ਇਸਲਾਮਾਬਾਦ- ਅਮਰੀਕਾ ਵਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਖਤਰਨਾਕ ਅਤਵਾਦੀ ਇਲਯਾਸ ਕਸ਼ਮੀਰੀ ਮਾਰਿਆ ਗਿਆ। ਇਲਯਾਸ ਮੁੰਬਈ ਹਮਲਿਆਂ ਦਾ ਸਾਜਿਸ਼ਕਰਤਾ ਸੀ। ਪਿੱਛਲੇ ਡੇਢ ਮਹੀਨੇ ਵਿੱਚ ਲਾਦਿਨ ਅਤੇ ਮੁਲਾ ਉਮਰ ਤੋਂ ਬਾਅਦ ਇਹ ਤੀਸਰਾ ਖੂੰਖਾਰ ਅਤਵਾਦੀ ਹੈ, ਜਿਸਦਾ ਅੰਤ ਹੋਇਆ ਹੈ।
ਅਮਰੀਕੀ ਸੈਨਾ ਨੇ ਇਹ ਡਰੋਨ ਹਮਲਾ ਰਾਤ ਦੇ ਸਮੇਂ ਦੱਖਣੀ ਵਜੀਰਸਤਾਨ ਦੇ ਮੁੱਖ ਸ਼ਹਿਰ ਵਾਨਾ ਤੋਂ 20 ਕਿਲੋਮੀਟਰ ਦੂਰ ਇੱਕ ਟਿਕਾਣੇ ਤੇ ਕੀਤਾ ਗਿਆ ਸੀ। ਅਤਵਾਦੀ ਸੰਗਠਨ ਹਰਕਤ-ਉਲ-ਜਿਹਾਦ-ਅਲ-ਇਸਲਾਮੀ (ਹੂਜੀ) ਨੇ ਆਪਣੇ ਸਰਗਨਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਅਮਰੀਕਾ ਅਤੇ ਪਾਕਿਸਤਾਨ ਨੇ ਅਜੇ ਅਧਿਕਾਰਕ ਤੌਰ ਤੇ ਉਸ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਬੀਬੀਸੀ ਉਰਦੂ ਨੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡਰੋਨ ਨੇ ਪਹਿਲਾਂ ਦੋ ਮਿਸਾਈਲਾਂ ਕਸ਼ਮੀਰੀ ਦੇ ਟਿਕਾਣੇ ਤੇ ਦਾਗੀਆਂ। ਥੋੜੀ ਦੇਰ ਬਾਅਦ ਦੋ ਹੋਰ ਮਿਸਾਈਲਾਂ ਛੱਡੀਆਂ ਗਈਆ। ਜਿਸ ਨਾਲ 9 ਅਤਵਾਦੀ ਮਾਰੇ ਗਏ ਸਨ ਅਤੇ ਤਿੰਨ ਜਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ ਇਲਯਾਸ ਕਸ਼ਮੀਰੀ ਵੀ ਸੀ। ਹੂਜੀ ਦੇ ਬੁਲਾਰੇ ਹੰਜਲਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਅਮਰੀਕਾ ਤੋਂ ਕਸ਼ਮੀਰੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਕਸ਼ਮੀਰੀ ਕਿਸੇ ਸਮੇਂ ਪਾਕਿਸਤਾਨੀ ਸੈਨਾ ਦੀ ਸਪੈਸ਼ਲ ਸਰਵਿਸ ਗਰੁਪ ਦਾ ਕਮਾਂਡੋ ਸੀ। ਕਮਾਂਡੋ ਤੋਂ ਅਤਵਾਦੀ ਬਣੇ ਕਸ਼ਮੀਰੀ ਦੇ ਤਾਰ ਕਈ ਅਤਵਾਦੀ ਸਾਜਿਸ਼ਾਂ ਨਾਲ ਜੁੜੇ ਹੋਏ ਸਨ। ਉਸ ਦਾ ਨਾਂ ਅਮਰੀਕੀ ਖੁਫ਼ੀਆ ਏਜੰਸੀ ਐਫਬੀਆਈ ਦੀ ਮੋਸਟ ਵਾਂਟਿਡ ਸੂਚੀ ਵਿੱਚ ਸ਼ਾਮਿਲ ਸੀ। ਅਮਰੀਕਾ ਨੇ ਉਸ ਦੇ ਸਿਰ ਤੇ 50 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ।