ਮੁਹਾਲੀ – ਕਲਗੀਧਰ ਸੇਵਕ ਜਥਾ ਪੰਜਾਬ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਜੋ ਕਿ ਗਮਾਡਾ ਦੇ ਚੇਅਰਮੈਨ ਵੀ ਹਨ, ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੁਹਾਲੀ ਵਿੱਚ ਅਕਾਲੀ-ਭਾਜਪਾ ਸਰਕਾਰ ਤੋਂ ਭਾਰੀ ਰਿਆਇਤਾਂ ਲੈ ਕੇ ਕੌਡੀਆਂ ਦੇ ਭਾਅ ਜਮੀਨ ਹਾਸਿਲ ਕਰਨ ਵਾਲੇ ਫੋਰਟਿਸ ਹਸਪਤਾਲ ਦੇ ਪ੍ਰਬੰਧਕ ਪੰਜਾਬ ਦੇ ਮਰੀਜਾਂ ਨਾਲ ਭਾਰੀ ਵਿਤਕਰਾ ਕਰ ਰਹੇ ਹਨ ਜਦੋਂ ਕਿ ਹਰਿਆਣਾ ਅਤੇ ਹਿਮਾਚਲ ਦੇ ਮਰੀਜਾਂ ਨੂੰ ਇਥੇ ਭਾਰੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਹੈ ਕਿ ਇਸ ਪ੍ਰਾਈਵੇਟ ਹਸਪਤਾਲ ਵਲੋਂ ਲੁਕਵੇਂ ਢੰਗ ਨਾਲ ਪੰਜਾਬ ਦੇ ਵਸਨੀਕਾਂ ਨਾਲ ਜਬਰਦਸਤ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜਾਂ ਨੂੰ ਭਾਰੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਇਸ ਹਸਪਤਾਲ ਨੂੰ ਕੌਡੀਆਂ ਦੇ ਭਾਅ ਜਮੀਨ ਇਸ ਕਰਕੇ ਅਲਾਟ ਕੀਤੀ ਗਈ ਸੀ ਤਾਂ ਜੋ ਪੰਜਾਬ ਦੇ ਵਸਨੀਕਾਂ ਨੂੰ ਇਸ ਹਸਪਤਾਲ ਦਾ ਫਾਇਦਾ ਮਿਲੇਗਾ ਪਰ ਇਥੇ ਆਉਣ ਵਾਲੇ ਹਰਿਆਣਾ ਅਤੇ ਹਿਮਾਚਲ ਦੇ ਮਰੀਜਾਂ ਨੂੰ ਪੰਜਾਬ ਦੇ ਮਰੀਜਾਂ ਨਾਲੋਂ 20 ਫੀਸਦੀ ਜਿਆਦਾ ਰਿਆਇਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਵੋਟਰ ਕਾਰਡ ਚੈਕ ਕੀਤੇ ਜਾਂਦੇ ਹਨ।ਇਹੀ ਰਿਆਇਤ ਜੇਕਰ ਪੰਜਾਬ ਜਾਂ ਮੁਹਾਲੀ ਦਾ ਵਸਨੀਕ ਮੰਗਦਾ ਹੈ ਤਾਂ ਫੋਰਟਿਸ ਵਲੋਂ ਸਾਫ ਨਾਂਹ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਫੋਰਟਿਸ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਤਾੜਨਾ ਕੀਤੀ ਜਾਵੇ ਕਿ ਪੰਜਾਬ ਦੇ ਵਸਨੀਕਾਂ ਨੂੰ ਵੀ ਪੂਰਨ ਰਿਆਇਤਾਂ ਦਿੱਤੀਆਂ ਜਾਣ ਅਤੇ ਕਿਸੇ ਵੀ ਹਾਲਤ ਵਿੱਚ ਪੰਜਾਬੀਆਂ ਨਾਲ ਵਿਤਕਰਾ ਨਾ ਕੀਤਾ ਜਾਵੇ।ਅੱਜ ਇਸ ਮੌਕੇ ਉਨ੍ਹਾਂ ਦੇ ਨਾਲ ਸਤਵੰਤ ਸਿੰਘ ਸੂਰੀ, ਹਰਵਿੰਦਰ ਸਿੰਘ ਸੀ. ਮੀਤ ਪ੍ਰਧਾਨ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਹਰਸੁਖਵਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।