ਚੰਡੀਗੜ੍ਹ :- ਜਿਨ੍ਹਾ ਫਿਰਕੂ ਜਮਾਤਾਂ ਅਤੇ ਉਨ੍ਹਾ ਦੀ ਗੁਲਾਮ ਜਹਿਨੀਅਤ ਦੇ ਮਾਲਿਕ ਲੋਕਾਂ ਦੀ ਸਿੱਖ ਕੌਮ ਅਤੇ ਪੰਜਾਬੀਆਂ ਵਿੱਚ ਸਾਖ ਖਤਮ ਹੁੰਦੀ ਜਾ ਰਹੀ ਹੈ ਅਤੇ ਜਿਨ੍ਹਾ ਫਿਰਕੂ ਅਤੇ ਕਾਤਿਲ ਜਮਾਤਾਂ ਵਿਰੁੱਧ ਸਾਨੂੰ ਗੁਰੂ ਸਾਹਿਬਾਨ ਨੇ ਦ੍ਰਿੜਤਾ ਨਾਲ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ ਹੈ, ਉਨ੍ਹਾ ਭਾਜਪਾ, ਆਰ ਐਸ ਐਸ, ਵਿਸ਼ਵ ਹਿੰਦੂ ਪਰਿਸ਼ਦ ਆਦਿ ਫਿਰਕੂ ਜਮਾਤਾਂ ਅਤੇ ਉਨ੍ਹਾ ਦੀ ਹਿੰਦੂਤਵ ਸੋਚ ਦੀ ਪੂਰਤੀ ਕਰਨ ਵਾਲੇ ਬਾਬਾ ਰਾਮਦੇਵ ਨੂੰ ਗੁਰਾਂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਤੋ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦੇਣ ਦਾ ਹੱਕ ਕਿਸਨੇ ਦਿੱਤਾ ਹੈ?
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਨਵਜੋਤ ਸਿੱਧੂ ਵੱਲੋ ਪੰਜਾਬ ਦੇ ਅਮਨਮਈ ਮਾਹੌਲ ਨੂੰ ਫਿਰਕੂਆਂ ਰਾਹੀਂ ਫਿਰ ਗੰਧਲਾ ਕਰਨ ਦੀ ਕੀਤੀ ਜਾ ਰਹੀ ਅਸਫ਼ਲ ਕੌਸਿਸ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਅੱਜ ਆਪਣੇ ਮੁੱਖ ਦਫ਼ਤਰ ਕਿਲ੍ਹਾ ਹਰਨਾਮ ਸਿੰਘ ਤੋ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਅਸਲੀਅਤ ਵਿੱਚ ਬੀਜੇਪੀ ਵਰਗੀ ਫਿਰਕੂ ਜਮਾਤ ਦਾ ਪੰਜਾਬੀਆਂ ਅਤੇ ਸਿੱਖ ਕੌਮ ਵਿੱਚ ਕੋਈ ਅਧਾਰ ਨਹੀਂ ਰਿਹਾ। ਇਹ ਲੋਕ ਆਪਣੇ ਆਪ ਨੂੰ ਸਮਾਜਿਕ, ਸਿਆਸੀ ਤੌਰ ‘ਤੇ ਜਿਉਦਾ ਰੱਖਣ ਲਈ ਅਖੌਤੀ ਬਾਬੇ ਰਾਮਦੇਵ ਅਤੇ ਸ਼੍ਰੀ ਅੰਨਾ ਹਜ਼ਾਰੇ ਵਰਗੀਆਂ ਸਮਾਜਿਕ ਸਖਸੀਅਤਾਂ ਨੂੰ ਢਾਲ ਵਜੋ ਵਰਤਣਾ ਲੋੜਦੇ ਹਨ। ਜਿਨ੍ਹਾ ਨੂੰ ਬਹੁ ਸਿੱਖ ਵਸੋ ਵਾਲੇ ਇਲਾਕੇ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਰਾਜਸਥਾਨ, ਲੇਹ ਅਤੇ ਲੱਦਾਖ ਆਦਿ ਵਿੱਚ ਕਿਸੇ ਤਰ੍ਹਾ ਦੀ ਵੀ ਮੁਤੱਸਵੀ ਕਾਰਵਾਈਆਂ ਅਤੇ ਫਿਰਕਿਆਂ ਵਿੱਚ ਨਫਰਤ ਪੈਦਾ ਕਰਨ ਦੀ ਕਾਰਵਾਈ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ 1857 ਦੇ ਅੰਦੋਲਨ ਸਮੇ ਵੀ ਹਿੰਦੂਆਂ ਦੀ ਆਪਸੀ ਖਾਨਾਜੰਗੀ ਵਾਲਾ ਅੰਦੋਲਨ ਸੀ। ਇਸ ਲਈ ਹੀ ਉਸ ਸਮੇ ਵੀ ਸਿੱਖ ਕੌਮ ਨੇ ਇਨ੍ਹਾ ਦੀ ਅੰਦਰੂਨੀ ਖਾਨਾਜੰਗੀ ਵਾਲੇ ਅੰਦੋਲਨ ਵਿੱਚ ਬਿਲਕੁੱਲ ਸਾਥ ਨਹੀਂ ਸੀ ਦਿੱਤਾ। ਰਿਸ਼ਵਤਖੋਰੀ ਦੇ ਜ਼ਜਬਾਤੀ ਅਤੇ ਸਮਾਜਿਕ ਨਾਮ ਹੇਠ ਬਾਬਾ ਰਾਮਦੇਵ ਜਾਂ ਸ਼੍ਰੀ ਅੰਨਾ ਹਜ਼ਾਰੇ ਵੱਲੋ ਕੀਤਾ ਜਾ ਰਿਹਾ ਸੰਘਰਸ਼ ਹਿੰਦੂ ਕੌਮ ਦੀ ਅੰਦਰੂਨੀ ਖਾਨਾਜੰਗੀ ਦਾ ਨਤੀਜਾ ਹੈ। ਇਸ ਨਾਲ ਵੀ ਸਿੱਖ ਕੌਮ ਦਾ ਕਿਸੇ ਤਰ੍ਹਾ ਦਾ ਕੋਈ ਸਬੰਧ ਨਹੀਂ ਅਤੇ ਸਿੱਖ ਕੌਮ ਅਜਿਹੇ ਸਵਾਰਥਾਂ ਭਰੇ ਅੰਦੋਲਨਾਂ ਵਿੱਚ ਕਿਸੇ ਤਰ੍ਹਾ ਦਾ ਇਨ੍ਹਾ ਫਿਰਕੂਆਂ ਕਾਂਗਰਸੀਆਂ ਜਾਂ ਭਾਜਪਾ, ਆਰ ਐਸ ਐਸ ਦਾ ਬਿਲਕੁੱਲ ਸਾਥ ਨਹੀਂ ਦੇਵੇਗੀ।
ਸ: ਮਾਨ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ ਕਿ ਸ਼੍ਰੀ ਨਵਜੋਤ ਸਿੱਧੂ ਬੀਜੇਪੀ ਦੀ ਹਿੰਦੂਤਵ ਸੋਚ ਵਾਲਿਆ ਦਾ ਹੀ ਪੰਜਾਬ ਵਿੱਚ ਇੱਕ ਏਜੰਟ ਹੈ। ਉਹ ਰਿਸ਼ਵਤਖੋਰੀ ਦੇ ਜ਼ਜਬਾਤੀ ਨਾਮ ਦੀ ਦੁਰਵਰਤੋ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰ ਰਹੇ ਹਨ। ਜਦੋ ਕਿ ਉਨ੍ਹਾ ਦੀ ਆਪਣੀ ਬੀਜੇਪੀ ਦੀ ਜਮਾਤ ਵਿੱਚ ਬੈਠੇ ਕਫਨ ਘੋਟਾਲੇ, ਕਰਨਾਟਕ ਦੀ ਯੇਦੀਰੱਪਾ ਹਕੂਮਤ ਦੇ ਜ਼ਮੀਨ ਘੋਟਾਲੇ, ਸ਼੍ਰੀ ਵਾਜਪਾਈ ਸਮੇ ਫੌਜ ਵਿੱਚ ਖਾਦ ਪਦਾਰਥਾਂ ਦੀ ਖ੍ਰੀਦੋ-ਫਰੋਖਤ ਦੀ ਹੋਏ ਘੋਟਾਲੇ, ਤੇਲਗੀ ਅਸ਼ਟਾਮ ਘੋਟਾਲੇ, ਪੰਜਾਬ ਦੇ ਭਾਜਪਾ ਦੇ ਵਜ਼ੀਰਾਂ ਸ਼੍ਰੀ ਮਨੋਰੰਜਨ ਕਾਲੀਆ, ਮਾਸਟਰ ਮੋਹਨ ਲਾਲ, ਸਵਰਨਾ ਰਾਮ ਅਤੇ ਰਾਜ ਖੁਰਾਣਾ ਆਦਿ ਉੱਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਅਤੇ ਬੀਜੇਪੀ ਜਮਾਤ ਵੱਲੋ ਸਿੱਖ ਅਤੇ ਮੁਸਲਿਮ ਕੌਮ ਦੇ ਕੀਤੇ ਗਏ ਕਤਲੇਆਮ ਸਬੰਧੀ ਉਹ ਚੁੱਪ ਕਿਉਂ ਹਨ?