ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੇਸ਼ੱਕ “ਰਿਸ਼ਵਤਖੋਰੀ” ਦੀ ਸਮਾਜ ਵਿਰੋਧੀ ਬਿਮਾਰੀ ਨੂੰ ਜੜ੍ਹ ਤੋ ਖਾਤਮਾ ਕਰਨਾ ਅੱਜ ਜ਼ਰੂਰੀ ਹੋ ਗਿਆ ਹੈ ਅਤੇ ਇਸ ਸਬੰਧੀ ਬੀਤੇ ਕੁਝ ਸਮੇ ਪਹਿਲੇ ਸਮਾਜ ਸੁਧਾਰਕ ਸ਼੍ਰੀ ਅੰਨਾ ਹਜ਼ਾਰੇ ਵੱਲੋ ਕੀਤੇ ਗਏ ਉੱਦਮਾਂ ਤੋ ਕੁਝ ਆਸ ਬੱਝੀ ਸੀ ਕਿ ਰਿਸ਼ਵਤਖੋਰੀ ਵਿਰੁੱਧ ਵੱਡੇ ਪੱਧਰ ‘ਤੇ ਇੱਕ ਲੋਕ ਲਹਿਰ ਉੱਠ ਖਲੋਏਗੀ। ਲੇਕਿਨ ਹੁਣ ਇੱਕ ਹੋਰ ਯੋਗੀ ਬਾਬੇ ਸ਼੍ਰੀ ਰਾਮਦੇਵ ਵੱਲੋ ਵੀ ਰਿਸ਼ਵਤਖੋਰੀ ਨੂੰ ਅਧਾਰ ਬਣਾ ਕੇ ਨਵੇ ਸਿਰੇ ਤੋ ਛੇੜੇ ਜਾ ਰਹੇ ਅੰਦੋਲਨ ਅਤੇ ਸ਼੍ਰੀ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਆਰ ਐਸ ਐਸ ਅਤੇ ਬੀ ਜੇ ਪੀ ਵਰਗੀਆਂ ਫਿਰਕੂ ਜਮਾਤਾਂ ਦੇ ਸਾਤੁਰ ਦਿਮਾਗਾਂ ਨੇ ਘੇਰ ਲਿਆ ਹੈ। ਜਿਸ ਕਾਰਨ ਇਹ ਅੰਦੋਲਨ ਸਮਾਜਿਕ ਲਹਿਰ ਨਾ ਬਣ ਕੇ ਸਿਆਸਤਦਾਨਾਂ ਦੀਆਂ ਸਵਾਰਥੀ ਨੀਤੀਆਂ ਅਤੇ ਸੋਚ ਨੂੰ ਪੂਰਕ ਬਣਨ ਦੇ ਸਾਧਨ ਬਣਦੇ ਜਾ ਰਹੇ ਹਨ। ਬਾਬਾ ਰਾਮਦੇਵ ਵੱਲੋ ਅਤੇ ਸ਼੍ਰੀ ਅੰਨਾ ਹਜ਼ਾਰਾ ਵੱਲੋ ਆਪਣੇ ਮੁੱਖ ਮਕਸਦ ਤੋ ਹੱਟਕੇ ਇੱਥੇ “ਹਿੰਦੀ ਲਿਪੀ” ਨੂੰ ਲਾਗੂ ਕਰਨ ਦੀ ਪਾਈ ਜਾ ਰਹੀ ਦੁਹਾਈ ਪ੍ਰਤੱਖ ਤੌਰ ‘ਤੇ ਸਾਬਿਤ ਕਰਦੀ ਹੈ ਕਿ ਇਹ ਬਾਬੇ ਸਮਾਜ ਸੁਧਾਰਕ ਦੇ ਨਾਮ ਹੇਠ ਅਸਲੀਅਤ ਵਿੱਚ ਮਨੁੱਖਤਾ ਵਿਰੋਧੀ “ਹਿੰਦੂਤਵ ਸੋਚ” ਦੀ ਹੀ ਪੈਰਵੀ ਕਰ ਰਹੇ ਹਨ। ਜਿਸ ਲਈ ਇਹ ਬਾਬੇ ਆਪਣੇ ਕਿਸੇ ਵੀ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਣਗੇ ਅਤੇ ਨਾ ਹੀ ਇਸ ਮੁਲਕ ਵਿੱਚ ਰਹਿਣ ਵਾਲੀਆਂ ਘੱਟ ਗਿਣਤੀ ਕੌੰਮਾਂ ਨੂੰ “ਰਿਸ਼ਵਤਖੋਰੀ” ਰੂਪੀ ਮਠਿਆਈ ਵਿੱਚ ਕਿਸੇ ਤਰ੍ਹਾ ਦੀ ਜਹਿਰ ਛੁਪਾ ਕੇ, ਉਨ੍ਹਾ ਦੇ ਗਲੇ ਵਿੱਚ ਉਤਾਰਨ ਲਈ ਕਾਮਯਾਬ ਹੋ ਸਕਣਗੇ।
ਸ: ਮਾਨ ਨੇ ਕਿਹਾ ਕਿ ਹਿੰਦ ਇੱਕ ਬਹੁ-ਲਿਪੀ, ਬਹੁ-ਕੌਮੀ, ਬਹੁ-ਧਰਮੀ ਲੋਕਾਂ ਦਾ ਇੱਕ ਸਮੂਹ ਹੈ। ਜਿੱਥੇ ਵਿਧਾਨਿਕ ਤੌਰ ‘ਤੇ ਸਭਨਾ ਨੂੰ ਬਰਾਬਰ ਦੇ ਅਧਿਕਾਰ ਅਤੇ ਹੱਕ ਪ੍ਰਾਪਤ ਹਨ। ਕੋਈ ਵੀ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ ਕੋਈ ਵੀ ਫੈਸਲਾ ਜ਼ਬਰੀ ਠੋਸਣ ਦਾ ਕਾਨੂੰਨੀ, ਇਖਲਾਕੀ ਅਤੇ ਸਮਾਜਿਕ ਹੱਕ ਨਹੀਂ ਰੱਖਦਾ। ਇਸ ਲਈ ਇੱਥੇ ਕਿਸੇ ਵਿਸੇਸ ਬੋਲੀ, ਲਿਪੀ ਦੀ ਗੱਲ ਕਰਨ ਵਾਲੇ ਆਗੂ ਹਿੰਦੂਤਵ ਸੋਚ ਦੇ ਗੁਲਾਮ ਤਾਂ ਹੋ ਸਕਦੇ ਹਨ ਲੇਕਿਨ ਅਜਿਹੇ ਲੋਕਾਂ ਨੂੰ ਮਨੁੱਖਤਾ ਪੱਖੀ “ਸਮਾਜ ਸੁਧਾਰਕਾਂ” ਦਾ ਨਾਮ ਦੇਣ ਦੀ ਕਾਰਵਾਈ ਘੱਟ ਗਿਣਤੀ ਕੌਮਾਂ ਨੂੰ ਧੋਖੇ ਵਿੱਚ ਰੱਖ ਕੇ ਸਿਆਸੀ ਮੰਤਵਾਂ ਦੀ ਪੂਰਤੀ ਕਰਨ ਦੇ ਹੀ ਤੁੱਲ ਕਾਰਵਾਈ ਹੋਵੇਗੀ। ਉਨ੍ਹਾ ਕਿਹਾ ਕਿ ਜੇਕਰ ਇਹ ਸਮਾਜ ਸੁਧਾਰਕ ਇੱਥੋ ਦੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਅਤੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਦੇ ਮਿਸ਼ਨ ਲਈ ਇਮਾਨਦਾਰ ਹੁੰਦੇ, ਫਿਰ ਤਾਂ ਸ਼੍ਰੀ ਅੰਨਾ ਹਜ਼ਾਰੇ ਅਤੇ ਰਾਮਦੇਵ ਦੀਆਂ ਲਹਿਰਾਂ ਸਾਰਥਕ ਨਤੀਜੇ ਕੱਢਣ ਵਿੱਚ ਕਾਮਯਾਬ ਹੋ ਸਕਦੀਆਂ ਸਨ। 400 ਲੱਖ ਕਰੋੜ ਰੁਪਏ ਦੇ ਵਿਦੇਸ਼ੀ ਬੈਕਾਂ ਵਿੱਚ ਪਏ “ਕਾਲੇ ਧਨ” ਨੂੰ ਇੱਥੇ ਮੰਗਾਉਣ ਦੇ ਸੁਪਨੇ ਲੈਣ ਵਾਲੇ ਇਹ ਆਗੂ ਖੁਦ ਤਾਂ ਰਿਸ਼ਵਤਖੋਰੀ, ਜਖੀਰੇਬਾਜ਼ੀ, ਚੋਰ ਬਾਜਾਰੀ ਕਰਨ ਵਾਲੀਆਂ ਜਮਾਤਾਂ ਬੀਜੇਪੀ, ਆਰ ਐਸ ਐਸ ਆਦਿ ਤੋ ਆਦੇਸ਼ ਲੈ ਕੇ ਚੱਲ ਰਹੇ ਹਨ। ਉਨ੍ਹਾ ਕਿਹਾ ਕਿ ਇਹ ਬਾਬੇ ਮੀਡੀਏ ਅਤੇ ਅਖਬਾਰਾਂ ਵਿੱਚ ਚਾਰ ਦਿਨ ਰੌਲਾ ਪਾ ਕੇ, ਵੱਡੇ ਵੱਡੇ ਇਕੱਠ ਕਰਕੇ ਕੇਵਲ ਸਿਆਸਤਦਾਨਾਂ ਦੇ ਮੰਤਵਾਂ ਦੀ ਹੀ ਪੂਰਤੀ ਕਰਦੇ ਨਜ਼ਰ ਆਉਦੇ ਹਨ ਨਾ ਕਿ ਰਿਸ਼ਵਤਖੋਰੀ ਵਰਗੀਆਂ ਲਾਹਨਤਾਂ ਨੂੰ ਇੱਥੋ ਖਤਮ ਕਰਨ ਦੀ ਕੋਈ ਸੰਜੀਦਗੀ ਦਿਖਾਈ ਦਿੰਦੀ ਹੈ।
ਸ: ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਅਤੇ ਇਸ ਮੁਲਕ ਵਿੱਚ ਵਿਚਰਨ ਵਾਲੇ ਇਮਾਨਦਾਰ ਅਤੇ ਲਿਆਕਤਮੰਦ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਦਾਜ-ਦਹੇਜ, ਭਰੂਣ ਹੱਤਿਆ, ਰਿਸ਼ਵਤਖੋਰੀ, ਚੋਰ ਬਾਜਾਰੀ, ਜਖੀਰੇਬਾਜ਼ੀ ਆਦਿ ਸਮਾਜਿਕ ਬੁਰਾਈਆਂ ਵਿਰੁੱਧ ਦ੍ਰਿੜਤਾ ਨਾਲ ਜੂਝਣ ਅਤੇ ਇਨ੍ਹਾ ਦਾ ਖਾਤਮਾ ਕਰਨ ਦਾ ਸੰਜੀਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਫਿਰਕੂ ਜਮਾਤਾਂ ਅਤੇ ਉਨ੍ਹਾ ਦੀ ਸਰਪ੍ਰਸਤੀ ਰਾਹੀਂ ਸਮਾਜ ਸੁਧਾਰ ਦੇ ਅੰਦੋਲਨ ਚਲਾਉਣ ਵਾਲੇ ਉਪਰੋਕਤ ਬਾਬਿਆਂ ਦੀ ਪਿੱਠਭੂਮੀ ਪਿੱਛੇ ਖੇਡੀ ਜਾ ਰਹੀਆਂ ਸਿਆਸੀ ਸ਼ਤੰਰਜੀ ਖੇਡਾਂ ਨੂੰ ਸਮਝਦੇ ਹੋਏ ਆਪਣੇ ਸੂਬੇ ਪੰਜਾਬ, ਕੌਮੀ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਕੇ ਆਪਣੇ ਸਮਾਜਿਕ ਫਰਜ਼ਾ ਦੀ ਪੂਰਤੀ ਕਰਨ ਅਤੇ ਘੱਟ ਗਿਣਤੀ ਕੌਮਾਂ ਨਾਲ ਹੋ ਰਹੀਆਂ ਜਿਆਦਤੀਆਂ, ਬੇਇਨਸਾਫੀਆਂ ਨੂੰ ਦੂਰ ਕਰਨ ਲਈ ਲਾਮਬੱਧ ਹੋ ਕੇ ਆਵਾਜ਼ ਬੁਲੰਦ ਕਰਨ ਅਤੇ ਮਨੁੱਖਤਾ ਮਾਰੂ ਹਿੰਦੂਤਵ ਸੋਚ ਨੂੰ ਚੁਣੌਤੀ ਦੇਣ ਲਈ ਇੱਕ ਸਾਂਝੇ ਪਲੇਟਫਾਰਮ ‘ਤੇ ਇਕੱਤਰ ਹੋਣ।