ਫਤਿਹਗੜ੍ਹ ਸਾਹਿਬ :- ਬਾਬਾ ਰਾਮਦੇਵ ਵੱਲੋ ਕੱਟੜ ਹਿੰਦੂਤਵ ਸੋਚ ਵਾਲੇ 11,000 ਲੋਕਾਂ ਨੂੰ ਲੈ ਕੇ ਹਥਿਆਰਬੰਦ ਫੋਰਸ ਬਣਾਉਣ ਦੇ ਕੀਤੇ ਗਏ ਗੈਰ ਜਮਹੂਰੀ ਐਲਾਨ ਉੱਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਕੱਟੜ ਹਿੰਦੂਤਵ ਸੋਚ ਦੀਆਂ ਮਾਲਿਕ ਜਮਾਤਾਂ ਬੀਜੇਪੀ, ਆਰ ਐਸ ਐਸ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਦੇਸ਼ਾਂ ਉੱਤੇ ਅਮਲ ਕਰਨ ਵਾਲੇ ਉਪਰੋਕਤ ਬਾਬੇ ਦੇ ਰਿਸ਼ਵਤਖੋਰੀ ਦੇ ਸਮਾਜਿਕ ਮਿਸ਼ਨ ਰੂਪੀ “ਮਿੱਠੇ” ਵਿੱਚ ਹਿੰਦੂਤਵ ਸੋਚ ਵਾਲੀ “ਜ਼ਹਿਰ” ਨੂੰ ਛੁਪਾ ਕੇ ਘੱਟ ਗਿਣਤੀ ਕੌਮਾਂ ਦੇ ਸੰਘ ਵਿੱਚ ਜ਼ਬਰੀ ਉਤਾਰਨਾ ਲੋੜਦੇ ਹਨ, ਜੋ ਕਿ ਨਾਮੁਮਕਿਨ ਹੈ। ਇਸ ਲਈ ਬਾਬਾ ਰਾਮਦੇਵ ਦੇ ਸਵਾਰਥਾਂ ਭਰੇ ਅੰਦੋਲਨ ਨਾਲ ਸਿੱਖ ਕੌਮ ਦਾ ਕਿਸੇ ਤਰ੍ਹਾ ਦਾ ਸਬੰਧ ਨਹੀਂ।
ਸ: ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਬਾਬਾ ਰਾਮਦੇਵ ਦੀ ਕਿਸੇ ਵੀ ਕਾਰਵਾਈ ਨੂੰ ਸਿੱਖ ਵੱਸੋ ਵਾਲੇ ਇਲਾਕਿਆ ਪੰਜਾਬ, ਚੰਡੀਗੜ੍ਹ ਯੂ ਟੀ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਲੇਹ ਅਤੇ ਲੱਦਾਖ ਆਦਿ ਵਿੱਚ ਅਮਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਇਨ੍ਹਾ ਇਲਾਕਿਆਂ ਵਿੱਚ ਫਿਰਕੂ ਨਫ਼ਰਤ ਭਰੀ ਸੋਚ ਨੂੰ ਪਨਪਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਬੀਜੇਪੀ ਅਤੇ ਫਿਰਕੂ ਜਮਾਤਾਂ ਦੇ ਆਗੂ ਸ਼੍ਰੀ ਅਡਵਾਨੀ, ਬੀਬੀ ਸੁਸਮਾ ਸਵਰਾਜ, ਸ਼੍ਰੀ ਜੇਟਲੀ ਅਤੇ ਸ਼੍ਰੀ ਅਸੌਕ ਸਿੰਘਲ ਵਰਗੇ ਬਹੁਗਿਣਤੀ ਦੇ ਆਗੂਆਂ ਵੱਲੋ ਬਾਬਾ ਰਾਮਦੇਵ ਨੂੰ ਹਰ ਤਰ੍ਹਾ ਸਮਰਥਨ ਕਰਨ ਦੀ ਕਾਰਵਾਈ ਤੋ ਸਪੱਸ਼ਟ ਹੋ ਗਿਆ ਹੈ ਕਿ ਇਹ ਲੋਕ ਇਸ ਮੁਲਕ ਵਿੱਚ ਬਹੁਗਿਣਤੀ ਹਿੰਦੂ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਵਿੱਚਕਾਰ ਇੱਕ ਨਫਰਤ ਭਰੀ ਦੀਵਾਰ ਖੜੀ ਕਰਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨਾ ਲੋੜਦੇ ਹਨ। ਜਿਸਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਹਿੰਦੂਤਵ ਧੋਂਸ ਨੂੰ ਅਸੀਂ ਬਰਦਾਸਿਤ ਕਰਾਂਗੇ। ਉਨ੍ਹਾ ਬਾਦਲ ਦਲੀਆਂ ਵੱਲੋ ਬਾਬਾ ਰਾਮਦੇਵ ਅਤੇ ਫਿਰਕੂ ਜਮਾਤਾਂ ਦੀ ਪਿੱਠ ਥਾਪੜਣ ਅਤੇ ਸਿੱਖੀ ਸਿਧਾਤਾਂ ਦੇ ਵਿਰੁੱਧ ਜਾ ਕੇ ਬਿਨਾ ਸੋਚੇ-ਸਮਝੇ, ਉਨ੍ਹਾ ਦੀ ਹਮਾਇਤ ਕਰਨ ਦੀ ਕਾਰਵਾਈ ਦੀ ਵੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ।