ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਵਿਖੇ ਕੰਮ ਕਰਦੇ ਅੰਮ੍ਰਿਤਧਾਰੀ ਸਿੰਘਾਂ ਨੂੰ ਐਪਰਨ ਖ਼ੇਤਰ ‘ਚ ਡਿਊਟੀ ਦੌਰਾਨ ਕਿਰਪਾਨ ਉਤਾਰਨ ਲਈ ਕੀਤੇ ਹੁਕਮ ਕੇਂਦਰ ਸਰਕਾਰ ਵੱਲੋਂ ਵਾਪਸ ਲਏ ਜਾਣ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ‘ਦੇਰ ਆਏ ਦਰੁਸਤ ਆਏ’ ਅਨੁਸਾਰ ਇਸ ਫ਼ੈਸਲੇ ਨੂੰ ਪੰਥ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਹੈ ਕਿ ਹੁਣ ਰੋਸ ਧਰਨਾ ਨਹੀਂ ਦਿੱਤਾ ਜਾਵੇਗਾ।
ਇੱਥੋਂ ਜਾਰੀ ਇੱਕ ਪ੍ਰੈਸ-ਰਲੀਜ਼ ‘ਚ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਮੁੱਚੇ ਭਾਰਤ ਦੇ ਏਅਰਪੋਰਟਾਂ ‘ਤੇ ਲਾਗੂ ਕੀਤਾ ਜਾਵੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਦੇਸ਼ ‘ਚ ਕਿਸੇ ਹਵਾਈ ਅੱਡੇ ‘ਤੇ ਕੰਮ ਕਰਦੇ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਅਜਿਹੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ‘ਕਿਰਪਾਨ’ ਅੰਮ੍ਰਿਤਧਾਰੀ ਸਿੰਘ ਦੀ ਸ਼ਖਸੀਅਤ ਦਾ (ਡਰੈਸ-ਕੋਡ) ਅਨਿੱਖੜਵਾਂ ਅੰਗ ਹੈ, ਜਿਸ ਨੂੰ ਕਦਾਚਿਤ ਵੀ ਸਰੀਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੀ.ਆਈ.ਐਸ.ਐਫ਼. ਵੱਲੋਂ ਕਿਰਪਾਨ ਉਤਾਰਨ ਲਈ ਕੀਤੇ ਹੁਕਮਾਂ ‘ਤੇ ਤੁਰੰਤ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ.ਚਿੰਦਾਬਰਮ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੁੱਖ ਰੱਖਦਿਆਂ ਅਜਿਹੇ ਤਾਨਾਸ਼ਾਹੀ ਹੁਕਮ ਤੁਰੰਤ ਵਾਪਸ ਲਏ ਜਾਣ। ਸੀ.ਆਈ.ਐਸ.ਐਫ਼ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਇਹ ਮਸਲਾ ਜਲਦੀ ਨਿਪਟਾ ਲੈਣ ਦਾ ਭਰੋਸਾ ਵੀ ਦਿੱਤਾ ਸੀ, ਪਰ ਨੀਯਤ ਸਮਾਂ ਬੀਤ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਲੀ ਰਣਨੀਤੀ ਅਪਨਾਉਂਦਿਆਂ 8 ਜੂਨ ਨੂੰ ਏਅਰਪੋਰਟ ‘ਤੇ ਰੋਸ ਧਰਨਾ ਦਿੱਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਸਿੱਖ ਜਗਤ ਦੇ ਰੋਹ ਨੂੰ ਭਾਂਪਦਿਆਂ ਧਰਨੇ ਤੋਂ ਇੱਕ ਦਿਨ ਪਹਿਲਾਂ ਇਹ ਹੁਕਮ ਵਾਪਸ ਲੈਣ ਕਾਰਨ ਹੁਣ 8 ਜੂਨ ਨੂੰ ਧਰਨਾ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਬਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਦਾ ਕਿਸੇ ਨਾਲ ਨਿੱਜੀ ਵੈਰ-ਵਿਰੋਧ ਨਹੀਂ। ਸਿੱਖ ਕਿਸੇ ‘ਤੇ ਜ਼ੁਲਮ ਨਹੀਂ ਕਰਦਾ ਅਤੇ ਨਾ ਹੀ ਕਿਸੇ ‘ਤੇ ਹੁੰਦਾ ਜ਼ੁਲਮ ਸਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਮਤ ਖ਼ਾਤਰ ਸੀਸ ਤਲੀ ‘ਤੇ ਧਰ, ਮੁਗ਼ਲ ਧਾੜਵੀਆਂ ਨਾਲ ਲੋਹਾ ਲਿਆ। ਇੱਥੇ ਹੀ ਬੱਸ ਨਹੀਂ, ਦੇਸ਼ ਅਜ਼ਾਦ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਦੇਣ ਅਤੇ ਖ਼ੂਨ-ਪਸੀਨੇ ਦੀ ਕਮਾਈ ਨਾਲ ਦੇਸ਼ ਦੇ ਅੰਨ-ਭੰਡਾਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨਾਲ ਅਜਿਹਾ ਵਿਹਾਰ ਕਰਨਾ, ਜਿੱਥੇ ਧਾਰਮਿਕ ਅਧਿਕਾਰਾਂ ‘ਤੇ ਛਾਪਾ ਹੈ, ਉੱਥੇ ਉਨ੍ਹਾਂ ਨੂੰ ਜ਼ਲੀਲ ਕਰਨ ਦੇ ਤੁੱਲ ਹੈ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਰਕਾਰ ਤੁਰੰਤ ਅਜਿਹੇ ਹੁਕਮ ਵਾਪਸ ਲੈਂਦੀ, ਪਰ ਬਿਨਾਂ ਕਿਸੇ ਕਾਰਨ ਇਸ ਨੂੰ ਲਮਕਾਉਣ ‘ਤੇ ਸਿੱਖਾਂ ‘ਚ ਬੇਗ਼ਾਨਗੀ ਦਾ ਆਲਮ ਸੀ। ਜਦਕਿ ਇਟਲੀ ਦੇ ਏਅਰਪੋਰਟ ‘ਤੇ ਸਿੱਖਾਂ ਦੀ ਦਸਤਾਰ ਦੀ ਇਤਰਾਜ਼ਯੋਗ ਤਰੀਕੇ ਨਾਲ ਤਲਾਸ਼ੀ ਲਏ ਜਾਣ ਦਾ ਨੋਟਿਸ ਲੈਂਦਿਆਂ ਅਜਿਹਾ ਵਿਹਾਰ ਬੰਦ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਨੂੰ ਲਿਖੇ ਰੋਸ-ਪੱਤਰ ਦੇ ਆਧਾਰ ‘ਤੇ ਇਟਲੀ ਦੇ ਵਿਦੇਸ਼ ਮੰਤਰੀ ਨੇ ਇਸ ਨੂੰ ਤੁਰੰਤ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ, ਜਿਸ ਤੋਂ ਭਾਰਤ ਸਰਕਾਰ ਨੂੰ ਸਬਕ ਲੈਂਦਿਆਂ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ਾਂ ‘ਚ ਸਿੱਖਾਂ ਨੂੰ ਦਰਪੇਸ਼ ਕਿਸੇ ਮਸਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਸੰਜੀਦਗੀ ਨਾਲ ਪੈਰਵੀ ਕੀਤੀ ਹੈ। ਇਹ ਹੀ ਕਾਰਨ ਹੈ ਕਿ ਅੱਜ ਭਾਰਤ ਸਰਕਾਰ ਨੂੰ ਏਅਰਪੋਰਟ ‘ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੰਘਾਂ ਨੂੰ ਐਪਰਨ ਖ਼ੇਤਰ ‘ਚ ਡਿਊਟੀ ਦੌਰਾਨ ਕਿਰਪਾਨ ਉਤਾਰਨ ਦੇ ਕੀਤੇ ਆਦੇਸ਼ ਨੂੰ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਇਸ ਫ਼ੈਸਲੇ ਨੂੰ ਪੰਥ ਦੀ ਜਿੱਤ ਕਰਾਰ ਦਿੰਦਿਆਂ ਸਮੂੰਹ ਧਾਰਮਿਕ ਸਭਾ-ਸੁਸਾਇਟੀਆਂ, ਟਕਸਾਲਾਂ, ਸੰਤ ਸਮਾਜ, ਸਿੰਘ ਸਭਾਵਾਂ, ਮੈਂਬਰਾਨ ਸ਼੍ਰੋਮਣੀ ਕਮੇਟੀ, ਫ਼ੈਡਰੇਸ਼ਨਾਂ, ਨਿਹੰਗ ਸਿੰਘ ਜਥੇਬੰਦੀਆਂ, ਸਮਾਜ-ਸੇਵੀ, ਮਿਸ਼ਨਰੀ ਅਤੇ ਪੰਥਕ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦਿਆਂ ਧਰਨੇ ਲਈ ਦਿੱਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ।