ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਇੰਜੀਨੀਅਰ ਡਾ: ਰਾਜਨ ਅਗਰਵਾਲ ਨੇ ਕਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਸੰਕੋਚਵੀਂ ਵਰਤੋਂ ਦੀਆਂ ਵਿਧੀਆਂ ਅਪਣਾਅ ਕੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਖੇਤੀ ਸੈਕਟਰ ਵਿੱਚ ਵਰਤੇ ਜਾਂਦੇ ਪਾਣੀ ਵਿਚੋਂ 70 ਫੀ ਸਦੀ ਪਾਣੀ ਧਰਤੀਂ ਹੇਠੋਂ ਖਿੱਚਿਆ ਜਾ ਰਿਹਾ ਹੈ ਅਤੇ ਹਰ ਸਾਲ ਟਿਊਬਵੈੱਲਾਂ ਦੀ ਗਿਣਤੀ ਵਧ ਰਹੀ ਹੈ। ਖੇਤੀ ਘਣਤਾ, ਵਧਦੀ ਆਬਾਦੀ , ਉਦਯੋਗੀਕਰਨ, ਸ਼ਹਿਰੀਕਰਨ ਅਤੇ ਬਰਸਾਤ ਵਿੱਚ ਕਮੀ ਦਾ ਰੁਝਾਨ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਵਧਾ ਰਿਹਾ ਹੈ। ਇਸ ਸੰਕਟ ਦੇ ਹੱਲ ਲਈ ਯੂਨੀਵਰਸਿਟੀ ਨੇ ਜਲ ਸੋਮਿਆਂ ਦੀ ਸੰਕੋਚਵੀਂ ਵਰਤੋਂ ਵਾਲੇ ਕਈ ਢੰਗ ਤਰੀਕੇ ਵਿਕਸਤ ਕੀਤੇ ਹਨ ਜਿਨ੍ਹਾਂ ਵਿਚੋਂ ਲੇਜ਼ਰ ਸੁਹਾਗਾ, ਖਾਲੀਆਂ ਵਿੱਚ ਸਿੰਜਾਈ, ਝੋਨੇ ਦੀ ਕਾਸ਼ਤ ਦਾ ਪਿੱਛੇ ਲਿਜਾਣਾ, ਫੁਆਰਾ ਅਤੇ ਤੁਪਕਾ ਸਿੰਜਾਈ ਵਿਧੀ ਅਤੇ ਇਮਾਰਤਾਂ ਦੀਆਂ ਛੱਤਾਂ ਤੋਂ ਬਰਸਾਤ ਦਾ ਪਾਣੀ ਕੱਠਾ ਕਰਕੇ ਧਰਤੀ ਹੇਠ ਨਿਘਾਰਨਾ ਹੈ।
ਡਾ: ਅਗਰਵਾਲ ਨੇ ਦੱਸਿਆ ਕਿ ਲੇਜ਼ਰ ਸੁਹਾਗੇ ਨਾਲ ਜ਼ਮੀਨ ਪੱਧਰੀ ਕਰਕੇ ਸਿੰਜਾਈ ਮੌਕੇ ਪਾਣੀ ਦੀ 25 ਫੀ ਸਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਇਸ ਉੱਪਰ 500 ਰੁਪਏ ਪ੍ਰਤੀ ਘੰਟਾ ਖਰਚਾ ਆਉਂਦਾ ਹੈ। ਇਸ ਢੰਗ ਨਾਲ ਪੱਧਰੀ ਕੀਤੀ ਜ਼ਮੀਨ ਵਿੱਚ ਨਦੀਨ ਵੀ ਘੱਟ ਉੱਗਦੇ ਹਨ ਅਤੇ ਇਕਸਾਰ ਫ਼ਸਲ ਹੋਣ ਕਾਰਨ ਖਾਦਾਂ ਦੀ ਵੀ ਬੱਚਤ ਹੁੰਦੀ ਹੈ ਅਤੇ ਝਾੜ ਵੀ ਵਧਦਾ ਹੈ। ਉਨ੍ਹਾਂ ਆਖਿਆ ਕਿ 15 ਜੂਨ ਤੋਂ ਮਗਰੋਂ ਝੋਨਾ ਲਾਉਣ ਨਾਲ ਪਾਣੀ ਵੀ ਦੋ ਵਾਰੀਆਂ ਘੱਟ ਲੱਗਦਾ ਹੈ। ਡਾ: ਅਗਰਵਾਲ ਨੇ ਆਖਿਆ ਕਿ ਸਿਫਾਰਸ਼ ਕੀਤੀਆਂ ਤਕਨੀਕਾਂ ਵਰਤਣ ਨਾਲ ਜਲ ਸੋਮਿਆਂ ਦੀ ਬੱਚਤ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਖਾਲੀਆਂ ਵਿੱਚ ਸਿੰਜਾਈ ਨਾਲ 20 ਤੋਂ 25 ਫੀ ਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।