ਨਸ਼ਿਆਂ ਦੇ ਖਿਲਾਫ ਪੰਜਾਬੀ ਪੁੱਤਰ ਬਲਵਿੰਦਰ ਸਿੰਘ ਕਾਹਲੋਂ ਦੀ ਕੈਨੇਡਾ ਵਿੱਚ ਮਹਾਂ ਯਾਤਰਾ


ਚੜ੍ਹਦੀ ਜਵਾਨੀ ਵੇਲੇ ਮਿਲਿਆ ਭੰਗੜੇ ਦਾ ਅਲਬੇਲਾ ਕਲਾਕਾਰ ਅਤੇ ਸਰੂ ਕੱਦ ਵਾਲਾ ਬਲਵਿੰਦਰ ਕਾਹਲੋਂ ਅੱਜ ਕੈਨੇਡਾ ਵਿੱਚ ਨਸ਼ਿਆਂ ਦੇ ਖਿਲਾਫ ਮਹਾਂ ਸੰਗਰਾਮ ਛੇੜੇਗਾ ਅਤੇ ਨਸ਼ਿਆਂ ਦੇ ਖਾਤਮੇ ਲਈ ਕੈਨੇਡਾ ਵਿੱਚ ਮਹਾਂ ਯਾਤਰਾ ਆਰੰਭੇਗਾ, ਇਸ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਚਿਤਵਿਆ। 1971 ਵਿੱਚ ਮੈਂ ਲੁਧਿਆਣੇ ਪੜ੍ਹਨ ਲਈ ਆਏ ਤਾਂ ਬਲਵਿੰਦਰ ਦੀਆਂ ਧੁੰਮਾਂ ਇਕ ਲੜਾਕੇ ਗੱਭਰੂ ਦੇ ਤੌਰ ਤੇ ਪੂਰੇ ਸ਼ਹਿਰ ਵਿੱਚ ਮਸ਼ਹੂਰ ਸਨ। ਹੱਕ, ਸੱਚ ਇਨਸਾਫ ਦੀ ਲੜਾਈ ਵਿੱਚ ਮੋਹਰੀ ਮੁੰਡਾ । ਆਪਣੇ ਮਿੱਤਰਾਂ ਨੱਥਾ ਸਿੰਘ ਬੋਪਾਰਾਏ, ਗੁਰਜੀਤ, ਦਰਸ਼ਨ ਵਿਰਕ, ਸ਼ਮਸ਼ੇਰ ਸਿੰਘ ਸੰਧੂ ਅਤੇ ਹੋਰ ਅਨੇਕ ਸਾਥੀਆਂ ਦੇ ਕਾਫਲੇ ਨਾਲ ਵਿਚਰਦਾ ਉਹ ਭੰਗੜਾ ਕਲਾਕਾਰ ਦੇ ਤੌਰ ਤੇ ਵਿਚੇ ਵਿਚ 26 ਜਨਵਰੀ ਪਰੇਡ ਤੇ ਵੀ ਆਪਣੀ ਹਾਜ਼ਰੀ ਭਰ ਆਉਂਦਾ। ਆਪਣੇ ਮਾਮੇ ਹਰਭਜਨ ਜੁਗਨੀ ਵਾਂਗ ਪੂਰੇ ਪੰਜਾਬ ਵਿੱਚ ਉਸ ਦੇ ਭੰਗੜੇ ਦੀ ਨਿਵੇਕਲੀ ਪਛਾਣ ਸੀ। ਉਸ ਦੇ ਸਾਥੀਆਂ ਵਿਚੋਂ ਹਰਜੀਤ ਸਿੰਘ ਬੇਦੀ, ਗਿੱਲ ਸੁਰਜੀਤ, ਫਰੀਦਕੋਟ ਵਾਲਾ ਬਿੰਦੀ, ਜਸਵੀਰ ਅਤੇ ਅਨੇਕਾਂ ਹੋਰ ਚਿਹਰੇ ਅੱਖਾਂ ਅੱਗੇ ਅੱਜ ਵੀ ਆ ਜਾਂਦੇ ਹਨ। ਜੀ ਜੀ ਐਨ ਖਾਲਸਾ ਕਾਲਜ ਛੱਡ ਕੇ ਉਹ ਰਾਮਗੜ੍ਹੀਆ ਕਾਲਜ ਫਗਵਾੜੇ ਪੜ੍ਹਨ ਜਾ ਲੱਗਾ। ਇਥੇ ਫਿਰ ਉਹੀ ਮਾਹੌਲ, ਵਿਦਿਆਰਥੀ ਹੱਕਾਂ ਲਈ ਅੜ ਖਲੋਂਦਾ, ਇਥੋਂ ਬੀ ਏ ਕਰਕੇ ਉਹ ਡੀ ਏ ਵੀ ਕਾਲਜ ਦੇਹਰਾਦੂਨ ਵਿੱਚ ਲਾਅ ਕਰਨ ਲੱਗ ਪਿਆ। ਪੰਜਾਬੀ ਦਸਤਾਰ ਦੀ ਬੇਹੁਰਮਤੀ ਨਾ ਸਹਾਰਦਾ ਹੋਇਆ ਉਹ ਪੂਰੇ ਦੇਹਰਾਦੂਨ ਵਿੱਚ ਸਿੱਖਾਂ ਦਾ ਪ੍ਰਤੀਨਿਧ ਗਿਣਿਆ ਜਾਣ ਲੱਗਾ। ਲਾਅ ਕਰਕੇ ਲੁਧਿਆਣੇ ਪਰਤਿਆ ਤਾਂ ਉੱਘੇ ਵਕੀਲ ਸ: ਮੇਵਾ ਸਿੰਘ ਗਿੱਲ ਦਾ ਸਹਿਯੋਗੀ ਬਣ ਗਿਆ। ਵੱਖ ਵੱਖ ਕਾਲਜਾਂ ਦੇ ਗੱਭਰੂਆਂ ਨੂੰ ਭੰਗੜਾ ਸਿਖਾਉਂਦਾ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਉਹ ਭੰਗੜੇ ਦੇ ਕੋਚ ਵਜੋਂ ਸ਼ਾਮਿਲ ਸੀ। ਉਹ ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੰਡਿਆਂ ਨੂੰ ਭੰਗੜਾ ਸਿਖਾਉਂਦਾ ਕਦੇ ਆਰੀਆ ਕਾਲਜ ਲੁਧਿਆਣਾ ਅਤੇ ਕਦੇ ਖਾਲਸਾ ਕਾਲਜ ਵਿੱਚ। ਅਚਾਨਕ ਇਕ ਦਿਨ ਕੈਨੇਡਾ ਤੁਰ ਗਿਆ। ਫਿਰ ¦ਬੀ ਚੁੱਭੀ। ਕੋਈ ਅਤਾ ਪਤਾ ਨਹੀਂ, ਖਤ ਨਹੀਂ, ਪੱਤਰ ਨਹੀਂ, ਟੈਲੀਫੂਨ ਨਹੀਂ। ਮਿੱਤਰਾਂ ਦੀ ਦਾਸਤਾਨ ਵਿੱਚ ਉਹ ਅਕਸਰ ਹਾਜ਼ਰ ਹੁੰਦਾ ਪਰ ਸੰਪਰਕ ਕਿਸੇ ਨਾਲ ਨਹੀਂ।
2006 ਵਿੱਚ ਜਦ ਮੈਂ ਦੂਸਰੀ ਕੈਨੇਡਾ ਫੇਰੀ ਵੇਲੇ ਕੈਲਗਰੀ ਪਹੁੰਚਿਆ ਤਾਂ ਇਥੋਂ ਦੇ ਇਕ ਰੇਡੀਓ ਸਟੇਸ਼ਨ ਤੋਂ ਪਤਾ ਲੱਗਾ ਕਿ ਬਲਵਿੰਦਰ ਪਿਛਲੇ ਦਿਨੀਂ ਪਾਰਲੀਮੈਂਟ ਦੀ ਚੋਣ ਕੁਝ ਵੋਟਾਂ ਤੇ ਹੀ ਹਾਰਿਆ ਹੈ। ਮੇਰੀ ਉਤਸੁਕਤਾ ਹੋਰ ਵਧੀ। ਬਲਵਿੰਦਰ ਤਾਂ ਮੇਰਾ ਸੱਜਣ ਵੀ ਹੈ ਅਤੇ ਰਿਸ਼ਤੇਦਾਰ ਵੀ। ਉਸ ਨੂੰ ਮਿਲਣਾ ਮੈਨੂੰ ਹਮੇਸ਼ਾਂ ਚੰਗਾ ਚੰਗਾ ਲੱਗਦਾ ਹੈ। ਕੈਲਗਰੀ ਵਿੱਚ ਮੁਲਾਕਾਤ ਹੋਈ ਤਾਂ ਉਹ ਤਬਦੀਲ ਹੋਇਆ ਬਲਵਿੰਦਰ ਸੀ। ਕਲੀਨ ਸ਼ੇਵਨ ਬਲਵਿੰਦਰ। ਸੋਹਣੀ ਦਸਤਾਰ ਵਾਲਾ ਬਲਵਿੰਦਰ ਕਿਥੇ ਗਿਆ, ਮੇਰਾ ਸੁਆਲ ਸੀ? ਆਪੇ ਪਰਤ ਆਵੇਗਾ, ਉਸ ਦਾ ਜਵਾਬ ਸੀ। ਉਦੋਂ ਉਹ ਆਪਣੇ ਸਾਥੀਆਂ ਸੁਰਿੰਦਰ ਦਿਆਲ, ਤਰਸੇਮ ਪਰਮਾਰ ਅਤੇ ਗੁਰਿੰਦਰ ਹੀਰ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਚੇਤਨਾ ਲਹਿਰ ਅਧੀਨ ਸੁਰ ਸੰਗਮ ਰੇਡੀਓ ਤੋਂ ਹਰ  ਹਫ਼ਤੇ ਦੋ ਘੰਟੇ ਪ੍ਰੋਗਰਾਮ ਬਰਾਡ ਕਾਸਟ ਕਰਦਾ ਸੀ। ਉਨ੍ਹਾਂ ਦੀ ਇਸ ਹਿੰਮਤ ਨੇ ਕਈ ਭਾਈਚਾਰਿਆਂ ਦੇ ਨਸ਼ਾ ਵਣਜਾਰੇ ਇਨ੍ਹਾਂ ਦੇ ਦੁਸ਼ਮਣ ਬਣਾ ਦਿੱਤੇ ਸਨ। ਪਰ ਬਲਵਿੰਦਰ ਅਤੇ ਸਾਥੀਆਂ ਦੀ ਸਾਂਝੀ ਸ਼ਕਤੀ ਕਿਸੇ ਅੱਗੇ ਨਾ ਝੁਕੀ। ਇਕ ਸਾਲ ਚਾਰ ਮਹੀਨੇ ਉਨ੍ਹਾਂ ਨੇ ਇਸ ਰੇਡੀਓ ਤੋਂ ਸਿਲਸਿਲੇਵਾਰ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ। ਬਾਅਦ ਵਿੱਚ ਕੈਲਗਰੀ ਦੇ ਹੀ ਰੇਡੀਓ ਐਫ ਐਮ 94.7 ਤੋਂ ਹਰ ਐਤਵਾਰ ਇਹ ਪ੍ਰਸਾਰਨ ਜਾਰੀ ਰੱਖਿਆ। ਮੈਂ 2008 ਵਿੱਚ ਜਦ ਫਿਰ ਕੈਲਗਰੀ ਗਿਆ ਤਾਂ ਮੈਨੂੰ ਵੀ ਇਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਪਹਿਲੀ ਵਾਰ ਵੀ ਇਨ੍ਹਾਂ ਨੇ ਮੈਨੂੰ ਆਪਣੀ ਪੰਜਾਲੀ ਵਿੱਚ ਜੋੜ ਲਿਆ ਸੀ।

ਹੁਣ ਬਲਵਿੰਦਰ ਵੱਡੇ ਸੁਪਨੇ ਲਈ ਵੱਡੇ ਅੰਬਰ ਦੀ ਭਾਲ ਵਿੱਚ ਸੀ। ਮੈਨੂੰ ਮੇਰੇ ਮਿੱਤਰਾਂ ਵਿੱਚੋਂ ਗੁਰਿੰਦਰ ਹੀਰ, ਰਣਜੀਤ ਸਿੱਧੂ ਅਤੇ ਤਰਸੇਮ ਪਰਮਾਰ ਨੇ ਇਕ ਪਾਸੇ ਹੋ ਕੇ ਆਖਿਆ ਕਿ ਕਾਹਲੋਂ ਸਾਹਿਬ ਨੂੰ ਸਮਝਾਓ, ਇਨ੍ਹਾਂ ਦੀ ਸਿਹਤ ਠੀਕ ਨਹੀਂ, ਦਿਲ ਦਾ ਮਾਮਲਾ ਵਿਗੜਿਆ ਹੋਇਆ ਹੈ ਪਰ ਇਹ ਨਸ਼ਿਆਂ ਖਿਲਾਫ ਪੂਰੇ ਕੈਨੇਡਾ ਵਿੱਚ ਮਹਾਂ ਯਾਤਰਾ ਦੀ ਯੋਜਨਾਕਾਰੀ ਕਰ ਰਹੇ ਹਨ। ਪਰ ਦੂਸਰੇ ਪਾਸੇ ਬਲਵਿੰਦਰ ਨੂੰ ਜਦ ਮੈਂ ਇਸ ਸੰਬੰਧੀ ਠਕੋਰਿਆ ਤਾਂ ਉਹ ਪੂਰੇ ਉਤਸ਼ਾਹ ਨਾਲ ਬੋਲਿਆ, ਜੇ ਕੋਈ ਵੀ ਨਾ ਤੁਰਿਆ ਤਾਂ ਮੈਂ ਕੱਲਾ ਤੁਰਾਂਗਾ। ਮੇਰੀ ਜੀਵਨ ਸਾਥਣ ਮਨਧੀਰ ਅਤੇ ਮੇਰੇ ਬੱਚੇ ਮੇਰੇ ਨਾਲ ਤੁਰਨਗੇ। ਮਨਧੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਵੇਲੇ ਐਮ ਐਸ ਸੀ ਕਰਦੀ ਹੁੰਦੀ ਸੀ। ਮੇਰੇ ਵਿਦਿਆਰਥੀਆਂ ਵਰਗੀ ਨਿੱਕੀ ਭੈਣ। ਸਰੀਰੋਂ ਤੰਦਰੁਸਤ ਨਾ ਹੋਣ ਦੇ ਬਾਵਜੂਦ ਵੀ ਉਹ ਬਲਵਿੰਦਰ ਨਾਲ ਤੁਰਨ ਨੂੰ ਤਿਆਰ ਸੀ।

ਅਚਾਨਕ ਪਿਛਲੇ ਦਿਨੀਂ ਟੈਲੀਫੂਨ ਦੀ ਘੰਟੀ ਵੱਜੀ । ਬਲਵਿੰਦਰ ਬੋਲਿਆ, ਮੈਂ ਪਹਿਲੀ ਅਪ੍ਰੈਲ ਨੂੰ ਸੇਂਟਜੌਹਨ ਤੋਂ ਤੁਰ ਪਿਆ ਸਾਂ।  ਨਸ਼ਿਆਂ ਦੇ ਖਿਲਾਫ ਮਹਾਂ ਯਾਤਰਾ ਤੇ। ਹੁਣ 2500 ਮੀਲ ਤੁਰ ਚੁੱਕਾ ਹਾਂ, ਤੁਰਨ ਵੇਲੇ ਮੇਰੇ ਨਾਲ ਮੇਰੇ ਮਿੱਤਰ ਅਵਤਾਰ, ਸੁਖਦਰਸ਼ਨ ਤੇ ਮਨਧੀਰ ਕੌਰ ਤੋਂ ਇਲਾਵਾ ਇਕ ਗੋਰੀ ਬੀਬੀ ਸੈਂਡਰਾਂ ਮੌਰਿਸ ਵੀ ਸੀ। ਕੁਝ ਤੁਰ ਕੇ ਅੱਗੋਂ ਨਵੇਂ ਸਾਥੀ ਮਿਲ ਪਏ। ਲਗਾਤਰ ਤੁਰ ਰਿਹਾ ਹਾਂ ਅਤੇ ਇਸ ਵੇਲੇ ਮੇਰੇ ਨਾਲ ਮਾਝੇ ਦੇ ਪਿੰਡ ਸਠਿਆਲਾ ਲਾਗਲੇ ਪਿੰਡ ਸੇਰੋਂ ਬਾਘਾ ਦਾ ਰਤਨਪ੍ਰੀਤ ਸਿੰਘ ਤੁਰ ਰਿਹਾ ਹੈ। ਇਹ ਪੀ ਪੀ ਐਸ ਨਾਭਾ ਦਾ ਪੜਿਆ ਹੋਇਆ ਨੌਜਵਾਨ ਹੈ ਜੋ ਅੱਜਕਲ੍ਹ ਟੋਰਾਂਟੋ ਰਹਿੰਦਾ ਹੈ। ਰਤਨਪ੍ਰੀਤ ਨੇ ਦੱਸਿਆ ਕਿ ਉਹ ਅਖ਼ਬਾਰ ਪੜ੍ਹ ਕੇ ਕਾਫਲੇ ਵਿੱਚ ਰਲਿਆ ਹੈ।

ਬਲਵਿੰਦਰ ਆਖਦਾ ਹੈ ਕਿ ਪੈਦਲ ਤੁਰ ਕੇ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੀਕ ਪਹੁੰਚਦਿਆਂ ਉਸ ਨੂੰ ਘੱਟੋ ਘੱਟ 9 ਮਹੀਨੇ ਲੱਗਣਗੇ। ਨਵੰਬਰ ਦੇ ਅੱਧ ਵਿੱਚ ਉਹ ਬ੍ਰਿਟਿਸ਼ ਕੋ¦ਬੀਆ ਦੀ ਰਾਜਧਾਨੀ ਬਿਕਟੋਰੀਆ ਪਹੁੰਚ ਕੇ ਆਪਣੀ ਯਾਤਰਾ ਖਤਮ ਕਰੇਗਾ। ਹੁਣ ਤੀਕ ਉਹ ਨੋਵਾਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਨਸਵਿਕ, ਕਿਊਬੈਕ ਦੀ ਰਾਜਧਾਨੀ ਮੌਟਰੀਅਲ, ਔਟਵਾ ਤੋਂ ਬਾਅਦ ਟੋਰਾਂਟੋ ਪਹੁੰਚ ਚੁੱਕਾ ਹੈ । ਅੱਗੋਂ ਮੈਨੀਟੋਬਾ, ਵਿਨੀਪੈਗ, ਸਸਕੈਚਵਨ, ਰੇਜ਼ੀਨਾ, ਕੈਲਗਰੀ, ਐਲਵਰਟਾ ਦੇ ਸ਼ਹਿਰਾਂ ਤੋਂ ਘੁੰਮਦਾ ਹੋਇਆ ਉਹ ਬ੍ਰਿਟਿਸ਼ ਕੋ¦ਬੀਆ ਪਹੁੰਚੇਗਾ। ਉਸ ਕੋਲ ਨਸ਼ਿਆਂ ਦੇ ਖਿਲਾਫ ਸਾਹਿਤ ਹੈ ਜਿਸ ਨੂੰ ਉਹ ਨਾਲੋ ਨਾਲ ਵੰਡੀ ਜਾਂਦਾ ਹੈ। ਉਸ ਦੀ ਇਸ ਹਿੰਮਤ ਨੂੰ ਸਨਮਾਨਣ ਲਈ ਔਟਵਾ ਵਿਖੇ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਉਚੇਚਾ ਪਹੁੰਚ ਕੀਤੀ ਅਤੇ ਨਸ਼ਿਆਂ ਦੀ ਜਕੜ ਤੋਂ ਕੈਨੇਡਾ ਨੂੰ ਬਚਾਉਣ ਲਈ ਆਰੰਭੇ ਯਤਨ ਦੀ ਸ਼ਲਾਘਾ ਕੀਤੀ। ਬਲਵਿੰਦਰ ਵਿਸ਼ਵ ਵਿਚ ਵਸਦੇ ਪੰਜਾਬੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਮੇਰੇ ਦਸ਼ਮੇਸ਼ ਪਿਤਾ ਨੇ ਇਕ ਰਾਤ ਮੈਨੂੰ ਇਸ ਕਾਰਜ ਲਈ ਆਦੇਸ਼ ਦਿੱਤਾ ਕਿ ਇਸ ਕੋਹੜ ਤੋਂ ਮੁਕਤੀ ਲਈ ਤੂੰ ਕਿਉਂ ਨਹੀਂ ਜਾਗਦਾ। ਮਗਰੋਂ ਨਸ਼ਾਬੰਦੀ ਇਲਾਜ ਕੈਂਪ ਕਰਨ ਦੀ ਥਾਂ ਇਸ ਕੋਹੜ ਦੀ ਪੇਸ਼ਬੰਦੀ ਕਿਉਂ ਨਾ ਕੀਤੀ ਜਾਵੇ। ਵਿਸ਼ਵ ਵਿੱਚ ਨਸ਼ਿਆਂ ਦੇ ਖਿਲਾਫ ਹੋ ਰਹੀ ਇਹ ਪਹਿਲੀ ਮਹਾਂ ਯਾਤਰਾ ਹੈ ਜਿਸ ਨੂੰ ਗੁਰੂ ਦਾ ਅੰਮ੍ਰਿਤਧਾਰੀ ਸਿੰਘ ਬਲਵਿੰਦਰ ਸਿੰਘ ਕਾਹਲੋਂ ਨੇਪਰੇ ਚਾੜੇਗਾ।

ਬਲਵਿੰਦਰ ਨੂੰ ਮੈਂ ਪੁੱਛਿਆ ਕਿ ਉਹ ਤਾਂ ਕਲੀਨ ਸ਼ੇਵਨ ਸੀ। ਇਹ ਅੰਮ੍ਰਿਤ ਵਾਲੀ ਦਾਤ ਕਦੋਂ ਨਸੀਬ ਹੋਈ। ਉਸ ਦਾ ਜਵਾਬ ਸੀ ਗੁਰਦੁਆਰਾ ਪ੍ਰਬੰਧ ਵਿੱਚ ਆਏ ਵਿਕਾਰ ਤੇ ਵਿਗਾੜ ਬਾਰੇ ਜਦ ਵੀ ਕਦੇ ਬੋਲਦਾ ਤਾਂ ਘੜੰਮ ਚੌਧਰੀ ਆਖਦੇ ਸਰਦਾਰ ਜੀ ਤੁਹਾਨੂੰ ਧਰਮ ਦਾ ਕੀ ਪਤਾ, ਸਾਡੇ ਕੰਮ ਵਿੱਚ ਦਖਲ ਨਾ ਦਿਓ। ਜਦ ਆਪਸ ਵਿੱਚ ਫਸ ਜਾਂਦੇ ਤਾਂ ਉਹ ਪੰਚਾਇਤ ਵਿੱਚ ਮੇਰੇ ਵਰਗੇ  ਨੂੰ ਬੁਲਾ ਲੈਂਦੇ। ਬਹੁਤੇ ਮਸਲੇ ਨਜਿੱਠਣ ਵਿੱਚ ਮੇਰੇ ਵਰਗੇ ਹੀ ਕੰਮ ਆਉਂਦੇ । ਗੁਰੂ ਘਰ ਵਿੱਚ ਆਣ ਜਾਣ ਨਾਲ ਮੈਨੂੰ ਇਹ ਦਾਤ ਵੀ ਹਾਸਿਲ ਹੋ ਗਈ। ਹੁਣ ਮੈਂ ਤਬਦੀਲ ਹੋਇਆ ਬਲਵਿੰਦਰ ਹਾਂ। ਬਿਨਾਂ ਕਿਸੇ ਧਰਮ ਧੜੇ ਤੋਂ । ਹਰ ਮੁਸੀਬਤ ਨੂੰ ਹੱਸ ਕੇ ਸੁਆਗਤ ਕਰਨ ਵਾਲਾ ਨਿਰਭਉ ਨਿਰਵੈਰ। ਬਲਵਿੰਦਰ ਦੀ ਨਸ਼ਿਆਂ ਖਿਲਾਫ ਮਹਾਂ ਯਾਤਰਾ ਪੂਰੇ ਵਿਸ਼ਵ ਵਿੱਚ ਇਕ ਸਿੱਖ ਵੱਲੋਂ ਕੀਤਾ ਜਾ ਰਿਹਾ ਅਜਿਹਾ ਕਾਰਨਾਮਾ ਹੈ ਜਿਸ ਦੀ ਮਿਸਾਲ ਇਤਿਹਾਸ ਵਿੱਚ ਅੰਕਿਤ ਹੋਵੇਗੀ। ਇਸ ਨਾਲ ਸਿਰਫ ਪੰਜਾਬ ਨੂੰ ਹੀ, ਸਿੱਖੀ ਨੂੰ ਹੀ, ਇਨਸਾਨੀਅਤ ਨੂੰ ਵੀ ਮਾਣ ਹੋਵੇਗਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>