ਲਾਹੌਰ , ਜੋਗਾ ਸਿੰਘ ਖ਼ਾਲਸਾ – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ 6 ਜੂਨ 1984 ਨੂੰ ਸਿੱਖਾਂ ਦੇ ਦਿਲ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਸਿੱਖੀ ਦੀ ਆਨ ਅਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਹਕੂਮਤ ਦੀਆਂ ਫੋਜਾਂ ਵੱਲੋਂ ਕੀਤੇ ਗਏ ਹਮਲੇ ਦੇ 27ਵੀਂ ਵਰ੍ਹੇਗੰਢ ਤੇ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ਪਾਕਿਸਤਾਨ ਦੀਆਂ ਸਮੂੰਹ ਸੰਗਤਾਂ ਨੇ ਪਹਿਲੀ ਵਾਰ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਆਪਸੀ ਤਾਲਮੇਲ ਅਤੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਘੱਲੂਘਾਰਾ ਦਿਵਸ ਮਨਾਇਆ ਗਿਆ।
ਭਾਰਤੀ ਫ਼ੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਰਾਖੀ ਤੇ ਸਿੱਖ ਧਰਮ ਖਤਰਾ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ, ਮਿਤੀ 4 ਜੂਨ, 2011 ਨੂੰ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਤੋਂ ਬਾਅਦ ਅਲੱਗ-ਅਲੱਗ ਬੁਲਾਰਿਆਂ ਨੇ ਆਪਣੇ ਵੀਚਾਰ ਸਾਂਝੇ ਕੀਤੇ। ਸਭ ਤੋਂ ਪਹਿਲਾ ਸ੍ਰ. ਕਲਿਆਣ ਸਿੰਘ ਹੋਣਾ 6 ਜੂਨ 1984 ਨੂੰ ਵਾਪਰੇ ਘੱਲੂਘਾਰੇ ਦੇ ਪਿਛੋਕੜ ਤੇ ਝਾਤ ਪਾਉਂਦਿਆਂ ਸੰਗਤਾਂ ਨੂੰ ਦੱਸਿਆ ਕਿ ਸੰਨ 1947 ਤੋਂ ਬਾਅਦ ਹੀ ਕਿਵੇਂ ਬ੍ਰਾਹਮਣਵਾਦੀ ਸਰਕਾਰ ਨੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਦੇ ਸਰਕਾਰੀ ਫ਼ੁਰਮਾਨ ਜਾਰੀ ਕੀਤੇ ਅਤੇ ਸਨ 1978 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਆਂ ਪਾਸੋਂ ਭਾਈ ਫੋਜਾ ਸਿੰਘ ਜੀ ਅਤੇ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਸਿੱਖਾਂ ਦੇ ਮਨ ਵਿੱਚ ਕਿਸੇ ਵੀ ਕਿਸਮ ਦੀ ਦੁਬਿਧਾ ਨਹੀਂ ਹੈ। ਪਾਕਿਸਤਾਨੀ ਸਿੱਖ ਸਿੱਖ ਪੰਥ ਦਾ ਅਨਿਖੜਵਾਂ ਅੰਗ ਹਨ।
‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਬਿਸ਼ਨ ਸਿੰਘ ਜੀ 1984 ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ 6 ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਅਸੀਂ ਰਲ-ਮਿਲ ਕੇ ਉਨਾਂ ਸ਼ਹੀਦਾਂ ਦੇ ਪਾਏ ਪੁਰਨਿਆਂ ਤੇ ਚੱਲਦੇ ਹੋਏ ‘ਖਾਲਸਾ ਰਾਜ’ ਦੀ ਪ੍ਰਾਪਤੀ ਵੱਲ ਵਧੀਏ। ਉਨ੍ਹਾਂ ਕਿਹਾ ਮੈਂਨੂੰ ਇਸ ਗੱਲ ਦਾ ਵੀ ਅੱਜ ਅਫ਼ਸੋਸ ਹੈ ਕਿ ਚਾਹੇ ਅੱਜ ਭਾਰੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਪਹੁੰਚੀਆਂ ਹਨ ਪਰ ਫੇਰ ਵੀ ਉਨ੍ਹਾਂ ਇਕੱਠ ਨਹੀਂ ਹੋ ਸਕਿਆ ਜਿਨ੍ਹੀ ਗਿਣਤੀ ’ਚ ਸੰਗਤਾਂ ਪਾਕਿਸਤਾਨ ਵਿੱਚ ਰਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਲੲ ਿਜਲਦ ਹੀ ਲੋਕ ਲਹਿਰ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਸਿੱਖ ਕੌਮ ਦੇ ਅਸਲੀ ਦੁਸ਼ਮਣਾਂ ਦੀ ਪਛਾਣ ਹੋ ਸਕੇ।
ਕਾਕਾ ਭਵਲੀਨ ਸਿੰਘ ਨੇ ਵੀ ਆਪਣੇ ਵੀਚਾਰ ਰੱਖੇ ਅਤੇ ਕਵਿਤਾ ਪੜੀ। ਦਇਆ ਸਿੰਘ ਨੇ ਪੰਥ ਬੜਾ ਕਰਜਾਈ ਹੈ ਸਿਰ ਦੇ ਕੇ ਕਰਜ਼ ਉਤਾਰ ਦੇਓ….ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸ੍ਰ. ਮਸਤਾਨ ਸਿੰਘ ਸਾਬਕਾ ਪ੍ਰਧਾਨ ਪੀ.ਐਸ.ਜੀ.ਪੀ.ਸੀ. ਨੇ ਵੀ 6 ਜੂਨ 1984 ਦੇ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤੀ ਹਕੂਮਤ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਬਾਰੇ ਸੰਗਤਾਂ ਨੂੰ ਚਾਨਣ ਪਾਉਂਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਵਾਂਗ ਦੇ ਲੀਡਰ ਦੀ ਕੌਮ ਨੂੰ ਅੱਜ ਫੇਰ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਸਿੱਖਾਂ ਦੇ ਦਿਲ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਹਮਲੇ ਦੇ ਜ਼ਖ਼ਮ ਪਾਕਿਸਤਾਨੀ ਸਿੱਖਾਂ ਦੇ ਹਿਰਦਿਆਂ ਤੇ ਅੱਜ ਵੀ ਤਾਜੇ ਨੇ, ਜਿਹੜੇ ਕਦੇ ਭੁਲਾਏ ਨਹੀਂ ਜਾ ਸਕਦੇ। ਇਹ ਵਿਰਸੇ ’ਚ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਦੇ ਕੇ ਜਾਵਾਂਗੇ।ਹੋਰ ਬੁਲਾਰਿਆ ਤੋਂ ਬਾਅਦ ਸ੍ਰ. ਸਾਮ ਸਿੰਘ ਜੀ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਵਿਤਾ ਰਾਹੀਂ 6 ਜੂਨ 1984 ਦੇ ਘੱਲੂਘਾਰੇ , ਬ੍ਰਾਹਮਣਵਾਦੀ ਸਿੱਖ ਮਾਰੂ ਨੀਤੀਆਂ ਦੇ ਪੰਜ ਸਦੀਆਂ ਇਤਿਹਾਸ ਨੂੰ ਪੁਰਜੋਸ਼ ਤਰੀਕੇ ਨਾਲ ਸੰਗਤਾਂ ਨੂੰ ਸੁਣਾਦਿਆਂ ਆਖਿਰ ’ਚ ਕਿਹਾ ਕਿ ਸਾਧਸੰਗਤ ਜੀ, 6 ਜੂਨ 1984 ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੇ ਜੋ ਬਚਨ ਕਹੇ ਸਨ। ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਯਾਦ ਰੱਖਣੇ ਚਾਹੀਦੇ ਨੇ ਕਿ ‘ਜਿਸ ਦਿਨ ਭਾਰਤੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।
ਅੱਜ 27 ਸਾਲ ਹੋ ਗਏ ਨੇ। ਸਾਰੀ ਸਿੱਖ ਕੌੰਮ ਨੂੰ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ ਕਿ 27 ਸਾਲ ਪਹਿਲਾਂ ਰੱਖੀ ਗਈ ਖ਼ਾਲਿਸਤਾਨ ਦੀ ਨੀਂਹ ਉੱਤੇ ਅਸੀਂ ਖ਼ਾਲਿਸਤਾਨ ਰੂਪੀ ਘਰ ਦੀ ਉਸਾਰੀ ਕਿੰਨੀ ਕੁ ਕੀਤੀ ਹੈ ਤੇ ਹਰ ਸਿੱਖ ਇਸ ਲਈ ਆਪਣਾ ਕੀ ਯੋਗਦਾਨ ਪਾ ਰਿਹਾ ਹੈ।ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਰਦਾਸ ਤੋਂ ਉਪਰੰਤ ਗੁਰੂੁ ਕਾ ਲੰਗਰ ਅਤੁੱਟ ਵਰਤਿਆ। ਲੰਗਰ ਛੱਕਣ ਤੋਂ ਬਾਅਦ ਲਾਹੌਰ ਪ੍ਰੈਸ ਕਲੱਬ ਦੇ ਬਾਹਰ ਇਕ ਪੁਰਜ਼ੋਰ ਮੁਜਾਹਰਾਂ ਵੀ ਕੀਤਾ ਗਿਆ। ਇਸ ਵਿਚ ਸ੍ਰੀ ਨਨਕਾਣਾ ਸਾਹਿਬ, ਲਾਹੌਰ, ਪਿਸ਼ਾਵਰ, ਸਿੰਧ ਤੋਂ ਵੀ ਸਿੱਖ ਸੰਗਤਾਂ ਨੇ ਹਿੱਸਾ ਲਿਆ। ਪ੍ਰੈਸ ਕਲੱਬ ਦੇ ਬਾਹਰ Inter religious peace council ਵੱਲੋਂ 6 ਜੂਨ 1984 ਨੂੰ ਸ਼ਹੀਦ ਹੋਏ ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਨੇ ਆਪਣੀ ਹਾਜ਼ਰੀ ਲਗਾਈ ਤੇ ਭਾਰਤੀ ਸਰਕਾਰ ਦੇ ਇਸ ਕਾਰੇ ਕਰਕੇ ਹਰ ਇੱਕ ਦੇ ਮੂੰਹ ਵਿੱਚ ਹਿੰਦੁਵਾਦੀ ਸਰਕਾਰ ਲਈ Shame Shameਸ਼ਬਦ ਹੀ ਸੀ।
ਡਾ. ਅਮਜਦ ਚਿਸਤੀ ਜਰਨਲ ਸਕੱਤਰ IRPC ਹੋਣਾ ਦੇ ਭਾਰਤੀ ਹਕੂਮਤ ਵੱਲੋਂ ਹਜ਼ਰਤ ਸਾਈ ਮੀਆਂ ਮੀਰ ਜੀ ਵੱਲੋਂ ਰੱਖੀ ਨੀਂਹ ਵਾਲੇ ਸ੍ਰੀ ਹਰਿਮੰਦਰ ਸਾਹਿਬ ਤੇ ਹੱਮਲੇ ਨੂੰ ਮੁਸਲਮਾਨਾਂ ਤੇ ਸਿੱਖਾਂ ਦੇ ਪਿਆਰ ਦੇ ਹਮਲਾ ਦੱਸ ਦਿਆਂ ਕਿਹਾ ਕਿ ਹਰ ਇੱਕ ਕੌਮ ਧਰਮ ਨੂੰ ਆਪਣਾ ਕੌਮੀ ਘਰ ਮੁਲਕ ਬਨਾਉਣ ਦਾ ਹੱਕ ਹੈ। ਇਸ ਨੂੰ ਬਨਾਉਣ ਤੋਂ ਕੋਈ ਵੀ ਕਿਸੇ ਨੂੰ ਸ੍ਰੀ ਹਰਿਮੰਦਰ ਸਾਹਿਬ ਵਰਗੀ ਕਾਰਵਾਈ ਕਰ ਕੇ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਦੀ ਬਾਬਰੀ ਮਸਜਿਦ ਕਦੀ ਗੁਜਰਾਤ ਦੰਗੇ ਅਤੇ ਕਦੇ 1984 ਵਿੱਚ ਸਿੱਖਾਂ ਦਾ ਕਤਲੇਆਮ ਭਾਰਤੀ ਸਰਕਾਰ ਦੇ ਫਿਰਕੂ ਤੇ ਦਹਿਸ਼ਤਗਰਦ ਮੁਲਕ ਹੋਣ ਦੇ ਪੱਕੇ ਸਬੂਤ ਨੇ।
ਸ੍ਰ. ਜਨਮ ਸਿੰਘ ਸੀਨੀਅਰ ਵਾਈਸ ਚੇਅਰਮੈਂਨ IRPC ਨੇ ਸਾਕਾ ਨੀਲਾ ਤਾਰਾ ਦੌਰਾਨ ਹੋਏ ਸਿੱਖ ਕੌਮ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਤੇ ਪ੍ਰੈਸ ਕਲੱਬ ਪਹੁੰਚੇ ਸਾਰੇ ਸਿੱਖ, ਮੁਸਲਮਾਨ, ਮਸੀਹ ਅਤੇ ਹੋਰ ਧਰਮਾਂ ਦੇ ਲੋਕਾਂ ਦਾ ਅਤੇ ਮੀਡੀਏ ਦਾ ਧੰਨਵਾਦ ਕੀਤਾ।
ਸੰਤ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਇੱਕ ਵਾਰ ਫੇਰ ਲਾਹੌਰ ਸ਼ਹਿਰ ਗੂੰਜ ਉੱਠਿਆ।