ਅੰਮ੍ਰਿਤਸਰ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ (ਬਾਹੀ ਆਟਾ ਮੰਡੀ) ਛਬੀਲ ਉੱਪਰ ਗੁਰੂ ਸੇਵਾ ਚੈਰਟੀ ਟੋਰਾਂਟੋ ਵੱਲੋਂ ਸਮੁੱਚੇ ਕਨੇਡਾ ਨਿਵਾਸੀਆਂ ਦੇ ਸਹਿਯੋਗ ਨਾਲ ਆਧੁਨਿਕ ਕਿਸਮ ਦੀ ਆਊਟ-ਡੋਰ ਸਕਰੀਨ ਦੀ ਸੇਵਾ ਕੀਤੀ ਗਈ, ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਟਨ ਦਬਾ ਕੇ ਕੀਤਾ। ਤਕਰੀਬਨ 50 ਲੱਖ ਰੁਪਏ ਦੇ ਮੁੱਲ ਦੀ ਇਸ ਸਕਰੀਨ ਉੱਪਰ ਸੱਚਖੰਡ ਅੰਦਰ ਚਲਦੇ ਗੁਰਬਾਣੀ ਕੀਰਤਨ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅਰਥਾਂ ਸਮੇਤ ਲਿਖਿਆ ਆਵੇਗਾ। ਗੁਰੂ ਸੇਵਾ ਚੈਰਟੀ ਕਨੇਡਾ ਦੇ ਪ੍ਰਧਾਨ ਸ੍ਰ: ਪਰਮਿੰਦਰ ਸਿੰਘ ਵੱਲੋਂ ਦੱਸਿਆ ਹੈ ਕਿ ਇਸ ਸਕਰੀਨ ਉੱਪਰ ਧੁੱਪ ਅਤੇ ਮੀਂਹ ਦਾ ਕੋਈ ਅਸਰ ਨਹੀਂ ਹੋਵੇਗਾ। ਇਹ ਖ਼ਰਾਬ ਮੌਸਮ ਦੌਰਾਨ ਵੀ ਆਮ ਵਾਂਗ ਚਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸਕਰੀਨ ਦਾ ਆਕਾਰ 10×17 ਫੁੱਟ ਹੈ। ਉਨ੍ਹਾਂ ਕਿਹਾ ਕਿ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਅਰਥਾਂ ਦੀ ਸਮਝ ਆਉਣ ਬਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਸਕਰੀਨ ਲਗਾ ਕੇ ਕਨੇਡਾ ਨਿਵਾਸੀ ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰਦੇ ਹਨ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਨੇਡਾ ਨਿਵਾਸੀ ਸੰਗਤਾਂ ਅਜਿਹੇ ਹੋਰ ਵੀ ਉਪਰਾਲੇ ਕਰਦੀਆਂ ਰਹਿਣਗੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਨੇਡਾ ਦੀਆਂ ਸੰਗਤਾਂ ਵੱਲੋਂ ਲਗਾਈ ਸਕਰੀਨ ਦਾ ਉਦਘਾਟਨ ਕੀਤਾ
This entry was posted in ਪੰਜਾਬ.