ਫਤਿਹਗੜ੍ਹ ਸਾਹਿਬ:- ਅੰਗਰੇਜ਼ ਹਕੂਮਤ ਨੇ ਅੱਜ ਤੋ ਇੱਕ ਸਦੀ ਪਹਿਲੇ ਬੰਬੇ ਤੋ ਪੇਸ਼ਾਵਰ ਤੱਕ ਜਾਣ ਵਾਲੀ ਪੰਜਾਬ ਮੇਲ ਗੱਡੀ ਦੀ ਸ਼ੁਰੂਆਤ ਕਰਕੇ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਬਸਿੰਦਿਆ ਵਿੱਚ ਜਿੱਥੇ ਅਤਿ ਸਦਭਾਵਨਾ ਭਰੇ ਸਬੰਧਾਂ ਨੂੰ ਮਜ਼ਬੂਤੀ ਬਖਸੀ ਉਥੇ ਪੂਰਬੀ ਅਤੇ ਪੱਛਮੀ ਇਲਾਕਿਆਂ ਦੇ ਆਪਸੀ ਵਪਾਰ-ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਵੀ ਡੂੰਘਾ ਯੋਗਦਾਨ ਪਾਇਆ ਸੀ। ਮੁਲਕ ਦੀ ਵੰਡ ਤੋ ਬਾਅਦ ਇਸ ਗੱਡੀ ਦੇ ਨਾਮ ਬਦਲ ਕੇ ਗੋਲਡਨ ਟੈਪਲ ਮੇਲ ਰੱਖ ਦਿੱਤਾ ਗਿਆ ਅਤੇ ਇਸਦਾ ਰੂਟ ਬੰਬੇ ਤੋ ਅੰਮ੍ਰਿਤਸਰ ਕਰ ਦਿੱਤਾ ਗਿਆ। ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਪੰਜਾਬ ਮੇਲ ਗੱਡੀ ਦੇ 100 ਸਾਲ ਪੂਰੇ ਹੋਣ ‘ਤੇ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ।
ਉਨ੍ਹਾ ਕਿਹਾ ਕਿ ਜਦੋ ਇਹ ਪੰਜਾਬ ਮੇਲ ਗੱਡੀ ਫਿਰੋਜ਼ਪੁਰ ਦੀ ਸਰਹੱਦ ਰਾਹੀਂ ਪਿਸ਼ਾਵਰ (ਪਾਕਿਸਤਾਨ) ਜਾਂਦੀ ਸੀ ਤਾਂ ਉਸ ਸਮੇ ਇੱਥੋ ਦੇ ਜਿੰਮੀਦਾਰ, ਵਪਾਰੀ ਅਤੇ ਹੋਰ ਕਾਰੋਬਾਰੀ ਲੋਕਾਂ ਦੀਆਂ ਉਤਪਾਦਿਤ ਵਸਤਾਂ ਨੂੰ ਕਾਬੁਲ, ਇਰਾਕ, ਇਰਾਨ ਅਤੇ ਹੋਰ ਅਰਬ ਮੁਲਕਾਂ ਵਿੱਚ ਭੇਜ ਕੇ ਚੋਖੀ ਆਮਦਨ ਪ੍ਰਾਪਤ ਹੁੰਦੀ ਸੀ ਅਤੇ ਸਮੁੱਚਾ ਵਪਾਰ ਤਰੱਕੀ ‘ਤੇ ਸੀ। ਲੇਕਿਨ ਇਸ ਗੱਡੀ ਦੇ ਪਿਸ਼ਾਵਰ ਤੱਕ ਜਾਣਾ ਬੰਦ ਹੋਣ ਉਪਰੰਤ ਪੂਰਬੀ ਪੰਜਾਬ ਵਿਸ਼ੇਸ ਤੌਰ ‘ਤੇ ਸਿੱਖ ਕੌਮ ਨੂੰ ਮਾਲੀ, ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾ ਕਿਹਾ ਕਿ ਜੇਕਰ ਇਸ ਗੱਡੀ ਨੂੰ ਫਿਰ ਤੋ ਪਿਸ਼ਾਵਰ ਤੱਕ ਜਾਣ ਦੀ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਜਿੱਥੇ ਇੱਥੋ ਦੇ ਬਸਿੰਦਿਆਂ ਦੇ ਵਪਾਰ, ਕਾਰੋਬਾਰ ਅਤੇ ਸੱਭਿਆਚਾਰਿਕ ਸਾਂਝ ਵਿੱਚ ਹੋਰ ਮਜ਼ਬੂਤੀ ਆਵੇਗੀ, ਉੱਥੇ ਵੰਡ ਉਪਰੰਤ ਪਾਕਿਸਤਾਨ ਵਿੱਚ ਸਿੱਖ ਕੌਮ ਦੇ ਰਹਿ ਗਏ ਇਤਿਹਾਸਕ ਗੁਰਧਾਂਮਾਂ ਦੇ ਦਰਸ਼ਨ ਕਰਨ ਅਤੇ ਆਪਣੀ ਪੁਰਾਤਨ ਡੂੰਘੀ ਸਾਂਝ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਵੱਡੀ ਮਦਦ ਮਿਲੇਗੀ ਅਤੇ ਅਜਿਹਾ ਪ੍ਰਬੰਧ ਹੋਣ ਨਾਲ ਪੰਜਾਬ ਦੇ ਜਿ਼ੰਮੀਦਾਰ ਵੱਲੋ ਆਪਣੀ ਮਿਹਨਤ ਨਾਲ ਪੈਦਾ ਕੀਤੀ ਗਈ ਫਸਲ ਨੂੰ ਇਰਾਕ, ਇਰਾਨ, ਅਫਗਾਨਿਸਤਾਨ ਅਤੇ ਹੋਰ ਅਰਬ ਮੁਲਕਾਂ ਵਿੱਚ ਭੇਜਣ ਦੇ ਮੌਕੇ ਪ੍ਰਦਾਨ ਹੋਣਗੇ। ਜਿਸ ਨਾਲ ਉਨ੍ਹਾ ਨੂੰ ਆਪਣੀ ਫਸਲ ਦੀ ਸਹੀ ਕੀਮਤ ਪ੍ਰਾਪਤ ਹੋਵੇਗੀ। ਉਨ੍ਹਾ ਮੰਗ ਕੀਤੀ ਕਿ ਪੰਜਾਬ ਦੇ ਫਿਰੌਜ਼ਪੁਰ ਦੀ ਸਰਹੱਦ ਰਾਹੀਂ ਜਾਣ ਵਾਲੀ ਅੰਗਰੇਜ਼ਾਂ ਵੱਲੋ ਸੁਰੂ ਕੀਤੀ ਗਈ ਪੰਜਾਬ ਮੇਲ ਗੱਡੀ ਨੂੰ ਫਿਰ ਤੋ ਪਿਸ਼ਾਵਰ ਤੱਕ ਚਲਾਇਆ ਜਾਵੇ, ਉੱਥੇ ਅੰਮ੍ਰਿਤਸਰ ਦੀ ਅਟਾਰੀ ਸਰਹੱਦ ਨੂੰ ਖੋਲ੍ਹ ਕੇ ਦੋਵਾਂ ਮੁਲਕਾਂ ਦੇ ਬਸਿ਼ੰਦਿਆਂ ਨੂੰ ਇੱਕ ਦੂਸਰੇ ਮੁਲਕ ਵਿੱਚ ਆਜ਼ਾਦਾਨਾ ਤੌਰ ‘ਤੇ ਆਉਣ-ਜਾਣ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਵੱਧ ਤੋ ਵੱਧ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਸੜਕ ਆਵਾਜਾਈ ਨੂੰ ਵੀ ਖੋਲ੍ਹ ਦਿੱਤਾ ਜਾਵੇ ਤਾਂ ਇਸ ਨਾਲ ਦੋਵਾਂ ਮੁਲਕਾਂ ਦੇ ਬਸਿੰਦਿਆਂ ਦੀ ਕੁੜੱਤਣ ਦੂਰ ਹੋਣ ਵਿੱਚ ਮਦਦ ਮਿਲੇਗੀ।