ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪੁਨਰ ਗਠਨ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸਨੂੰ ਘੋਖਣ ਤੋਂ ਸਪਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਵਉਚਤਾ ਬਰਕਰਾਰ ਰੱਖੀ ਗਈ ਹੈ। ਭਾਵੇਂ ਸਰਵ ਭਾਰਤੀ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ ਵਿਚਲੇ ਕਾਂਗਰਸ ਪਾਰਟੀ ਦੇ ਸਾਰੇ ਧੜਿਆਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਸੂਚੀ ਤੋਂ ਪ੍ਰਭਾਵ ਮਿਲਦਾ ਹੈ ਕਿ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਥਾਰਿਟੀ ਕਾਇਮ ਰੱਖੀ ਹੈ। ਇਸ ਸੂਚੀ ਵਿਚਲੇ ਸੱਤ ਉਪ ਪ੍ਰਧਾਨ ਅਤੇ ਅੱਠ ਜਨਰਲ ਸਕੱਤਰਾਂ ਵਿਚ ਉਹਨਾਂ ਦੇ ਹੀ ਵਿਸ਼ਵਾਸ਼ ਪਾਤਰ ਜਿਆਦਾ ਹਨ। ਦੋ ਜਨਰਲ ਸਕੱਤਰਾਂ ਵਿਚੋਂ ਇਕ ਵਿਕਰਮ ਸਿੰਘ ਬਾਜਵਾ ਸ੍ਰੀਮਤੀ ਰਾਜਿੰਦਰ ਕੌਰ ਭਠੱਲ ਦਾ ਜਵਾਈ ਹੈ ਤੇ ਦੂਜਾ ਫਤਿਹਜੰਗ ਸਿੰਘ ਸ੍ਰੀ ਪਰਤਾਪ ਸਿੰਘ ਬਾਜਵਾ ਐਮ.ਪੀ ਦਾ ਭਰਾ ਹੈ। ਏਸੇ ਤਰ੍ਹਾਂ 25 ਜਿਲਾ ਪ੍ਰਧਾਨਾ ਵਿਚੋਂ ਮੁਕਤਸਰ ਦਾ ਪ੍ਰਧਾਨ ਸ੍ਰੀ ਜਗਮੀਤ ਸਿੰਘ ਬ੍ਰਾੜ ਦਾ ਅਤੇ ਸੰਗਰੂਰ ਦਾ ਪ੍ਰਧਾਨ ਸੁਭਾਸ ਗਰੋਵਰ ਸ੍ਰੀਮਤੀ ਭੱਠਲ ਦਾ ਸਮਰਥਕ ਹੈ। ਜ¦ਧਰ ਸ਼ਹਿਰੀ ਦਾ ਪ੍ਰਧਾਨ ਸ੍ਰੀ ਅਰੁਨ ਵਾਲੀਆ, ਸ੍ਰੀ ਮਹਿੰਦਰ ਸਿੰਘ ਕੇ.ਪੀ ਐਮ.ਪੀ ਦਾ ਵਿਸ਼ਵਾਸ਼ਪਾਤਰ ਹੈ। ਬਾਕੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਮੱਰਥਕ ਹਨ। ਇਹਨਾਂ ਜਿਲਾ ਪ੍ਰਧਾਨਾਂ ਵਿਚੋਂ ਲੁਧਿਆਣਾ ਜਿਲੇ ਦੇ ਦੋਵੇਂ ਪ੍ਰਧਾਨ ਦਿਹਾਤੀ ਤੇ ਸ਼ਹਿਰੀ ਸ੍ਰੀ ਮਲਕੀਤ ਸਿੰਘ ਦਾਖਾ ਤੇ ਸ੍ਰੀ ਪਵਨ ਦੀਵਾਨ ਸ੍ਰੀ ਮੁਨੀਸ਼ ਤਿਵਾੜੀ ਐਮ.ਪੀ ਦੇ ਕਹਿਣ ਤੇ ਬਣਾਏ ਗਏ ਲਗਦੇ ਹਨ। ਸ੍ਰੀਮਤੀ ਅੰਬਕਿਾ ਸੋਨੀ ਜੋ ਕਿ ਕੇਂਦਰ ਵਿਚ ਸ੍ਰੀਮਤੀ ਸੋਨੀਆ ਗਾਂਧੀ ਦੇ ਕਾਫੀ ਨਜਦੀਕ ਹੈ ਉਹਨਾਂ ਦੇ ਵਿਸ਼ਵਾਸ਼ ਪਾਤਰਾਂ ਨੂੰ ਵੀ ਮਹੱਤਵਪੂਰਨ ਸਥਾਨ ਦਿਤੇ ਗਏ ਹਨ। ਹੁਸ਼ਿਆਰਪੁਰ ਦਾ ਪ੍ਰਧਾਨ ਸ੍ਰੀ ਅਰੋੜਾ, ਸ੍ਰੀਮਤੀ ਅੰਬਿਕਾ ਸੋਨੀ ਦਾ ਵਿਸ਼ਵਾਸ਼ਪਾਤਰ ਹੈ। ਇਸੇ ਤਰ੍ਹਾਂ ਸਵਰਗਵਾਸੀ ਸ੍ਰੀਮਤੀ ਸੁਖਵੰਸ ਕੌਰ ਭਿੰਡਰ ਦਾ ਪਤੀ ਸ੍ਰੀ ਪ੍ਰੀਤਮ ਸਿੰਘ ਭਿੰਡਰ ਨੂੰ ਵੀ ਐਡਜਸਟ ਕੀਤਾ ਗਿਆ ਹੈ। ਸ੍ਰੀ ਬਲਰਾਮ ਜਾਖੜ ਦਾ ਲੜਕਾ ਸੁਨੀਲ ਜਾਖੜ ਅਤੇ ਰਘੂਨੰਦਨ ਲਾਲ ਭਾਟੀਆ ਦਾ ਨਜਦੀਕੀ ਰਿਸ਼ਤੇਦਾਰ ਨੂੰ ਵੀ ਪੀ.ਪੀ.ਸੀ.ਸੀ ਵਿਚ ਲਿਆ ਗਿਆ ਹੈ। ਮਾਸਟਰ ਗੁਰਬੰਤਾ ਸਿੰਘ ਦੇ ਦੋਵੇ ਸਪੁੱਤਰਾਂ ਸ੍ਰੀ ਜਗਜੀਤ ਸਿੰਘ ਤੇ ਸੰਤੋਖ ਸਿੰਘ ਨੂੰ ਵੀ ਮਹੱਤਵਪੂਰਣ ਅਹੁਦੇ ਦਿਤੇ ਗਏ ਹਨ। ਜੇ ਸਹੀ ਲਫਜਾਂ ਵਿਚ ਕਿਹਾ ਜਾਵੇ ਤਾਂ ਇੱਕਾ ਦੁਕਾ ਊਣਤਾਈਆਂ ਨੂੰ ਛਡਕੇ ਇਸ ਸੂਚੀ ਵਿਚ ਸਾਰੇ ਗਰੁਪਾਂ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸਲ ਵਿਚ ਜਦੋਂ ਪਾਰਟੀ ਦਾ ਭਵਿਖ ਸੁਨਹਿਰਾ ਦਿਖਾਈ ਦਿੰਦਾ ਹੈ ਤਾਂ ਸਾਰੇ ਹੀ ਵਿਸ਼ਵਾਸ਼ ਪਾਤਰ ਮਹੱਤਵਪੂਰਣ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਸਰਗਰਮ ਹੋ ਜਾਂਦੇ ਹਨ। ਸਮੱਰਥਕ ਜਿਆਦਾ ਹੁੰਦੇ ਹਨ, ਅਹੁਦੇ ਘਟ, ਇਸ ਲਈ ਮਾੜਾ ਮੋਟਾ ਮਨ ਮੋਟਾਵ ਹੋ ਹੀ ਜਾਂਦਾ ਹੈ। ਸ੍ਰੀ ਜਗਮੀਤ ਸਿੰਘ ਬਰਾੜ ਦੇ ਤਿੰਨ ਸਮਰਥਕ ਵੀ ਕਾਰਜਕਾਰਨੀ ਦੇ ਮੈਂਬਰ ਬਣਾ ਲਏ ਗਏ ਹਨ ਜਿਨਾ ਵਿਚ ਇਕ ਉਸਦਾ ਭਰਾ ਵੀ ਸ਼ਾਮਲ ਹੈ। ਕਾਰਜਕਾਰਨੀ ਵਿਚ 33 ਵਿਅਕਤੀ ਸ਼ਾਮਲ ਕੀਤੇ ਗਏ ਹਨ, ਜਿਹਨਾਂ ਵਿਚ ਸਾਰੇ ਵਰਗਾਂ ਦੇ ਪ੍ਰਤੀਨਿਧ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਤੋਂ ਇਲਾਵਾ 17 ਸਥਾਈ ਆਮਾਂਤ੍ਰਿਤ ਮੈਂਬਰ ਹਨ। ਚੋਣਾਂ ਨੂੰ ਮੱਦੇ ਨਜਰ ਰਖਕੇ ਇਕ ਚੋਣ ਮਨੋਰਥ ਪਤਰ ਤਿਆਰ ਕਰਨ ਲਈ ਕਮੇਟੀ ਵੀ ਬਣਾ ਦਿਤੀ ਗਈ ਹੈ ਤਾਂ ਜੋ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਸਕੇ। ਇਸ ਕਮੇਟੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਵਿਧਾਨਕਾਰ ਪਾਰਟੀ ਦਾ ਨੇਤਾ ਆਪਣੇ ਅਹੁਦਿਆ ਕਰਕੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਸ੍ਰੀ ਮੁਨੀਸ਼ ਤਿਵਾੜੀ ਐਮ.ਪੀ, ਸ੍ਰੀ ਅਸ਼ਵਨੀ ਕੁਮਾਰ ਕੇਂਦਰੀ ਮੰਤਰੀ, ਸ੍ਰੀ ਲਾਲ ਸਿੰਘ, ਸ੍ਰੀ ਅਰਵਿੰਦ ਖੰਨਾ ਅਤੇ ਸ੍ਰੀ ਰਾਣਾ ਕੇ.ਪੀ ਸਿੰਘ ਸ਼ਾਮਲ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੰਮ ਕਾਰ ਵਿਚ ਤਾਲਮੇਲ ਰੱਖਣ ਲਈ ਇਕ 9 ਮੈਂਬਰੀ ਕੇਂਦਰੀ ਤਾਲਮੇਲ ਕਮੇਟੀ ਬਣਾਈ ਗਈ ਹੈ। ਜਿਸ ਵਿਚ ਸ੍ਰੀ ਗੁਲਚੈਨ ਸਿੰਘ ਚੜ੍ਹਤ, ਕੈ.ਅਮਿਰੰਦਰ ਸਿੰਘ, ਸ੍ਰੀਮਤੀ ਰਾਜਿੰਦਰ ਕੌਰ ਭੱਠਲ, ਸ੍ਰੀਮਤੀ ਅੰਬਿਕਾ ਸੋਨੀ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਜਗਮੀਤ ਸਿੰਘ ਬਰਾੜ, ਸ੍ਰੀ ਮਹਿੰਦਰ ਸਿੰਘ ਕੇ.ਪੀ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਪ੍ਰਵੀਨ ਰਾਸ਼ਟਰਪਾਲ ਸ਼ਾਮਲ ਹਨ। ਪਾਰਟੀ ਦੇ ਕੁਝ ਲੀਡਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਵਿਚ ਮਹੱਤਵਪੂਰਣ ਅਹੁਦੇ ਨਾ ਮਿਲਣ ਕਰਕੇ ਕਿੰਤੂ ਪ੍ਰੰਤੂ ਕਰ ਰਹੇ ਹਨ। ਅਸਲ ਵਿਚ ਇਹ ਹਮੇਸ਼ਾਂ ਹੀ ਵੇਖਣ ਵਿਚ ਆਇਆ ਹੈ ਕਿ ਭਾਂਵੇ ਕੋਈ ਵੀ ਸਿਆਸੀ ਪਾਰਟੀ ਹੋਵੇ ਉਸਦੇ ਲੀਡਰ ਜਿਹੜੇ ਇਕ ਵਾਰ ਕੇਂਦਰ ਵਿਚ ਜਾਂ ਰਾਜਾ ਵਿਚ ਮਹੱਤਵਪੂਰਣ ਅਹੁਦਾ ਜਾਂ ਮੰਤਰੀ ਪਦ ਪ੍ਰਾਪਤ ਕਰਨ ਲੈਣ ਤਾਂ ਉਹ ਇਹ ਸਮਝਣ ਲੱਗ ਜਾਂਦੇ ਹਨ ਕਿ ਉਹਨਾਂ ਦਾ ਜੱਦੀ ਪੁਸ਼ਤੀ ਹੱਕ ਬਣ ਗਿਆ ਹੈ। ਇਸ ਤਰ੍ਹਾਂ ਸਮਝਣਾ ਪ੍ਰਜਾਤੰਤਰ ਦੀ ਪ੍ਰੰਮਪਰਾ ਦੇ ਵਿਰੁਧ ਹੈ। ਪ੍ਰਜਾਤੰਤਰ ਵਿਚ ਹਰ ਕਾਬਲ ਵਿਅਕਤੀ ਨੂੰ ਆਪਣੀ ਕਾਬਲੀਅਤ ਦਾ ਮੌਕਾ ਮਿਲਣ ਤੇ ਹੀ ਦਿਖਾਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਜੇਕਰ ਸਾਰੀਆਂ ਪਾਰਟੀਆਂ ਵਿਚ ਉਹੀ ਨਿਸ਼ਚਿਤ ਲੀਡਰਾਂ ਨੇ ਹੀ ਅੱਗੇ ਆਉਣਾ ਹੈ ਤੇ ਬਾਕੀਆਂ ਨੂੰ ਮੌਕਾ ਨਹੀ ਦੇਣਾ ਤੇ ਸੈਕਿੰਡ ਰੈਕ ਲੀਡਰਸ਼ਿਪ ਪੈਦਾ ਹੀ ਨਹੀ ਹੋਣ ਦੇਣੀ ਤਾਂ ਪਾਰਟੀਆਂ ਵਿਚ ਖੜੋਤ ਆ ਜਾਵੇਗੀ। ਅਸਲ ਵਿਚ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਨਾਲ ਦੀ ਨਾਲ ਇਹ ਵੀ ਵੇਖਣਾ ਚਾਹੀਦਾ ਹੈ ਜੇਕਰ ਸਿਆਸੀ ਪਾਰਟੀਆਂ ਵਿਚ ਸਾਰੇ ਲੀਡਰ ਹੀ ਅਹੁਦੇ ਪ੍ਰਾਪਤ ਕਰ ਲੈਣਗੇ ਤਾਂ ਵਰਕਰ ਕਿਹੜੇ ਰਹਿਣਗੇ, ਜਿਹੜੇ ਹਰ ਦੁਖ ਸੁਖ ਦੀ ਘੜੀ ਵਿਚ ਪਾਰਟੀ ਦਾ ਸਾਥ ਦਿੰਦੇ ਹਨ ਤੇ ਵਰਕਰ ਹੀ ਅਸਲ ਵਿਚ ਕਿਸੇ ਪਾਰਟੀ ਦਾ ਧੁਰਾ ਹੁੰਦੇ ਹਨ।
ਸਾਰੀ ਗੱਲ ਬਾਤ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਿਆਸੀ ਪਾਰਟੀਆਂ ਵਿਚ ਸਿਆਸੀ ਲੀਡਰਾਂ ਨੂੰ ਅਹੁਦਿਆਂ ਦੇ ਮਗਰ ਨਹੀ, ਸਗੋ ਲੋਕ ਸੇਵਾ ਮੁਖ ਮੁਦਾ ਰੱਖਣਾ ਚਾਹੀਦਾ ਹੈ। ਜੇਕਰ ਅਸੀ ਪਾਰਟੀਆਂ ਦੇ ਮੁੱਖ ਮਨੋਰਥ ਤੋਂ ਹੀ ਪਿਛੇ ਹੱਟ ਗਏ ਤਾਂ ਹਮੇਸ਼ਾਂ ਹੀ ਸਰਕਾਰ ਬਣਾਉਨ ਤੋਂ ਦੂਰ ਹੋ ਜਾਵਾਗੇ। ਅਖੀਰ ਵਿਚ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਂਵੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਸਾਰੇ ਧੜਿਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਇਹਨਾਂ ਵਿਚੋਂ ਬਹੁਤੇ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਵਿਚੋਂ ਹਨ। ਜਿਹੜੇ ਕੁਝ ਮਹਤਵਪੂਰਣ ਵਿਅਕਤੀ ਇਸ ਸੂਚੀ ਵਿਚ ਸਾਮਲ ਨਹੀ ਕੀਤਾ ਜਾ ਸਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਪਸ਼ਟ ਕੀਤਾ ਹੈ ਕਿ ਕੇਦਰੀ ਲੀਡਰਸ਼ਿਪ ਦੀ ਪ੍ਰਵਾਨਗੀ ਨਾਲ ਉਹਨਾਂ ਨੂੰ ਵੀ ਯੋਗਤਾ ਅਨੁਸਾਰ ਪ੍ਰਤੀਨਿਧਤਾ ਦਿਤੀ ਜਾਵੇਗੀ। ਸ੍ਰੀ ਬੇਅੰਤ ਸਿੰਘ ਦਾ ਪਰਿਵਾਰ ਸ਼ਪਸ਼ਟ ਕਰ ਚੁਕਿਆ ਹੈ ਕਿ ਉਹ ਕੇਂਦਰੀ ਲੀਡਰਸ਼ਿਪ ਵਿਚ ਪੂਰਨ ਵਿਸ਼ਵਾਸ਼ ਰੱਖਦੇ ਹਨ ਤੇ ਉਹ ਉਹਨਾਂ ਦੇ ਹਰ ਫੈਸਲੇ ਤੇ ਫੁਲ ਚੜਾੳਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਹੈ ਅਹੁਦੇ ਤੇ ਪਦਵੀ ਉਹਨਾਂ ਦੀ ਕੁਰਬਾਨੀ ਦੇ ਬਰਾਬਰ ਨਹੀ ਤੇ ਉਹਨਾਂ ਦਾ ਨਾਂ ਖਾਮਖਾਹ ਚਰਚਾ ਵਿਚ ਸਾਮਲ ਨਾ ਕੀਤਾ ਜਾਵੇ। ਇਥੇ ਇਹ ਦਸਣਾ ਵੀ ਜਰੂਰੀ ਹੈ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਰਾਹ ਵੇਖ ਰਹੇ ਹਨ। ਇਸ ਲਈ ਪ੍ਰਦੇਸ਼ ਕਾਂਗਰਸ ਦੇ ਸੰਗਠਨ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਫਰੀ ਹੈਂਡ ਦੇਣਾ ਬਣਦਾ ਸੀ। ਹੁਣ ਪ੍ਰਦੇਸ਼ ਕਾਂਗਰਸ ਦੇ ਸਾਰੇ ਗਰੁਪਾਂ ਨੂੰ ਛੋਟੋ ਮੋਟੋ ਗੁਸੇ ਗਿਲੇ ਦੂਰ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਖ ਰਖਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਵਿਚ ਚੰਗਾ ਪ੍ਰਭਾਵ ਪਾਇਆ ਜਾ ਸਕੇ ਤੇ ਵਰਕਰਾਂ ਵਿਚ ਉਤਸ਼ਾਹ ਪੈਦਾ ਹੋ ਸਕੇ।