ਲੁਧਿਆਣਾ:- ਐਗਰੀ ਪਾਸ ਗਰੁੱਪ ਦੀ ਅਗਵਾਈ ਹੇਠ ਫਰਾਂਸ ਤੋਂ ਆਏ 21 ਮੈਂਬਰੀ ਵਫਦ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਵਿੱਚ ਵਿਗਿਆਨੀ, ਕਿਸਾਨ ਅਤੇ ਤਕਨੀਕੀ ਮਾਹਿਰ ਸ਼ਾਮਿਲ ਸਨ। ਇਨ੍ਹਾਂ ਮੈਂਬਰਾਂ ਨੇ ਪਲਾਂਟ ਬ੍ਰੀਡਿੰਗ ਅਜਾਇਬ ਘਰ ਅਤੇ ਖੇਤੀ ਮਸ਼ੀਨਰੀ ਵਿਭਾਗ ਦਾ ਦੌਰਾ ਕਰਦਿਆਂ ਇਥੇ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਪਲਾਂਟ ਬ੍ਰੀਡਿੰਗ ਵਿਭਾਗ ਵਿੱਚ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਨੇ ਯੂਨੀਵਰਸਿਟੀ ਵੱਲੋਂ ਵਿਕਸਤ 700 ਕਿਸਮਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵਾਇਰਸ ਰੋਗ ਦਾ ਟਾਕਰਾ ਕਰਨ ਵਾਲੀ ਨਰਮੇ ਦੀ ਕਿਸਮ ਐਲ ਐਚ ਐਚ 144 ਵਿਕਸਤ ਕੀਤੀ ਹੋਈ ਹੈ। ਮੱਕੀ ਦਾ ਸਿੰਗਲ ਕਰਾਸ ਹਾਈਬਰਿਡ ਬੀਜ ‘ਪਾਰਸ’, ਗੋਭੀ ਸਰ੍ਹੋਂ ਦਾ ਹਾਈਬਰਿਡ ਪੀ ਜੀ ਐਸ ਐਚ-51 ਅਤੇ ਬਾਜਰੇ ਦਾ ਐਚ ਬੀ-1 ਬੀਜ ਤਿਆਰ ਕੀਤਾ ਹੋਇਆ ਹੈ। ਖੇਤੀ ਮਸ਼ੀਨਰੀ ਬਾਰੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਖੋਜ ਕੋਆਰਡੀਨੇਟਰ ਡਾ: ਚਰਨਜੀਤ ਸਿੰਘ ਪਨੂੰ ਨੇ ਜਾਣਕਾਰੀ ਦਿੱਤੀ। ਉਨ੍ਹਾਂ ਚਾਰਾ ਕੱਟਣ ਵਾਲੀ ਮਸ਼ੀਨ, ਵੱਡੀ ਸਮਰੱਥਾ ਵਾਲਾ ਥੀਰੈਸ਼ਰ ਅਤੇ ਕਣਕ ਦਾ ਨਾੜ ਕੱਟਣ ਵਾਲੀ ਮਸ਼ੀਨ ਤੋਂ ਇਲਾਵਾ ਸਪਰੇਅਰ ਬਾਰੇ ਵੀ ਦੱਸਿਆ।
ਫਰਾਂਸ ਤੋਂ ਡੈਲੀਗੇਸ਼ਨ ਦੇ ਮੁਖੀ ਸ਼੍ਰੀ ਕਾਅਡਰਾਨ ਸਟੀਫੇਨ ਨੇ ਦੱਸਿਆ ਕਿ ਖੇਤੀਬਾੜੀ ਫਰਾਂਸ ਦੇ ਅਰਥਚਾਰੇ ਵਿੱਚ ਵੱਡਾ ਥਾਂ ਰੱਖਦੀ ਹੈ। ਰੁਜ਼ਗਾਰ ਦੇ ਮੌਕੇ ਦੇਣ ਤੋਂ ਇਲਾਵਾ ਭੋਜਨ ਸੁਰੱਖਿਆ ਵੀ ਯਕੀਨੀ ਬਣਾਉਂਦੀ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਵੱਖ ਵੱਖ ਫ਼ਸਲਾਂ ਦੇ ਝਾੜ ਵਿੱਚ ਸਿਖ਼ਰਾਂ ਛੋਹੀਆਂ ਹਨ ਅਤੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਹੈ। ਇਸ ਵਫਦ ਨੇ ਸੂਬੇ ਦੇ ਗੰਨਾ ਉਦਯੋਗ ਵਿੱਚ ਵੀ ਵਿਸੇਸ਼ ਦਿਲਚਸਪੀ ਲਈ। ਉਨ੍ਹਾਂ ਦੱਸਿਆ ਕਿ ਫਰਾਂਸ ਵਿੱਚ 30 ਮਿਲੀਅਨ ਹੈਕਟੇਅਰ ਰਕਬਾ ਕਾਸ਼ਤਯੋਗ ਹੈ ਅਤੇ ਖੇਤੀਬਾੜੀ ਸ਼ਿਕਾਰਗਾਹਾਂ ਤੋਂ ਇਲਾਵਾ ਜੰਗਲ 3.1 ਫੀ ਸਦੀ ਰਕਬੇ ਤੇ ਹਨ। ਉਨ੍ਹਾਂ ਆਖਿਆ ਸਾਲ 2007 ਵਿੱਚ ਫਰਾਂਸ ਅੰਦਰ 805,000 ਵਿਅਕਤੀਆਂ ਨੂੰ ਖੇਤੀਬਾੜੀ ਤੋਂ ਪੂਰੇ ਸਮੇਂ ਦਾ ਰੁਜ਼ਗਾਰ ਮਿਲਿਆ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਦੇ ਫੇਰੀ ਨਾਲ ਸਾਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਆਖਿਆ ਕਿ ਯੂਰਪੀਨ ਦੇਸ਼ਾਂ ਵਿੱਚ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਖੇਤੀਬਾੜੀ ਅਤੇ ਪੇਂਡੂ ਖੇਤਰ ਯੂਰਪ ਦੇ ਭਵਿੱਖ ਨੂੰ ਸੰਭਾਲਣਗੇ। ਉਨ੍ਹਾਂ ਆਖਿਆ ਕਿ 89 ਫੀ ਸਦੀ ਯੂਰਪੀਨ ਖੇਤੀਬਾੜੀ ਨੂੰ ਵਧੀਆ ਕਿੱਤਾ ਮੰਨਦੇ ਹਨ।
ਫਰਾਂਸ ਤੋਂ ਆਏ 23 ਮੈਂਬਰੀ ਡੈਲੀਗੇਸ਼ਨ ਵੱਲੋਂ ਖੇਤੀ ਵਰਸਿਟੀ ਦਾ ਦੌਰਾ
This entry was posted in ਖੇਤੀਬਾੜੀ.