ਯੋਗ ਵਿਦਿਆ ਅਜਿਹੀ ਵਿਦਿਆ ਹੈ ਜਿਸ ਰਾਹੀਂ ਕੋਈ ਵੀ ਸ਼ਖ਼ਸ ਅਨੇਕਾਂ ਬਿਮਾਰੀਆਂ ਤੋਂ ਨਿਜ਼ਾਤ ਪਾਕੇ ਤੰਦਰੁਸਤ ਜੀਵਨ ਬਿਤਾ ਸਕਦਾ ਹੈ। ਇਸ ਵਿਦਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਕਿਸੇ ਡਾਕਟਰ ਜਾਂ ਹਕੀਮ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਉਹ ਯੋਗ ਆਸਣਾਂ ਰਾਹੀਂ ਹੀ ਮਨੁੱਖੀ ਸਰੀਰ ਦੀਆਂ ਅਨੇਕਾਂ ਬਿਮਾਰੀਆਂ ‘ਤੇ ਕਾਬੂ ਪਾ ਸਕਦੇ ਹਨ ਅਤੇ ਇਨਸਾਨ ਇਕ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ।
ਰਾਮਦੇਵ ਵੀ ਆਪਣੇ ਆਪ ਨੂੰ ਯੋਗ ਵਿਦਿਆ ਦਾ ਇਕ ਬਹੁਤ ਵੱਡਾ ਮਾਹਿਰ ਦਸਦਾ ਹੈ। ਇਸਦੇ ਨਾਲ ਹੀ ਉਸ ਵਲੋਂ ਸਥਾਪਤ ਫੈਕਟਰੀਆਂ ਵਿਚ ਅਨੇਕਾਂ ਸਿਹਤਮੰਦ ਰਹਿਣ ਦੀਆਂ ਦਵਾਈਆਂ ਦਾ ਉਤਪਾਦਨ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਕੀਤੀ ਜਾਵੇ ਕਿ ਰਾਮਦੇਵ ਨੂੰ ਇਕ ਯੋਗੀ ਦਾ ਚੋਲਾ ਲਾਹਕੇ ਸਿਆਸਤ ਵਿਚ ਛਾਲ ਮਾਰਨ ਦੀ ਲੋੜ ਕਿਉਂ ਪਈ? ਇਸਦਾ ਮੁੱਖ ਕਾਰਨ ਇਹੀ ਹੈ ਕਿ ਉਸਦੀ ਸ਼ੋਹਰਤ ਦੀ ਭੁੱਖ ਨੇ ਉਸਨੂੰ ਅਹਿਜਾ ਕਰਨ ਲਈ ਮਜਬੂਰ ਕੀਤਾ। ਕਹਿੰਦੇ ਨੇ ਜਿਵੇਂ ਜਿਵੇਂ ਇਨਸਾਨ ਪਾਸ ਧਨ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਪੈਸਾ ਉਸਨੂੰ ਅਖ਼ਬਾਰਾਂ ਵਿਚ ਲਿਆਉਣ ਲਈ ਚੂੰਢੀਆਂ ਵੱਢਣੀਆਂ ਸ਼ੁਰੂ ਕਰ ਦਿੰਦਾ ਹੈ। ਇਸੇ ਹੀ ਚਸਕੇ ਦੇ ਮਾਰੇ ਹੋਏ ਰਾਮਦੇਵ ਨੇ ਅੰਨਾ ਹਜ਼ਾਰੇ ਵਾਂਗ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਕੇ ਸਿਆਸਤ ਵਿਚ ਛਾਲ ਮਾਰਨ ਦਾ ਇਕ ਸੌਖਾ ਤਰੀਕਾ ਅਖ਼ਤਿਆਰ ਕਰਨਾ ਚਾਹਿਆ। ਵੈਸੇ ਤਾਂ ਰਾਮਦੇਵ ਕਈ ਸਾਲਾਂ ਤੋਂ ਸਿਆਸਤ ਵਿਚ ਆਉਣ ਲਈ ਅਨੇਕਾਂ ਪ੍ਰਕਾਰ ਦੇ ਬਿਆਨ ਦਿੰਦਾ ਰਿਹਾ ਹੈ ਪਰ ਇਸ ਵੇਲੇ ਉਸਨੇ ਲੋਹਾ ਗਰਮ ਵੇਖਕੇ ਹਥੌੜਾ ਚਲਾਉਣ ਦੀ ਨੀਤੀ ਅਪਨਾਈ। ਰਹੀ ਗੱਲ ਭ੍ਰਿਸ਼ਟਾਚਾਰ ਦੀ ਇਹ ਤਾਂ 1947 ਤੋਂ ਲੈਕੇ ਹੁਣ ਤੱਕ ਜਾਰੀ ਹੈ। ਇਸਤੋਂ ਪਹਿਲਾਂ ਰਾਮਦੇਵ ਨੂੰ ਭ੍ਰਿਸ਼ਟਾਚਾਰ ਕਿਉਂ ਵਿਖਾਈ ਨਾ ਦਿੱਤਾ। ਉਸਨੂੰ ਹੁਣ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਉਸਦਾ ਕਾਫ਼ੀ ਨਾਮ ਹੋ ਗਿਆ ਹੈ ਉਸ ਪਾਸੋਂ ਯੋਗਾ ਦੀ ਵਿਦਿਆ ਹਾਸਲ ਕਰਨ ਤੋਂ ਬਾਅਦ ਅਨੇਕਾਂ ਲੋਕੀਂ ਉਸਦੇ ਚੇਲੇ ਬਣ ਗਏ ਹਨ। ਇਸੇ ਹੀ ਨੀਯਤ ਨੂੰ ਲੈਕੇ ਉਸਨੇ ਸਿਆਸਤ ਵਿਚ ਵੀ ਆਪਣਾ ਨਾਮ ਕਮਾਉਣ ਦੀ ਨੀਤੀ ਅਪਨਾਉਣੀ ਬੇਹਤਰ ਸਮਝੀ। ਦੂਸਰਾ ਭਾਰਤ ਦਾ ਮੀਡੀਆ ਜਿਸ ਵਿਚ ਬੀਜੇਪੀ ਅਤੇ ਆਰਆਰਐਸ ਦੀ ਹਿਮਾਇਤ ਹਾਸਲ ਅਖ਼ਬਾਰਾਂ ਨੇ ਰਾਮਦੇਵ ਨੂੰ ਇਕ ਹੀਰੋ ਬਣਾਕੇ ਲੋਕਾਂ ਦੇ ਸਾਹਮਣੇ ਲਿਆ ਖੜਾ ਕੀਤਾ। ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਰਾਮਦੇਵ ਨੇ ਆਪਣਾ ਯੋਗਾ ਸਿਖਾਉਣ ਅਤੇ ਆਪਣੀਆਂ ਤੰਦਰੁਸਤੀ ਵਧਾਉਣ ਦੀਆਂ ਦਵਾਈਆਂ ਵੇਚਕੇ ਲੋਕਾਂ ਪਾਸੋਂ ਅੰਨ੍ਹਾ ਧਨ ਝਾੜਿਆ ਹੈ। ਉਸਨੇ ਵੀ ਆਪਣੇ ਇਸ ਕਿੱਤੇ ਨੂੰ ਇਕ ਬਿਜ਼ਨੈਸ ਵਾਂਗ ਹੀ ਤੋਰਿਆ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਉਸਦੀਆਂ ਯੋਗਾ ਕਲਾਸਾਂ ਵਿਚ ਲੋਕਾਂ ਪਾਸੋਂ ਕਾਫ਼ੀ ਧਨ ਲਿਆ ਜਾਂਦਾ ਹੈ ਅਤੇ ਉਸਦੀਆਂ ਦਵਾਈਆਂ ਵੀ ਆਮ ਦਵਾਈਆਂ ਨਾਲੋਂ ਕਿਤੇ ਵੱਧ ਭਾਅ ‘ਤੇ ਵੇਚੀਆਂ ਜਾਂਦੀਆਂ ਹਨ।
ਇਥੇ ਮੈਂ ਇਹ ਨਹੀਂ ਕਹਾਂਗਾ ਕਿ ਭਾਰਤ ਸਰਕਾਰ ਵਿਚ ਵੱਧ ਰਿਹਾ ਭ੍ਰਿਸ਼ਟਾਚਾਰ ਕੋਈ ਚੰਗੀ ਗੱਲ ਹੈ। ਸਰਕਾਰ ਭਾਵੇਂ ਕਾਂਗਰਸ ਦੀ ਆਈ, ਬੀਜੇਪੀ ਦੀ ਆਈ ਜਾਂ ਫਿਰ ਜਨਤਾ ਪਾਰਟੀ ਦੀ ਮੰਤਰੀਆਂ ਸੰਤਰੀਆਂ ਨੇ ਅੰਨ੍ਹੇਵਾਹ ਦੇਸ਼ਵਾਸੀਆਂ ਨੂੰ ਲੁੱਟਿਆ ਹੈ। ਕਿਉਂਕਿ ਭਾਰਤੀ ਸਿਆਸਤਦਾਨਾਂ ਲਈ ਸਿਆਸਤ ਹੁਣ ਕੋਈ ਦੇਸ਼ ਸੇਵਾ ਨਹੀਂ ਰਹੀ ਇਕ ਬਿਜ਼ਨੈਸ ਬਣ ਗਈ ਹੈ। ਇਸੇ ਦੇ ਤਹਿਤ ਭਾਰਤੀ ਬਿਜ਼ਨੈਸਮੈਨ ਵੀ ਇਨ੍ਹਾਂ ਮੰਤਰੀਆਂ ਦੀ ਨਬਜ਼ ਨੂੰ ਪਛਾਣਦੇ ਹੋਏ ਆਪਣਾ ਕੰਮ ਕਢਾਉਣ ਲਈ ਰਿਸ਼ਵਤ ਵਾਸਤੇ ਦੇਣ ਵਾਲਾ ਪੈਸਾ ਪਹਿਲਾਂ ਹੀ ਆਪਣੇ ਪ੍ਰਾਜੈਕਟ ਵਿਚ ਜੋੜ ਲੈਂਦੇ ਹਨ।
ਗੱਲ ਚਲ ਰਹੀ ਸੀ ਰਾਮਦੇਵ ਦੀ। ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਕਿ ਸਾਰੀ ਦੁਨੀਆਂ ਉਸਨੂੰ ‘ਬਾਬਾ’ ਕਹਿਕੇ ਸੰਬੋਧਨ ਕਰ ਰਹੀ ਹੈ ਮੈਂ ਉਸਨੂੰ ਅਜੇ ਤੱਕ ਬਾਬਾ ਕਿਉਂ ਨਹੀਂ ਲਿਖਿਆ। ਭਾਰਤੀ ਦੀ ਮਰਦਮ ਸ਼ੁਮਾਰੀ ਦੀਆਂ ਰਿਪੋਰਟਾਂ ਅਨੁਸਾਰ ਭਾਰਤ ਦੀ ਆਬਾਦੀ ਦੀ ਫਸਲ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਕੁਝ ਹੀ ਸਾਲਾਂ ਵਿਚ ਇਹ ਗਿਣਤੀ ਚੀਨ ਦੀ ਆਬਾਦੀ ਨੂੰ ਵੀ ਮਾਤ ਦੇ ਜਾਵੇਗੀ। ਇਨ੍ਹਾਂ ਹਾਲਾਤ ਵਿਚ ਲੋਕਾਂ ਪਾਸ ਪੈਸੇ ਦੀ ਕਮੀ ਬਹੁਤ ਹੈ ਪਰ ਸਮੇਂ ਦੀ ਕਮੀ ਕੋਈ ਨਹੀਂ। ਇਸ ਲਈ ਬਾਬੇ ਅਤੇ ਸੰਤ ਮਹਾਤਮਾ ਲੋਕਾਂ ਦੀ ਗਰੀਬੀ ਦਾ ਫਾਇਦਾ ਚੁੱਕਕੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟ ਖਸੁੱਟ ਰਹੇ ਹਨ। ਇਸ ਹਿਸਾਬ ਨਾਲ ਮੈਨੂੰ ਰਾਮਦੇਵ ਬਾਬਾ ਨਹੀਂ ਲੱਗਦਾ। ਨਾ ਤਾਂ ਉਸ ਵਿਚ ਬਾਬਿਆਂ ਵਾਲੇ ਕੋਈ ਗੁਣ ਹਨ, ਨਾ ਹੀ ਉਸਦੀ ਉਮਰ ਇੰਨੀ ਹੈ ਕਿ ਉਸਦੇ ਵਾਲ ਇੰਨੇ ਚਿੱਟੇ ਹੋਏ ਹਨ ਕਿ ਉਸਨੂੰ ਬਾਬਾ ਕਿਹਾ ਜਾਵੇ। ਇਹ ਕਿਹੋ ਜਿਹਾ ਬਾਬਾ ਹੈ ਜਿਸਨੇ ਲੋਕਾਂ ਨੂੰ ਠੱਗਕੇ ਉਸ ਅਨੁਸਾਰ 1100 ਕਰੋੜ ਦੀ ਜਾਇਦਾਦ ਬਣਾਈ ਅਤੇ ਸਰਕਾਰੀ ਅੰਦਾਜਿਆਂ ਅਨੁਸਾਰ ਉਸਦਾ ਵੇਰਵਾ 1177 ਕਰੋੜ ਤੋਂ ਕਿਤੇ ਵੱਧ ਬਣਦਾ ਹੈ।
ਜਦੋਂ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਛਿੜੀ ‘ਪੰਜਾਬੀ ਸੂਬੇ’ ਦੀ ਲੜਾਈ ਦੌਰਾਨ ਕਾਂਗਰਸ ਸਰਕਾਰ ਵਲੋਂ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਨੀਤੀ ਤਹਿਤ ਪੰਜਾਬ ਦੇ ਸਾਢੇ ਤਿੰਨ ਹਿੱਸੇ ਕਰਕੇ ਪੰਜਾਬੀਆਂ ਦੀਆਂ ਚਾਹਤਾਂ ਦਾ ਕਤਲ ਕੀਤਾ ਗਿਆ ਤਾਂ ਉਦੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਅੱਧਾ ਹਿੱਸਾ ਹਰਿਆਣੇ ਦਾ ਦੱਸਕੇ ਲੜਾਈ ਦਾ ਇਕ ਜ਼ਰੀਆ ਵੀ ਪੈਦਾ ਕਰ ਲਿਆ ਗਿਆ। ਇਥੇ ਮੈਂ ਸਾਢੇ ਤਿੰਨ ਹਿੱਸੇ ਇਸੇ ਲਈ ਲਿਖੇ ਹਨ ਇਕ ਪੰਜਾਬ, ਦੂਜਾ ਹਰਿਆਣਾ, ਤੀਜਾ ਹਿਮਾਚਲ ਅਤੇ ਅੱਧਾ ਹਿੱਸਾ ਚੰਡੀਗੜ੍ਹ। ਇਸਤੋਂ ਬਾਅਦ ਅਕਾਲੀਆਂ ਵਲੋਂ ਪੰਜਾਬੀ ਸੂਬਾ ਮਿਲਣ ਤੋਂ ਬਾਅਦ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਵਾਪਸ ਲੈਣ ਲਈ ਦੁਬਾਰਾ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਪੰਜਾਬ ਦੇ ਸ਼ੇਰ ਸ਼ਹੀਦ ਦਰਸ਼ਨ ਸਿੰਘ ਜੀ ਫੇਰੂਮਾਨ ਵਲੋਂ ਮਰਨਵਰਤ ਰੱਖਿਆ ਗਿਆ। ਉਨ੍ਹਾਂ ਨੇ ਸੰਤ ਫਤਹਿ ਸਿੰਘ ਵਾਂਗੂੰ ਆਪਣਾ ਇਹ ਮਰਨਵਰਤ ਵਿਚੇ ਹੀ ਨਾ ਛੱਡਕੇ ਭਗੌੜਾ ਹੋਣ ਦੀ ਬਜਾਏ ਇਕ ਸ਼ਹੀਦ ਵਾਂਗ ਭੁੱਖਿਆਂ ਰਹਿਕੇ ਮਰਨਾ ਮਨਜ਼ੂਰ ਕੀਤਾ। ਭਾਵੇਂ ਸ਼ਹੀਦ ਫੇਰੂਮਾਨ ਦਾ ਨਾਮ ਹੁਣ ਸਿਰਫ਼ ਉਸ ਪਿੰਡ ਦੇ ਲੋਕੀਂ ਜਾਂ ਨਜ਼ਦੀਕ ਦੇ ਲੋਕੀਂ ਹੀ ਜਾਣਦੇ ਹਨ ਅਤੇ ਅਕਾਲੀਆਂ ਨੂੰ ਉਨ੍ਹਾਂ ਦੇ ਨਾਮ ਨਾਲ ਹੁਣ ਕੋਈ ਵਾਸਤਾ ਨਹੀਂ ਹੈ। ਫਿਰ ਵੀ ਉਸ ਸ਼ਹੀਦ ਦੀ ਭੁੱਖ ਹੜਤਾਲ ਡੇਢ ਮਹੀਨੇ ਤੋਂ ਉਪਰ ਚੱਲੀ। ਇਸਦਾ ਜਿ਼ਕਰ ਮੈਂ ਇਸ ਲਈ ਕੀਤਾ ਹੈ ਸ਼ਹੀਦ ਫੇਰੂਮਾਨ ਜੀ ਨੂੰ ਕਿਸੇ ਕਿਸਮ ਦਾ ਤੰਦਰੁਸਤ ਰਹਿਣ ਦਾ ਯੋਗਾ ਵੀ ਨਹੀਂ ਸੀ ਆਉਂਦਾ ਪਰ ਉਨ੍ਹਾਂ ਪਾਸ ਇਕ ਦ੍ਰਿੜ ਇਰਾਦਾ ਸੀ। ਦੂਜੇ ਪਾਸੇ ਰਾਮਦੇਵ ਜਿਸ ਪਾਸ ਲੋਕਾਂ ਨੂੰ ਤੰਦਰੁਸਤ ਬਨਾਉਣ ਲਈ ਯੋਗਾ ਅਤੇ ਬਿਮਾਰਾਂ ਨੂੰ ਠੀਕ ਕਰਨ ਲਈ ਕੁਦਰਤੀ ਦਵਾਈਆਂ ਦਾ ਵੱਡਾ ਕਾਰੋਬਾਰ ਹੈ। ਉਹ ਡੇਢ ਹਫ਼ਤੇ ਦੇ ਵਿੱਚ ਹੀ ਹਸਪਤਾਲ ਕਿਵੇਂ ਪਹੁੰਚ ਗਿਆ? ਇਸਦਾ ਮਤਲਬ ਤਾਂ ਇਹੀ ਸਿੱਧ ਹੋਇਆ ਕਿ ਰਾਮਦੇਵ ਲੋਕਾਂ ਨੂੰ ਸਿਹਤਮੰਦ ਰਹਿਣ ਦੀਆਂ ਜਿਹੜੀਆਂ ਦਵਾਈਆਂ ਵੀ ਵੇਚ ਰਿਹਾ ਹੈ ਉਹ ਵੀ ਕਿਸੇ ਕੰਮ ਦੀਆਂ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਰਾਮਦੇਵ ਨੂੰ ਪਤਾ ਹੈ ਕਿ ਉਸਦੀਆਂ ਦਵਾਈਆਂ ਨਾਲ ਕਿਸੇ ਦੀ ਸਿਹਤ ਨੂੰ ਕੋਈ ਅਸਰ ਨਹੀਂ ਪੈਣ ਵਾਲਾ ਇਸ ਲਈ ਉਸਨੇ ਆਪਣੀਆਂ ਦਵਾਈਆਂ ਦਾ ਸੇਵਨ ਕਦੀ ਆਪ ਕੀਤਾ ਹੀ ਨਹੀਂ। ਇਸ ਹਿਸਾਬ ਨਾਲ ਰਾਮਦੇਵ ਵਲੋਂ ਸ਼ੁਰੂ ਕੀਤੀ ਗਈ ਯੋਗ ਵਿਦਿਆ ਅਤੇ ਦਵਾਈਆਂ ਦਾ ਧੰਦਾ ਵੀ ਉਸੇ ਹੀ ਭ੍ਰਿਸ਼ਟਾਚਾਰ ਦਾ ਹੀ ਇਕ ਹਿੱਸਾ ਹਨ। ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਇਕ ਪਾਸੇ ਤਾਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਲੋਂ ਡੇਢ ਮਹੀਨੇ ਤੱਕ ਭੁੱਖਿਆਂ ਰਹਿਣਾ ਅਤੇ ਦੂਜੇ ਪਾਸੇ ਇਸ ਫਰਜ਼ੀ ਬਾਬੇ ਵਲੋਂ ਡੇਢ ਹਫ਼ਤੇ ਵਿਚ ਹੀ ਹਸਪਤਾਲ ਪਹੁੰਚ ਜਾਣਾ। ਇੰਨਾ ਹੀ ਨਹੀਂ ਹੁਣ ਸਰਕਾਰ ਨੂੰ ਨਾ ਝੁਕਦਿਆਂ ਵੇਖਕੇ ਆਪਣੀ ਭੁੱਖ ਹੜਤਾਲ ਨੂੰ ਤੋੜਕੇ ਰਾਮਦੇਵ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕੋਈ ‘ਬਾਬਾ’ ਨਹੀਂ ਸਗੋਂ ਸਿਆਸਤ ਵਿਚ ਆਉਣ ਦਾ ਚਾਹਵਾਨ ਇਕ ਲੀਡਰ ਹੈ। ਫੈ਼ਸਲਾ ਹੁਣ ਆਪਦੇ ਹੱਥ ਹੈ।
ਰਹੀ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਗੱਲ ਇਹ ਭਾਰਤੀ ਨੂੰ ਚਿੰਬੜੀ ਇਕ ਛੂਤ ਦੀ ਬਿਮਾਰੀ ਹੈ ਜਿਹੜੀ ਸਮਾਂ ਪਾਕੇ ਇਕ ਲੀਡਰ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਤੱਕ ਪਹੁੰਚ ਰਹੀ ਹੈ। ਇਸ ਬਿਮਾਰੀ ਦਾ ਇਲਾਜ ਲੱਭਣ ਲਈ ਕੋਈ ਅਜਿਹਾ ਲੀਡਰ ਪੈਦਾ ਹੋਣਾ ਜ਼ਰੂਰੀ ਹੈ ਜਿਹੜਾ ਇਨ੍ਹਾਂ ਪਾਖੰਡੀ ਲੋਕਾਂ ਵਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਤਕੜਾ ਡੰਡਾ ਵਰ੍ਹਾਵੇ।