ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖ ਰੇਖ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਵੱਲੋਂ ਲਗਾਏ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਭੋਜਨ ਵਿਗਿਆਨੀ ਡਾ: ਕਿਰਨ ਬੈਂਸ ਨੇ ਕਿਹਾ ਹੈ ਕਿ ਮਨੁੱਖੀ ਖੁਰਾਕ ਵਿੱਚ ਜ਼ਿੰਕ ਦੀ ਕਮੀ ਹੋਣ ਨਾਲ ਸਰੀਰਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਆਖਿਆ ਕਿ ਇਹ ਘਾਟ ਭਾਵੇਂ ਸਪਸ਼ਟ ਰੂਪ ਵਿੱਚ ਸਰੀਰ ਵਿੱਚ ਨਜ਼ਰ ਨਹੀਂ ਆਉਂਦੀ ਪਰ ਇਸਦੀ ਕਮੀ ਸਰੀਰ ਨੂੰ ਵਾਧੇ ਤੋਂ ਰੋਕਦੀ ਹੈ। ਉਨ੍ਹਾਂ ਆਖਿਆ ਕਿ ਜ਼ਿੰਕ ਦੇ ਸਰੋਤ ਫ਼ਲ ਅਤੇ ਸਬਜ਼ੀਆਂ ਹਨ ਜਿਨ੍ਹਾਂ ਦੀ ਪ੍ਰਾਪਤੀ ਨਾਲ ਹੀ ਕੁਦਰਤੀ ਢੰਗ ਨਾਲ ਜ਼ਿੰਕ ਤੱਤ ਹਾਸਿਲ ਕੀਤਾ ਜਾ ਸਕਦਾ ਹੈ।
ਡਾ: ਬੋਰਲਾਗ ਕਣਕ ਭਵਨ ਵਿਖੇ ਕਰਵਾਏ ਇਸ ਸਿਖਲਾਈ ਕੈਂਪ ਵਿੱਚ ਪੀ ਏ ਯੂ ਕਿਸਾਨ ਕਲੱਬ ਦੇ ਸਾਬਕਾ ਪ੍ਰਧਾਨ ਸ: ਅਮਰਜੀਤ ਸਿੰਘ ਸਿੱਧੂ ਨੇ ਆਏ ਖੇਤੀਬਾੜੀ ਅਤੇ ਹੋਮ ਸਾਇੰਸ ਮਾਹਿਰਾਂ ਨੂੰ ਕਿਸਾਨਾਂ ਵੱਲੋਂ ਜੀ ਆਇਆਂ ਨੂੰ ਕਿਹਾ। ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕੋਆਰਡੀਨੇਟਰ ਡਾ: ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸਰਕਾਰੀ ਅਤੇ ਗੈਰ ਸਰਕਾਰੀ ਖੇਤੀਬਾੜੀ ਵਿਕਾਸ ਅਦਾਰਿਆਂ ਦੇ ਸਹਿਯੋਗ ਨਾਲ ਹੀ ਖੇਤੀਬਾੜੀ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕਦਾ ਹੈ ਅਤੇ ਹੇਠਲੇ ਤੇ ਦਰਮਿਆਨੇ ਦਰਜੇ ਦੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ।
ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੀ ਏ ਯੂ ਕਿਸਾਨ ਕਲੱਬ ਦੇ ਸਾਬਕਾ ਪ੍ਰਧਾਨ ਸ: ਮਹਿੰਦਰ ਸਿੰਘ ਗਰੇਵਾਲ ਨੇ ਕਿਸਾਨ ਭਰਾਵਾਂ ਨਾਲ ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਜਿੰਨਾਂ ਚਿਰ ਅਸੀਂ ਬੀਜ ਸੰਭਾਲ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਂਦੇ ਉਨਾਂ ਚਿਰ ਵਿਕਾਸ ਦੀ ਕੁੰਜੀ ਕਿਸੇ ਹੋਰ ਹੱਥ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਫ਼ਸਲ ਮਾਲਕ ਨੂੰ ਹਰ ਰੋਜ਼ ਉਡੀਕਦੀ ਹੈ ਅਤੇ ਸੁਚੇਤ ਕਿਸਾਨ ਨੂੰ ਮੰਡੀ ਦਾ ਵਪਾਰੀ ਵੀ ਧੋਖਾ ਨਹੀਂ ਦੇ ਸਕਦਾ। ਆਪਣੀ ਉਪਜ ਦੇ ਸਵੈ ਮਾਣ ਨੂੰ ਕਾਇਮ ਰੱਖਣ ਲਈ ਨਿਰੰਤਰ ਜਾਗਣਾ ਚਾਹੀਦਾ ਹੈ। ਭੂਮੀ ਵਿਗਿਆਨੀ ਡਾ: ਉਪਕਾਰ ਸਿੰਘ ਸਿਡਾਨਾ ਨੇ ਜ਼ਮੀਨ ਅਤੇ ਪਾਣੀ ਵਿਚੋਂ ਫ਼ਸਲਾਂ ਨੂੰ ਮਿਲਣ ਵਾਲੇ ਲਘੂ ਤੱਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਫ਼ਸਲ ਨੂੰ 17 ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਵਿਚੋਂ ਵਧੇਰੇ ਤੱਤ ਮਿੱਟੀ ਅਤੇ ਪਾਣੀ ਵਿਚੋਂ ਮਿਲ ਜਾਂਦੇ ਹਨ ਪ੍ਰੰਤੂ ਕੁਝ ਲਘੂ ਤੱਤਾਂ ਦੀ ਜ਼ਮੀਨ ਵਿੱਚ ਕਮੀ ਆ ਰਹੀ ਹੈ ਅਤੇ ਉਨ੍ਹਾਂ ਤੱਤਾਂ ਨੂੰ ਮਿੱਟੀ ਪਰਖ਼ ਦੇ ਆਧਾਰ ਤੇ ਜ਼ਮੀਨ ਵਿੱਚ ਪੂਰੇ ਕਰਨਾ ਚਾਹੀਦਾ ਹੈ। ਇਸ ਨਾਲ ਹੀ ਅਸੀਂ ਆਪਣੀਆਂ ਫ਼ਸਲਾਂ ਦਾ ਪੂਰਾ ਝਾੜ ਲੈ ਸਕਦੇ ਹਾਂ।
ਤੁਰਕੀ ਤੋਂ ਆਏ ਵਿਗਿਆਨੀ ਡਾ: ਇਸਮਾਈਲ ਚੈਕਮੈਨ ਨੇ ਸੰਸਾਰ ਪੱਧਰ ਤੇ ਜ਼ਿੰਕ ਦੀ ਕਮੀ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿੰਕ ਦੀ ਕਮੀ ਨਾਲ ਫ਼ਸਲਾਂ ਨੂੰ ਬੀਮਾਰੀਆਂ ਵਧੇਰੇ ਘੇਰਦੀਆਂ ਹਨ। ਉਨ੍ਹਾਂ ਦੱਸਿਆ ਕਿ ਸੰਸਾਰ ਪੱਧਰ ਤੇ ਕੁਝ ਨਵੀਆਂ ਖਾਦਾਂ ਬਾਜ਼ਾਰ ਵਿੱਚ ਆ ਰਹੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਬਾਕੀ ਤੱਤਾਂ ਦੇ ਨਾਲ ਨਾਲ ਜ਼ਿੰਕ ਦੀ ਕਮੀ ਵੀ ਪੂਰੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਜ਼ਿੰਕ ਯੂਰੀਆ ਵੀ ਮਾਰਕੀਟ ਵਿੱਚ ਆ ਰਿਹਾ ਹੈ। ਡਾ: ਚੈਕਮੈਨ ਨੇ ਆਖਿਆ ਕਿ ਭਾਰਤ ਵਿੱਚ ਇਹੋ ਜਿਹੀਆਂ ਖਾਦਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਦਾਣਿਆਂ ਵਿੱਚ ਜ਼ਿੰਕ ਤੱਤ ਪੂਰਾ ਹੋਵੇ ਤਾਂ ਉਸ ਨਾਲ ਫ਼ਸਲ ਦੀ ਉੱਗਣ ਸ਼ਕਤੀ ਵੀ ਵਧਦੀ ਹੈ। ਅੰਤਰ ਰਾਸ਼ਟਰੀ ਜ਼ਿੰਕ ਐਸੋਸੀਏਸ਼ਨ ਨਵੀਂ ਦਿੱਲੀ ਦੇ ਮਾਹਿਰ ਡਾ: ਦਾਸ ਸਮਿੱਤਰਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਜ਼ਿੰਕ ਐਸੋਸੀਏਸ਼ਨ ਵੱਲੋਂ ਕਿਸਾਨ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕਲੱਬ ਦੇ ਪ੍ਰਧਾਨ ਪਵਿੱਤਰਪਾਲ ਸਿੰਘ ਪਾਂਗਲੀ ਨੇ ਆਖਿਆ ਕਿ ਕਿਸਾਨ ਕਲੱਬ ਹੁਣ ਆਪਣੇ ਵਿਚੋਂ ਹੀ ਬੀਜ ਉਤਪਾਦਕ ਵਿੰਗ ਵੀ ਸਥਾਪਿਤ ਕਰੇਗਾ ਤਾਂ ਜੋ ਕਲੱਬ ਦੇ ਮੈਂਬਰਾਂ ਨੂੰ ਬੀਜ ਕੰਪਨੀਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ। ਕਲੱਬ ਦੇ ਮੈਂਬਰਾਂ ਨੇ ਇਸ ਵਿੰਗ ਦੀ ਸਥਾਪਨਾ ਲਈ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਸਿਖਲਾਈ ਕੈਂਪ ਵਿੱਚ ਡਾ: ਹਰਜੀਤ ਸਿੰਘ ਧਾਲੀਵਾਲ ਅਪਰ ਨਿਰਦੇਸ਼ਕ ਪਸਾਰ ਸਿੱਖਿਆ, ਡਾ: ਹ ਸ ਬਾਜਵਾ, ਡਾ: ਮਨਜੀਤ ਸਿੰਘ ਗਿੱਲ ਮੁਖੀ ਪਲਾਂਟ ਬ੍ਰੀਡਿੰਗ ਵਿਭਾਗ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।