੱਤਾ। ਗੁਰਲਾਲ ਘਨੌਰ ਨੇ ਵੀ ਦੋਹਰੀਆਂ ਕਬੱਡੀਆਂ ਪਾ ਪਾ ਕੇ ਮੈਚ ਦਾ ਅੜਿਆ ਗੱਡਾ ਕੱਢਿਆ। ਘੁਰਲਾਲ ਘਨੌਰ ਨੇ ਰਿਕਾਰਡ 22 ਕਬੱਡੀਆਂ ਵਿਚੋਂ 21 ਸਫਲ ਕਬੱਡੀਆਂ ਪਾ ਕੇ ਮੈਚ ਸਾਢੇ 33 ਦੇ ਮੁਕਾਬਲੇ 34 ਅੰਕਾਂ ਨਾਲ ਜਿੱਤ ਕੇ ਦੂਜੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਹੇਜ਼ ਦੀ ਟੀਮ ਦੇ ਧਾਵੀ ਜਗਦੀਪ ਢੀਮਾਂਵਾਲੀ ਨੇ ਅੱਧੇ ਸਮੇਂ ਬਾਅਦ ਦੀਆਂ 7 ਕਬੱਡੀਆਂ ਵਿਚ ਕੋਈ ਜੱਫਾ ਨਹੀਂ ਖਾਧਾ ਪਰ ਅੱਧੇ ਸਮੇਂ ਬਾਅਦ ਧਾਵੀ ਗੁਰਜੀਤ ਤੂਤ ਤੇ ਬੀਤਾ ਖੋਸਾ ਨੁੰ ਕ੍ਰਮਵਾਰ ਰੱਬੋਂ ਤੇ ਪਾਲਾ ਜਲਾਲਪੁਰ ਵਲੋਂ ਲੱਗਿਆ ਇਕ-ਇਕ ਜੱਫਾ ਟੀਮ ਨੂੰ ਮਹਿੰਗਾ ਪਿਆ।
ਮੁਖ ਪ੍ਰਬੰਧਕਾਂ ਕਰਨੈਲ ਸਿੰਘ ਖਹਿਰਾ, ਲਛਮਣ ਸਿੰਘ ਖੋਖੇਵਾਲ, ਜਸਪਾਲ ਸਿੰਘ ਢੇਸੀ ਤੇ ਦਵਿੰਦਰ ਸਿੰਘ ਪਤਾਰਾ ਵਲੋਂ ਬੀਤੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀਆਂ ਪ੍ਰੀਤਾ ਨਡਾਲਾ, ਤਾਰਾ ਘਣਗਸ, ਮੀਤ ਜੱਜਾ, ਟਹਿਲਾਂ ਸੰਧਵਾਂ, ਇਕਬਾਲ ਸਿੰਘ ਬਾਲਾ ਫਰਾਲਾ, ਜੀਤੀ ਖਹਿਰਾ ਤੇ ਹਰਭਜਨ ਸਿੰਘ ਭਜੀ ਖੀਰਾਂਵਾਲੀ ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਵਿਸ਼ੇਸ ਸਨਮਨ ਕੀਤਾ ਗਿਆ। ਹਰੇਕ ਸਾਲ ਵਾਂਗ ਇਸ ਵਾਰ ਵੀ ਪਲਵਿੰਦਰ ਢੰਡੇ ਨੇ ਗ੍ਰੇਵਜੈਂਡ ਗੁਰੁ ਘਰ ਦੀ ਸੇਵਾ ਵਿਚ ਡੇਢ ਕੁਇੰਟਲ ਦੀ ਆਹਰਨ ਚੁੱਕੀ।
ਹੁਣ ਫਾਈਨਲ ਮੁਕਬਲਾ ਗ੍ਰੇਵਜੈਂਡ ਅਤੇ ਪੰਜਾਬ ਯੁਨਾਈਟਡ ਦੀਆਂ ਟੀਮਾਂ ਵਿਚਕਾਰ ਹੋਣਾ ਸੀ। ਇਸ ਤੋਂ ਪਹਿਲਾਂ 21 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੀਆਂ ਟੀਮਾਂ ਲੰਡਨ ਤੇ ਮਿਡਵੇਅ ਦਾ ਕਬੱਡੀ ਮੈਚ ਵੀ ਕਰਵਾਇਆ ਗਿਆ। ਭਾਵੇਂ ਇਹ ਤੀਜਾ ਟੂਰਨਾਮੈਂਟ ਸੀ ਪਰ ਅੱਜ ਗ੍ਰੇਵਜੈਂਡ ਤੇ ਪੰਜਾਬ ਯੁਨਾਈਟਡ ਪਹਿਲੀ ਵਾਰ ਆਹਮੋ ਸਾਹਮਣੇ ਹੋ ਰਹੇ ਸਨ। ਗ੍ਰੇਵਜੈਡ ਦੇ ਖਿਡਾਰੀਆਂ ਨੂੰ ਸੱਤਾ ਮੁੱਠਡਾ ਤੇ ਪਾਲਾ ਬੜਾ ਪਿੰਡ ਤੇ ਸਵਰਨਾ ਹੱਲਾਸ਼ੇਰੀ ਦੇ ਰਹੇ ਸਨ ਜਦਕਿ ਪੰਜਾਬ ਯੁਨਾਈਟਡ ਵਲੋਂ ਰਣਜੀਤ ਢੰਡਾ, ਰਾਜਨ ਮਾਹਲ ਅਤੇ ਬਹਾਦਰ ਸੇ਼ਰਗਿਲ ਹੁਰੀ ਅੱਜ ਡਰਬੀ ਵਿਖੇ ਕੀਤੇ ਮਾੜੇ ਪ੍ਰਦਰਸ਼ਨ ਦਾ ਉਲਾਂਭਾ ਲਾਹ ਦੇਣ ਲਈ ਟੀਮ ਨੂੰ ਪ੍ਰੇਰ ਰਹੇ ਸਨ। ਪੰਜਾਬ ਯੁਨਈਟਡ ਵਲੋਂ ਪਹਿਲੀ ਡੇਢ ਨੰਬਰੀ ਕਬੱਡੀ ਗੁਰਲਾਲ ਜਲਾਲਪੁਰ ਨੇ ਪਾਈ ਤੇ ਸਫਲ ਰਿਹਾ ਪਰ ਉਸਦੀ ਦੂਜੀ ਕਬੱਡੀ ਹੀ ਜਦੋਂ ਗ੍ਰੇਵਜੈਂਡ ਦੇ ਜਾਫੀ ਜੱਗਾ ਮੂਲੇਵਾਲ ਨੇ ਉਸਨੂੰ ਜਫਾ ਲਾਇਆ ਤਾਂ ਗ੍ਰੇਵਜੈਂਡ ਦੇ ਖੇਮੇ ਵਿਚ ਚੀਕਾਂ ਤੇ ਤਾੜੀਆਂ ਸ਼ੁਰੂ ਹੋ ਗਈਆਂ। ਬਾਅਦ ਦੀਆਂ 14 ਕਬੱਡੀਆਂ ਗੁਰਲਾਲ ਜਲਾਲਪੁਰ ਨੂੰ ਕੋਈ ਜੱਫਾ ਨਹੀਂ ਪਿਆ ਉਸਨੂੰ ਦੂਜਾ ਜੱਫਾ ਉਸਦੀ 17ਵੀਂ ਤੇ ਆਖਿਰੀ ਕਬੱਡੀ ਜਾਫੀ ਅਮਨ ਜੌਹਲ ਨੇ ਲਾਇਆ। ਧਾਵੀ ਕਾਲੂ ਕਾਲਾ ਸੰਘਿਆ ਨੇ ਅੱਧੇ ਸਮੇਂ ਤੱਕ ਪੰਜ ਵਿਚੋਂ ਸਿਰਫ 3 ਸਫਲ ਕਬੱਡੀਆਂ ਪਾਈਆਂ। ਕਾਲੂ ਨੂੰ ਇਕ ਜੱਫਾ ਅਮਨ ਜੌਹਲ ਤੇ ਇਕ ਦੁਨਾਲੀ ਮੁਕੰਦਪੁਰ ਨੇ ਲਇਆ। ਧਾਵੀ ਗੁਰਲਾਲ ਘਨੌਰ ਨੇ ਨੇ 14 ਕਬੱਡੀਆਂ ਪਾਈਆਂ ਗੁਰਲਾਲ ਨੂੰ ਇਕ-ਇਕ ਜੱਫਾ ਜੱਗਾ ਮੂਲੇਵਾਲ ਤੇ ਦੁਨਾਲੀ ਮੁਕੰਦਪੁਰ ਨੇ ਲਾਇਆ। ਦੂਜੇ ਪਾਸੇ ਗ੍ਰੇਵਜੈਂਡ ਦੇ ਧਾਵੀ ਸੰਦੀਪ ਦਿੜਬਾ ਨੇ 18 ਕਬੱਡੀਆਂ ਪਾਈਆਂ ਤੇ ਸੰਦੀਪ ਨੂੰ ਆਖਿਰੀ ਕਬੱਡੀ ਹੀ ਸਿਰਫ ਇਕ ਜੱਫਾ ਹਰਵਿੰਦਰ ਰੱਬੋਂ ਨੇ ਲਾਇਆ। ਧਾਵੀ ਭਾਲਾ ਅੰਬਰਸਰੀਆ ਨੂੰ 9 ਕਬੱਡੀਆਂ ਵਿਚ 2 ਜੱਫੇ ਜਾਫੀ ਪਾਲਾ ਜਲਾਲਪੁਰ ਨੇ ਲਾਏ। ਤੀਜੇ ਧਾਵੀ ਜੱਸਾ ਭੜੀ ਨੂੰ 9 ਕਬੱਡੀਆ ਵਿਚ ਇਕ ਵਾਰ ਪਾਲਾ ਡਡਵਿੰਡੀ ਅਤੇ 3 ਵਾਰ ਪਾਲਾ ਜਲਾਲਪੁਰ ਨੇ ਰੋਕਿਆ। ਇਸ ਤਰ੍ਹਾਂ ਅੱਧੇ ਸਮੇਂ ਤੱਕ ਅੱਧੇ ਅੰਕ ਨਾਲ ਪਛੜਦੀ ਗ੍ਰੇਜੈਂਡ ਦੀ ਟੀਮ ਨੂੰ ਪੰਜਾਬ ਯੁਨਾਈਟਡ ਨੇ 35 ਦੇ ਮੁਕਾਬਲੇ ਸਾਢੇ 37 ਅੰਕਾਂ ਨਾਲ ਜਿੱਤ ਕੇ ਸ਼ੀਜਨ ਦਾ ਦੂਜਾ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਗ੍ਰੇਵਜੈਂਡ ਨੇ ਵੀ ਸੀਜਨ ਵਿਚ ਪਹਿਲੀ ਵਾਰ ਰਨਰ ਅਪ ਕੱਪ ਚੁੱਕ ਕੇ ਗ੍ਰੇਵਜੈਂਡ ਸ਼ਹਿਰ ਦੇ ਵਾਸੀਆਂ ਨੂੰ ਟੀਮ ਦੀ ਕਾਰਗੁਜਾਰੀ ਵਿਖਾਈ। ਮੈਚ ਵਿਚ 17 ਬੇਰੋਕ ਕਬੱਡੀਆਂ ਪਾਉਣ ਵਾਲੇ ਗ੍ਰੇਵਜੈਂਡ ਦੇ ਧਾਵੀ ਸੰਦੀਪ ਦਿੜਬਾ ਨੂੰ ਬੈਸਟ ਧਾਵੀ ਅਤੇ 5 ਜੱਫੇ ਲਾਉਣ ਵਾਲੇ ਪੰਜਾਬ ਯੁਨਾਈਟਡ ਦੇ ਜਾਫੀ ਪਾਲਾ ਜਲਲਪੁਰ ਨੂੰ ਬੈਸਟ ਜਾਫੀ ਐਲਾਨਿਆ ਗਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ. ਤਨਮਨਜੀਤ ਸਿੰਘ ਢੇਸੀ ਮੇਅਰ ਗ੍ਰੇਵਜੈਂਡ ਸ਼ਹਿਰ ਨੇ ਕੀਤੀ