ਸੀਰੀਆ ਵਿਚ ਵੱਧ ਰਹੀ ਹਿੰਸਾ ਤੋਂ ਬਚਣ ਲਈ ਲੋਕੀਂ ਦੇਸ਼ ਛੱਡਕੇ ਤੁਰਕੀ ਵੱਲ ਭੱਜ ਰਹੇ ਹਨ। ਤੁਰਕੀ ਦੇ ਅਧਿਕਾਰੀਆਂ ਅਨੁਸਾਰ ਸੀਰੀਆ ਤੋਂ ਤੁਰਕੀ ਪਹੁੰਚਣ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਦੇ ਕਰੀਬ ਹੈ। ਵਧੇਰੇ ਲੋਕੀਂ ਉਤਰੀ ਸੀਰੀਆ ਦੇ ਸ਼ਹਿਰ ਜਿਸਰ ਅਲ ਸ਼ੂਗੂਰ ਤੋਂ ਭੱਜ ਰਹੇ ਹਨ ਜਿਥੇ ਸੀਰੀਆਈ ਫੌਜਾਂ ਕਾਰਵਾਈ ਕਰ ਰਹੀਆਂ ਹਨ।
ਸੀਰੀਆ ਸਰਕਾਰ ਅਨੁਸਾਰ ਸ਼ਹਿਰ ਵਿਚ ਹਾਲਾਤ ਨੂੰ ਕਾਬੂ ਕਰਨ ਲਈ ਉਥੇ ਫੌਜ ਨੂੰ ਭੇਜਿਆ ਗਿਆ ਸੀ। ਸੀਰੀਆ ਵਿਚ ਮਾਰਚ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਮੁਜਾਹਰਿਆਂ ਨੂੰ ਦਬਾਉਣ ਲਈ ਪਿਛਲੇ ਕੁਝ ਹਫਤਿਆਂ ਤੋਂ ਜਾਰੀ ਕਾਰਵਾਈ ਦੌਰਾਨ ਸੈਂਕੜੇ ਲੋਕੀਂ ਮਾਰੇ ਜਾ ਚੁੱਕੇ ਹਨ। ਤੁਰਕੀ ਅਨੁਸਾਰ ਉਥੇ ਪਹੁੰਚਣ ਵਾਲਿਆਂ ਦੀ ਗਿਣਤੀ 4300 ਹੈ ਪਰ ਇਹ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਲੁਕਕੇ ਤੁਰਕੀ ਪਹੁੰਚ ਗਏ ਹਨ। ਦੋਵੇਂ ਦੇਸ਼ਾਂ ਦੀ ਸਰਹੱਦ ਨੇੜੇ ਰਹਿੰਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਅਜਿਹੇ ਮੌਕੈ ਸੀਰੀਆਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਸੀਰੀਆਈ ਟੀਵੀ ਚੈਨਲ ਅਨੁਸਾਰ ਸੀਰੀਆਈ ਫੌਜਾਂ ਅਤੇ ਟੈਕ ਜਿਸਰ ਅਲ ਸ਼ੂਗੂਰ ਦੇ ਨਜ਼ਦੀਕ ਪਹੁੰਚ ਚੁੱਕੇ ਹਨ।