ਨਵੀਂ ਦਿੱਲੀ – ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਰੋਧੀਆਂ ਵਲੋਂ ਕਦਮ-ਕਦਮ ਤੇ ਪਾਈਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਿਸ ਤਰ੍ਹਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸੁੰਦਰੀਕਰਣ ਨਾਲ ਸਬੰਧਤ ਬਹੁ-ਮੰਤਵੀ ਵਿਕਾਸ ਪ੍ਰਾਜੈਕਟ ਦੇ ਕੰਮ ਦੀ ਅਰੰਭਤਾ ਪ੍ਰਤੀ ਦ੍ਰਿੜ ਇਰਾਦੇ ਦਾ ਅਹਿਸਾਸ ਕਰਵਾਇਆ ਹੈ, ਉਸ ਨਾਲ ਵਿਰੋਧੀਆਂ, ਵਿਸ਼ੇਸ਼ ਕਰਕੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਬੌਖਲਾਹਟ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ. ਮਨਜੀਤ ਸਿੰਘ ਜੀ. ਕੇ. ਆਪਣੀ ਸੋਚ ਦੇ ਆਧਾਰ ’ਤੇ ਗੁਰਦੁਆਰਾ ਐਕਟ ਦੀ ਵਿਆਖਿਆ ਕਰ ਰਹੇ ਹਨ, ਜਦਕਿ ਬੀਤੇ ਸਮੇਂ ਦਾ ਇਤਿਹਾਸ ਗਵਾਹ ਹੈ ਕਿ ਗੁਰਦੁਆਰਾ ਐਕਟ (1971) ਦੇ ਅਮਲ ਵਿਚ ਆਉਣ ਤੋਂ ਬਾਅਦ ਭਾਵੇਂ ਕਿਸੇ ਵੀ ਧੜੇ ਦੀ ਸੱਤਾ ਰਹੀ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਨਾਲ ਸਬੰਧਤ, ਜਿਤਨੇ ਵੀ ਪ੍ਰਾਜੈਕਟ ਹੋਂਦ ਵਿਚ ਆਏ ਹਨ, ਉਨ੍ਹਾਂ ਸਾਰਿਆਂ ਦੀ ਪ੍ਰਵਾਨਗੀ ਅੰਤ੍ਰਿੰਗ ਬੋਰਡ ਪਾਸੋਂ ਹੀ ਲਈ ਜਾਂਦੀ ਚਲੀ ਆ ਰਹੀ ਹੈ। ਗੁਰਦੁਆਰਾ ਐਕਟ ਅਨੁਸਾਰ ਗੁਰਦੁਆਰਾ ਕਮੇਟੀ ਦਾ ਜਨਰਲ ਹਾਊਸ ਅੰਤ੍ਰਿੰਗ ਬੋਰਡ ਦਾ ਗਠਨ ਕਰ ਆਪਣੀ ਸਾਰੀ ਪ੍ਰਬੰਧਕੀ ਸ਼ਕਤੀ ਉਸ ਨੂੰ ਸੌਂਪ ਦਿੰਦਾ ਚਲਿਆ ਆ ਰਿਹਾ ਹੈ, ਅਤੇ ਅੰਤ੍ਰਿੰਗ ਬੋਰਡ ਹੀ ਉਸ ਸ਼ਕਤੀ ਦੀ ਵਰਤੋਂ ਕਰ ਹਰ ਪ੍ਰਾਜੈਕਟ ਦੀ ਪ੍ਰਵਾਨਗੀ ਦਿੰਦਾ ਆਇਆ ਹੈ।
ਹੁਣ ਵੀ ਅੰਤ੍ਰਿੰਗ ਬੋਰਡ ਦੀ ਬੈਠਕ, ਜਿਸ ਵਿਚ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੇ ਤਿੰਨ-ਚੌਥਾਈ ਮੈਂਬਰ ਵਿਸ਼ੇਸ਼ ਸੱਦੇ ਤੇ ਸ਼ਾਮਲ ਹੋਏ ਸਨ, ਵਿਚ ਗੁਰਦੁਆਰਾ ਰਕਾਬ ਗੰਜ ਵਿਕਾਸ-ਪ੍ਰਾਜੈਕਟ ਅਤੇ ਉਸ ਲਈ ਗੁਰਦੁਆਰਾ ਰਕਾਬ ਗੰਜ ਵਿਕਾਸ ਕਮੇਟੀ ਬਣਾਏ ਜਾਣ ਦੀ ਸਰਬ-ਸੰਮਤੀ ਨਾਲ ਪ੍ਰਵਾਨਗੀ ਲਈ ਗਈ ਹੈ। ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਸ਼ਪਸ਼ਟ ਕੀਤਾ ਕਿ ਇਸ ਵਿਕਾਸ ਪ੍ਰਾਜੈਕਟ ਪੁਰ ਅਮਲ ਕਰਨ ਲਈ ਕਮੇਟੀ ਬਣਾਈ ਗਈ ਹੈ, ਜਿਸਨੂੰ ਟ੍ਰਸਟ ਪ੍ਰਚਾਰ ਕੇ ਵਿਰੋਧੀ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ।
ਸ. ਜਸਬੀਰ ਸਿੰਘ ਕਾਕਾ ਨੇ ਆਪਣੇ ਬਿਆਨ ਵਿਚ ਹੋਰ ਦੱਸਿਆ ਕਿ ਵਿਰੋਧੀਆਂ ਵਲੋਂ ਕੂੜ-ਪ੍ਰਚਾਰ ਕਰਕੇ ਇਸ ਪ੍ਰਾਜੈਕਟ ਦੇ ਰਸਤੇ ਵਿਚ ਵੀ ਉਸੇ ਤਰ੍ਹਾਂ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਉਨ੍ਹਾਂ ਨੇ ਅੰਤਰਰਾਸ਼ਟਰੀ ਨਗਰ-ਕੀਰਤਨ, ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੇ ਸੁੰਦਰੀਕਰਣ ਆਦਿ ਦੇ ਕੰਮਾਂ ਤੇ ਪ੍ਰਾਜੈਕਟਾਂ ਵਿਚ ਰੁਕਾਵਟਾਂ ਪਾਈਆਂ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀਆਂ ਵਲੋਂ ਕਦਮ-ਕਦਮ ਤੇ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਦੇ ਬਾਵਜੂਦ ਸਤਿਗੁਰਾਂ ਦੀ ਮਿਹਰ ਸਦਕਾ ਜਿਵੇਂ ਪਹਿਲੇ ਕਾਰਜ ਸੰਪੂਰਣ ਹੁੰਦੇ ਆਏ ਹਨ, ਹੁਣ ਵੀ ਉਸੇ ਤਰ੍ਹਾਂ, ਸਤਿਗੁਰਾਂ ਦੀ ਮਿਹਰ ਸਦਕਾ ਇਹ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਵਿਕਾਸ-ਕਾਰਜ ਦਾ ਪ੍ਰਾਜੈਕਟ ਵੀ ਸੰਪੂਰਨ ਹੋ ਕੇ ਰਹੇਗਾ। ਜਿਸਨੂੰ ਸੰਸਾਰ ਦੇਖੇਗਾ ਤੇ ਸਲਾਹੇਗਾ।